ਗੈਂਗਸਟਰਾਂ ਨੇ ਵਾਰਡਨ ਨਾਲ ਕੀਤੀ ਕੁੱਟ-ਮਾਰ ਤੇ ਵਰਦੀ ਪਾੜੀ

Sunday, Jun 24, 2018 - 05:47 AM (IST)

ਲੁਧਿਆਣਾ(ਸਿਆਲ)-ਸ਼ੁੱਕਰਵਾਰ ਸ਼ਾਮ ਸੈਂਟਰਲ ਜੇਲ 'ਚ ਕਿਸੇ ਗੱਲ ਨੂੰ ਲੈ ਕੇ ਅਚਾਨਕ ਆਪਸ ਵਿਚ ਉਲਝੇ ਦਵਿੰਦਰ ਬੰਬੀਹਾ ਗਰੁੱਪ ਤੇ ਬਾਬਾ ਕੁਲਪ੍ਰੀਤ ਗਰੁੱਪ ਦੇ ਗੈਂਗਸਟਰਾਂ ਨੇ ਬਾਅਦ 'ਚ ਇਕੱਠੇ ਹੋ ਕੇ ਬੀ-ਕਲਾਸ ਵਿਚ ਬੰਦ ਇਕ ਹਵਾਲਾਤੀ ਨੂੰ ਲੋਹੇ ਦੀਆਂ ਪਾਈਪਾਂ ਨਾਲ ਹੀ ਨਹੀਂ ਕੁੱਟਿਆ, ਬਲਕਿ ਵਿਚ ਬਚਾਅ ਕਰਨ ਆਏ ਇਕ ਵਾਰਡਨ ਨਾਲ ਦੁਰਵਿਵਹਾਰ ਕਰਦਿਆਂ ਉਸ ਦੀ ਵਰਦੀ ਤਕ ਪਾੜ ਦਿੱਤੀ। ਉਧਰ, ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਗੈਂਗਸਟਰ ਹਰਸਿਮਰਨਦੀਪ ਸਿੰਘ ਸੀਮਾ, ਸਿਮਰਜੀਤ ਸਿੰਘ ਬਬਲੂ, ਗੁਰਪ੍ਰੀਤ ਗੋਪੀ, ਅਰਵਿੰਦਰ ਸਿੰਘ, ਮਨਦੀਪ ਸਿੰਘ ਉਰਫ ਡਿੱਕੀ ਗਿੱਲ ਖਿਲਾਫ ਥਾਣਾ ਡਵੀਜ਼ਨ ਨੰ. 7 'ਚ ਧਾਰਾ 323, 148, 149, 353, 186 ਤਹਿਤ ਕੇਸ ਦਰਜ ਕੀਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਦੇ ਮੁਲਜ਼ਮ ਜਗਜੀਤ ਸਿੰਘ ਨਾਲ ਸ਼ੁੱਕਰਵਾਰ ਨੂੰ ਕੀਤੀ ਸੀ ਕੁੱਟ-ਮਾਰ
ਦੱਸ ਦੇਈਏ ਕਿ 22 ਜੂਨ ਸ਼ਾਮ 6 ਵਜੇ ਦੇ ਕਰੀਬ ਜੇਲ ਵਿਚ ਬੰਦ ਗੈਂਗਸਟਰ ਗਰੁੱਪ ਆਪਸ ਵਿਚ ਭਿੜ ਗਏ। ਲੜਦੇ-ਲੜਦੇ ਇਹ ਗੈਂਗਸਟਰ ਉਥੇ ਪਹੁੰਚ ਗਏ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਦੇ ਦੋਸ਼ ਵਿਚ ਹਵਾਲਾਤੀ ਜਗਜੀਤ ਸਿੰਘ ਬੰਦ ਸੀ। ਉਸ ਨੂੰ ਦੇਖ ਕੇ ਉਨ੍ਹਾਂ ਨੇ ਆਪਣਾ ਝਗੜਾ ਤਾਂ ਬੰਦ ਕਰ ਦਿੱਤਾ ਪਰ ਉਥੇ ਪਈ ਪਾਣੀ ਵਾਲੀ ਲੋਹੇ ਦੀ ਪਾਈਪ ਨਾਲ ਜਗਜੀਤ ਨੂੰ ਕੁੱਟ ਦਿੱਤਾ, ਜਿਸ ਦੀ ਖੱਬੀ ਲੱਤ ਦੀ ਹੱਡੀ ਟੁੱਟ ਗਈ ਤੇ ਸੱਜੇ ਹੱਥ 'ਤੇ ਸੱਟ ਲੱਗੀ। ਹਾਲਾਂਕਿ ਜੇਲ ਪ੍ਰਸ਼ਾਸਨ ਨੇ ਉਕਤ ਹਵਾਲਾਤੀ ਦਾ ਸਿਵਲ ਹਸਪਤਾਲ ਵਿਚ ਇਲਾਜ ਕਰਵਾ ਦਿੱਤਾ ਸੀ। ਇੰਨਾ ਹੀ ਨਹੀਂ ਹਵਾਲਾਤੀ ਦੀ ਕੁੱਟ-ਮਾਰ ਦੇ ਬਾਅਦ ਜੇਲ ਦੇ ਬਾਹਰ ਬੰਬੀਹਾ ਗਰੁੱਪ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਸਬਕ ਸਿਖਾਉਣ ਲਈ ਜੇਲ ਵਿਚ ਕੁਟਾਪਾ ਕੀਤਾ ਗਿਆ ਹੈ।
ਮੁੜ ਸਿਵਲ ਹਸਪਤਾਲ ਭੇਜਿਆ ਜਗਜੀਤ ਨੂੰ
ਜਾਣਕਾਰੀ ਅਨੁਸਾਰ ਕੁੱਟ-ਮਾਰ ਵਿਚ ਜ਼ਖਮੀ ਹੋਏ ਹਵਾਲਾਤੀ ਨੂੰ ਇਲਾਜ ਦੇ ਬਾਅਦ ਜੇਲ ਵਾਪਸ ਲਿਆਂਦਾ ਗਿਆ ਪਰ ਜਿਵੇਂ ਹੀ ਉਹ ਜੇਲ ਪਹੁੰਚਿਆ ਤਾਂ ਉੱਚੀ-ਉੱਚੀ ਆਵਾਜ਼ ਵਿਚ ਕੁਰਲਾਉਣ ਲੱਗ ਪਿਆ, ਇਸ 'ਤੇ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਤੁਰੰਤ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੂੰ ਫੋਨ ਕਰ ਕੇ ਹਵਾਲਾਤੀ ਦੀ ਹਾਲਤ ਦੱਸੀ, ਜਿਸ 'ਤੇ ਉਸ ਨੂੰ ਦੋਬਾਰਾ ਸਿਵਲ ਹਸਪਤਾਲ ਵਿਚ ਭਰਤੀ ਕਰ ਲਿਆ ਗਿਆ, ਜਿਥੇ ਉਹ ਸਖਤ ਸੁਰੱਖਿਆ ਦਰਮਿਆਨ ਇਲਾਜ ਅਧੀਨ ਹੈ, ਜਿਥੇ ਕਿਸੇ ਵੀ ਮੀਡੀਆ ਕਰਮਚਾਰੀ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ।
ਹੋਂਦ ਲਈ ਆਪਸ 'ਚ ਭਿੜੇ : ਸੁਪਰਡੈਂਟ 
ਉਧਰ, ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਆਪਣੀ ਹੋਂਦ ਕਾਇਮ ਕਰਨ ਲਈ ਗੈਂਗਸਟਰ ਗਰੁੱਪ ਆਪਸ ਵਿਚ ਭਿੜੇ ਹਨ ਪਰ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਕਿਸੇ ਵੀ ਗੈਂਗਸਟਰ ਨੂੰ ਜੇਲ ਦਾ ਮਾਹੌਲ ਖਰਾਬ ਕਰਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਦਾ ਝਗੜਾ ਰੋਕਣ ਲਈ ਵਾਰਡਨ ਪਰਗਟ ਸਿੰਘ ਅੱਗੇ ਆਇਆ ਤਾਂ ਇਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਹੀ ਨਹੀਂ ਕੀਤਾ, ਬਲਕਿ ਕੁੱਟ-ਮਾਰ ਕਰ ਕੇ ਵਰਦੀ ਤਕ ਪਾੜ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਗੈਂਗਸਟਰਾਂ ਨੂੰ ਹੁਣ ਜੇਲ ਮੈਨੂਅਲ ਅਨੁਸਾਰ ਜਿਥੇ ਸੈੱਲਾਂ ਵਿਚ ਸਖਤ ਨਿਗਰਾਨੀ ਵਿਚ ਬੰਦ ਕਰ ਦਿੱਤਾ ਗਿਆ ਹੈ, ਉਥੇ ਸੀ. ਸੀ. ਟੀ. ਵੀ. ਫੁਟੇਜ ਸਮੇਤ ਮਾਮਲਾ ਪੁਲਸ ਨੂੰ ਭੇਜ ਦਿੱਤਾ ਗਿਆ ਹੈ।
ਗੈਂਗਸਟਰਾਂ ਨੇ ਪਹਿਲਾਂ ਵੀ ਜ਼ਖਮੀ ਕੀਤਾ ਸੀ ਇਕ ਬੰਦੀ
ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੇਲ ਵਿਚ 16 ਜੂਨ ਨੂੰ ਗੈਂਗਸਟਰ ਵਿੰਨੀ ਗੁਜਰ, ਗਗਨਦੀਪ, ਗਾਂਧੀ, ਸੋਹਨ ਤੇ ਭਿੰਦਾ ਨੇ ਡੋਲੂ (ਡੱਬਾ) ਮਾਰ ਕੇ ਹਵਾਲਾਤੀ ਜਸਪ੍ਰੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ। ਗੈਂਗਸਟਰਾਂ ਨੂੰ ਸ਼ੱਕ ਸੀ ਕਿ ਜਸਪ੍ਰੀਤ ਨੇ ਜੇਲ ਪ੍ਰਸ਼ਾਸਨ ਨੂੰ ਉਨ੍ਹਾਂ ਵੱਲੋਂ ਮੋਬਾਇਲ ਵਰਤੋਂ ਕੀਤੇ ਜਾਣ ਦੀ ਸੂਚਨਾ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਵੀ ਪੁਲਸ ਨੂੰ ਭੇਜ ਦਿੱਤਾ ਗਿਆ ਸੀ।


Related News