ਮੋਬਾਈਲ ਵਿੰਗ ਨੇ ਮਹਾਨਗਰ ਦੇ ਸਥਾਨਕ ਮਾਤਾ ਰਾਣੀ ਚੌਕ ਸਥਿਤ ਗੁਪਤਾ ਮਿਊਜ਼ਿਕ ’ਤੇ ਕੀਤੀ ਛਾਪੇਮਾਰੀ

Thursday, Nov 07, 2024 - 04:54 AM (IST)

ਮੋਬਾਈਲ ਵਿੰਗ ਨੇ ਮਹਾਨਗਰ ਦੇ ਸਥਾਨਕ ਮਾਤਾ ਰਾਣੀ ਚੌਕ ਸਥਿਤ ਗੁਪਤਾ ਮਿਊਜ਼ਿਕ ’ਤੇ ਕੀਤੀ ਛਾਪੇਮਾਰੀ

ਲੁਧਿਆਣਾ (ਸੇਠੀ) - ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਮਹਾਨਗਰ ਦੇ ਸਥਾਨਕ ਮਾਤਾ ਰਾਣੀ ਚੌਕ ਸਥਿਤ ਗੁਪਤਾ ਮਿਊਜ਼ਿਕ ਕੈਫੇ ’ਤੇ ਜਲੰਧਰ ਦੀ ਟੀਮ ਨੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਅਧਿਕਾਰੀਆਂ ਦੇ ਆਉਂਦੇ ਹੀ ਬਾਜ਼ਾਰ ’ਚ ਹੱਲਾ ਮਚ ਗਿਆ, ਜਿਸ ਕਾਰਨ ਕਈ ਹੋਰ ਕਾਰੋਬਾਰੀ ਆਪਣੀਆਂ ਦੁਕਾਨਾਂ ਛੱਡ ਕੇ ਛਾਪੇਮਾਰੀ ਰੁਕਵਾਉਣ ਲਈ ਪੁੱਜ ਗਏ।

ਇਸੇ ਦੌਰਾਨ ਕਈ ਸ਼ਰਾਰਤੀ ਅਨਸਰਾਂ ਨੇ ਸਰਕਾਰੀ ਕਾਰਵਾਈ ’ਚ ਰੁਕਾਵਟ ਪਾਉਣ ਲਈ ਦੁਕਾਨ ਦਾ ਸ਼ਟਰ ਬੰਦ ਕਰ ਕੇ ਅਧਿਕਾਰੀਆਂ ’ਤੇ ਦਬਾਅ ਪਾਉਣ ਦਾ ਯਤਨ ਵੀ ਕੀਤਾ ਪਰ ਅਧਿਕਾਰੀਆਂ ਦੀ ਸੂਝ-ਬੂਝ ਅਤੇ ਚੰਗੇ ਰਵੱਈਏ ਕਾਰਨ ਅਧਿਕਾਰੀਆਂ ਨੇ ਮੌਕਾ ਸੰਭਾਲ ਲਿਆ ਅਤੇ ਆਪਣੀ ਕਾਰਵਾਈ ਜਾਰੀ ਰੱਖੀ। ਇਸ ਦੌਰਾਨ ਟੀਮਾਂ ਨੇ ਉਕਤ ਦੇ ਦਫਤਰ ਸਮੇਤ ਰਿਹਾਇਸ਼ ’ਤੇ ਜਾਂਚ ਕੀਤੀ।

ਇਹ ਕਾਰਵਾਈ ਡਾਇਰੈਕਟੋਰੇਟ ਐਨਫੋਰਸਮੈਂਟ ਪੰਜਾਬ ਜਸਕਰਨ ਸਿੰਘ ਬਰਾੜ ਦੇ ਨਿਰਦੇਸ਼ਾਂ ਅਤੇ ਅਸਿਸਟੈਂਟ ਕਮਿਸ਼ਨਰ ਸੰਜੀਵ ਮਦਾਨ ਦੀ ਅਗਵਾਈ ’ਚ ਕੀਤੀ ਗਈ। ਇਸ ਦੌਰਾਨ ਸਟੇਟ ਟੈਕਸ ਅਫਸਰ ਅਤੇ ਇੰਸਪੈਕਟਰ ਪੱਧਰ ਦੇ ਅਧਿਕਾਰੀ ਮੌਜੂਦ ਰਹੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਕਾਰੋਬਾਰੀ ਮੋਬਾਈਲ ਸੇਲ-ਪਰਚੇਜ਼ ਅਤੇ ਐੱਲ. ਈ. ਡੀ. ਵਿਚ ਡੀਲ ਕਰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਸਟਾਕ ਟੇਕਿੰਗ, ਭਾਰੀ ਮਾਤਰਾ ’ਚ ਦਸਤਾਵੇਜ਼ ਜ਼ਬਤ ਕੀਤੇ ਗਏ ਹਨ, ਜਿਸ ਤੋਂ ਬਾਅਦ ਅਧਿਕਾਰੀ ਟੈਲੀ ਕਰ ਕੇ ਡਾਟੇ ਦੀ ਸਕਰੂਟਨੀ ਕਰਨਗੇ। ਟੈਕਸ ਚੋਰੀ ਹੋਣ ’ਤੇ ਟੈਕਸ ਦੇ ਨਾਲ ਪੈਨਲਟੀ ਵਸੂਲੀ ਜਾਵੇਗੀ।

ਪਹਿਲਾਂ ਵੀ ਦੋ ਨੰਬਰ ਦੇ ਮੋਬਾਈਲ ਵੇਚਣ ਸਬੰਧੀ ਹੋ ਚੁੱਕੀ ਹੈ ਐੱਫ. ਆਈ. ਆਰ. ਦਰਜ
ਜਾਣਕਾਰੀ ਮੁਤਾਬਕ ਉਕਤ ਮੋਬਾਈਲ ਵਿਕ੍ਰੇਤਾ ’ਤੇ ਪਹਿਲਾਂ ਵੀ ਦੋ ਨੰਬਰ ’ਚ ਫੋਨ ਵੇਚਣ ਦੇ ਸਬੰਧ ’ਚ ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ, ਕਿਉਂਕਿ ਉਕਤ ਬਿਨਾਂ ਬਿੱਲ ਦੇ ਮੋਬਾਈਲ ਦੀ ਸੇਲ-ਪਰਚੇਜ਼ ਕਰਦਾ ਹੈ। ਮਹਿੰਗੇ ਫੋਨਾਂ ਨੂੰ ਬਿਨਾਂ ਬਿੱਲ ਦੇ ਖਰੀਦ ਕੇ ਅੱਗੇ ਗਾਹਕਾਂ ਨੂੰ ਆਪਣੀ ਦੁਕਾਨ ਦਾ ਬਿੱਲ ਕੱਟ ਕੇ ਦਿੰਦੇ ਹਨ, ਜਿਸ ਕਾਰਨ ਉਕਤ ਦੁਕਾਨਦਾਰ ਕੋਲੋਂ ਸਟਾਕ ਡਿਟੇਲਸ ਅਤੇ ਫੋਨਾਂ ਦੇ ਆਈ. ਐੱਮ. ਈ. ਆਈ. ਨੰਬਰ ਅਧਿਕਾਰੀਆਂ ਨੇ ਨੋਟ ਕਰ ਲਏ। ਇਸ ਨਾਲ ਉਕਤ ਦੁਕਾਨਦਾਰ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ।

ਮਹਿੰਗੇ ਫੋਨ ਅਤੇ ਆਈ-ਫੋਨਜ਼ ਦੀ ਬਹੁਤ ਵੱਡੀ ਹੈ ਗ੍ਰੇ-ਮਾਰਕੀਟ
ਵਿਦੇਸ਼ਾਂ ਤੋਂ ਸਸਤੇ ਫੋਨਾਂ ਨੂੰ ਸਮੱਗਲਿੰਗ ਕਰ ਕੇ ਭਾਰਤ ’ਚ ਦੋ ਨੰਬਰ ਵਿਚ ਵੇਚਿਆ ਜਾਂਦਾ ਹੈ। ਜ਼ਿਆਦਾਤਰ ਦੁਬਈ, ਯੂ. ਐੱਸ. ਏ., ਜਾਪਾਨ, ਹਾਂਗਕਾਂਗ ’ਚ ਆਈ-ਫੋਨ ਸਸਤੇ ਹਨ, ਜਿਨ੍ਹਾਂ ਨੂੰ ਭਾਰਤ ਲਿਆਉਣ ’ਤੇ ਇਨ੍ਹਾਂ ਦੁਕਾਨਦਾਰਾਂ ਦਾ ਜ਼ਿਆਦਾ ਪ੍ਰਾਫਿਟ ਬਣਦਾ ਹੈ। ਦੱਸ ਦਿੱਤਾ ਜਾਵੇ ਕਿ ਮੁੰਬਈ, ਚੇਨਈ ਪੋਰਟ ’ਤੇ ਇਨ੍ਹਾਂ ਦੀ ਸੈਟਿੰਗ ਹੈ, ਜਿਥੋਂ ਫੋਨ ਪਹਿਲਾਂ ਦਿੱਲੀ ਅਤੇ ਅੱਗੇ ਰੇਲਵੇ ਦੀ ਮਦਦ ਨਾਲ ਲੁਧਿਆਣਾ ਲਿਆਏ ਜਾਂਦੇ ਹਨ।

ਇਕ ਮਹੀਨੇ ’ਚ 10 ਕਰੋੜ ਤੋਂ ਵੱਧ ਦੇ 2 ਨੰਬਰ ’ਚ ਆਈ-ਫੋਨਜ਼ ਦੀ ਕਰ ਦਿੰਦੇ ਹਨ ਸੇਲ
ਦੱਸ ਦਿੱਤਾ ਜਾਵੇ ਕਿ 2 ਨੰਬਰ ’ਚ ਫੋਨ ਸੇਲ-ਪਰਚੇਜ਼ ਦੀ ਮਾਰਕੀਟ ਕਰੋੜਾਂ ਦੀ ਹੈ, ਜਿਸ ਦਾ ਇਕ ਗੜ੍ਹ ਲੁਧਿਆਣਾ ਬਣ ਚੁੱਕਾ ਹੈ। ਲੁਧਿਆਣਾ ਦੇ ਕੁਝ ਚੁਣੇ ਹੋਏ ਇਲਾਕਿਆਂ ’ਚ ਕੁਝ ਮੋਬਾਈਲ ਫੋਨ ਵਿਕ੍ਰੇਤਾ ਮਾਤਾ ਰਾਣੀ ਚੌਕ, ਘੁਮਾਰ ਮੰਡੀ, ਗੁੜਮੰਡੀ ’ਚ ਬੈਠ ਕੇ ਸ਼ਰੇਆਮ ਦੋ ਨੰਬਰ ਦੇ ਧੰਦੇ ਨੂੰ ਅੰਜਾਮ ਦੇ ਰਹੇ ਹਨ। ਇਹ ਚੰਦ ਦੁਕਾਨਦਾਰ ਇਕ ਮਹੀਨੇ ਵਿਚ ਲਗਭਗ 10 ਕਰੋੜ ਤੋਂ ਜ਼ਿਆਦਾ ਦੇ ਦੋ ਨੰਬਰ ’ਚ ਸਮੱਗਲਿੰਗ ਕੀਤੇ ਆਈ-ਫੋਨ ਦੀ ਸੇਲ ਕਰ ਦਿੰਦੇ ਹਨ।

ਕਿਉਂ ਅਧਿਕਾਰੀ ਅੱਜ ਤੱਕ ਮਾਤਾ ਰਾਣੀ ਚੌਕ ’ਚ ਅਜਿਹੇ ਦੁਕਾਨਦਾਰਾਂ ’ਤੇ ਕਾਰਵਾਈ ਕਰਨ ਤੋਂ ਟਲਦੇ ਰਹੇ
ਕਈ ਵਾਰ ‘ਜਗ ਬਾਣੀ’ ’ਚ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਮੋਬਾਈਲ ਵਿੰਗ ਜਲੰਧਰ ਦੀ ਟੀਮ ਨੇ ਆਖਿਰਕਾਰ ਕਾਰਵਾੲਈ ਕੀਤੀ ਅਤੇ ਟੈਕਸ ਚੋਰੀ ਨੂੰ ਅੰਜਾਮ ਦੇਣ ਦੇ ਸ਼ੱਕ ’ਚ ਛਾਪੇਮਾਰੀ ਕਰ ਕੇ ਦੋ ਨੰਬਰ ਵਿਚ ਮਹਿੰਗੇ ਫੋਨਾਂ ਦੀ ਸੇਲ ਅਤੇ ਪਰਚੇਜ਼ ਕਰ ਰਹੇ ਵਿਕ੍ਰੇਤਾਵਾਂ ਨੂੰ ਇਕ ਵਾਰ ਵਿਚ ਹੀ ਹਿਲਾ ਕੇ ਰੱਖ ਦਿੱਤਾ। ਵਿਭਾਗ ਦੀ ਕਾਰਵਾਈ ਦੀ ਚਰਚਾ ਸਾਰਾ ਦਿਨ ਬਾਜ਼ਾਰ ’ਚ ਗਰਮਾਈ ਰਹੀ।


author

Inder Prajapati

Content Editor

Related News