ਗੈਂਗਸਟਰ ਸਾਰਜ ਨੂੰ 16 ਦਿਨ ਦੀ ਜੁਡੀਸ਼ੀਅਲ ਹਿਰਾਸਤ ''ਚ ਭੇਜਿਆ

Tuesday, Apr 17, 2018 - 03:40 AM (IST)

ਅੰਮ੍ਰਿਤਸਰ,   (ਸੰਜੀਵ)-  ਖਤਰਨਾਕ ਗੈਂਗਸਟਰ ਸਾਰਜ ਸਿੰਘ ਉਰਫ ਮਿੰਟੂ ਨੂੰ ਅੱਜ ਸਖਤ ਸੁਰੱਖਿਆ ਵਿਚ ਜੇਲ ਭੇਜ ਦਿੱਤਾ ਗਿਆ। ਥਾਣਾ ਸੀ-ਡਵੀਜ਼ਨ ਦੀ ਪੁਲਸ ਵੱਲੋਂ ਰਿਮਾਂਡ ਖਤਮ ਹੋਣ 'ਤੇ ਅੱਜ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਸਾਰਜ ਨੂੰ ਪੁਲਸ ਰਿਮਾਂਡ 'ਤੇ ਲੈਣ ਦੀ ਅਰਜ਼ੀ ਪਾਈ ਸੀ ਪਰ ਮਾਣਯੋਗ ਅਦਾਲਤ ਨੇ ਉਸ ਨੂੰ 16 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ। ਥਾਣਾ ਸਿਵਲ ਲਾਈਨਜ਼ ਦੀ ਪੁਲਸ ਗੈਂਗਸਟਰ ਸਾਰਜ ਨੂੰ 17 ਅਪ੍ਰੈਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਵੇਗੀ ਜਿਸ ਸਬੰਧ ਵਿਚ ਥਾਣਾ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ 2016 ਵਿਚ ਗੈਂਗਸਟਰ ਸਾਰਜ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਣਜੀਤ ਐਵੀਨਿਊ ਤੋਂ ਸਕੌਡਾ ਕਾਰ ਖੋਹੀ ਸੀ, ਇਹ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਸ ਵਿਚ ਸਾਰਜ ਤੋਂ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ ਜਿਸ ਲਈ ਅੱਜ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਇਥੇ ਇਹ ਵਰਣਨਯੋਗ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਜਲੰਧਰ ਦੀ ਪੁਲਸ ਨੇ ਗੈਂਗਸਟਰ ਸਾਰਜ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦੇ ਬਾਅਦ ਥਾਣਾ ਮੋਹਕਮਪੁਰਾ ਦੀ ਪੁਲਸ ਹਿੰਦੂ ਨੇਤਾ ਹੱਤਿਆ ਕਾਂਡ ਵਿਚ ਉਸ ਨੂੰ ਜਲੰਧਰ ਦੀ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ।  ਜਾਂਚ ਉਪਰੰਤ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਸਾਰਜ ਨੂੰ ਦੋ ਹੱਤਿਆਵਾਂ ਦੇ ਮਾਮਲੇ ਵਿਚ ਰਿਮਾਂਡ 'ਤੇ ਲੈ ਲਿਆ ਸੀ।  ਥਾਣਾ ਸੁਲਤਾਨਵਿੰਡ ਦਾ ਰਿਮਾਂਡ ਖਤਮ ਹੁੰਦੇ ਹੀ ਉਸ ਨੂੰ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਸਾਬਕਾ ਕੌਂਸਲਰ ਗਿੰਦਾ ਮਰਡਰ ਕੇਸ ਵਿਚ ਦੋ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਸੀ। ਅੱਜ ਥਾਣਾ ਸੀ-ਡਵੀਜ਼ਨ ਦਾ ਵੀ ਰਿਮਾਂਡ ਖਤਮ ਹੋ ਗਿਆ ਸੀ ਜਿਥੋਂ ਉਸ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਰਿਮਾਂਡ 'ਤੇ ਲੈ ਕੇ ਜਾਣਾ ਸੀ ਪਰ ਮਾਣਯੋਗ ਅਦਾਲਤ ਵੱਲੋਂ ਰਿਮਾਂਡ ਨਾ ਦਿੱਤੇ ਜਾਣ ਕਾਰਨ ਉਸ ਨੂੰ ਅੱਜ ਸਖਤ ਸੁਰੱਖਿਆ ਵਿਚ ਕੇਂਦਰੀ ਜੇਲ ਫਤਾਹਪੁਰ ਵਿਚ ਭੇਜ ਦਿੱਤਾ ਗਿਆ।
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ?
ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਭਿੰਦਾ ਡਾਨ ਨੂੰ 5 ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ, ਜਿਸ ਤੋਂ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਦੇ ਨਾਲ-ਨਾਲ ਕੋਈ ਅਜਿਹੀ ਸੱਚਾਈ ਵੀ ਸਾਹਮਣੇ ਆਵੇਗੀ ਜਿਸ ਵਿਚ ਕਈ ਲੁਕੇ ਹੋਏ ਗੈਂਗਸਟਰਾਂ ਦੇ ਚਿਹਰੇ ਬੇਨਕਾਬ ਹੋਣਗੇ।


Related News