ਫ਼ਿਰੌਤੀ ਲਈ ਜੇਲ੍ਹ 'ਚੋਂ ਹੀ ਘੰਟੀ ਵਜਾਉਂਦਾ ਸੀ ਗੈਂਗਸਟਰ, ਵਸੂਲੀ ਕਰਨ ਗਈ ਮਾਂ ਅਸਲੇ ਸਣੇ ਗ੍ਰਿਫ਼ਤਾਰ
Monday, Aug 10, 2020 - 10:46 AM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਗਿੱਲ ਰੋਡ ਲੁਧਿਆਣਾ ’ਤੇ ਸਥਿਤ ਇਕ ਫਾਈਨਾਂਸ ਕੰਪਨੀ 'ਚੋਂ ਕਰੋੜਾਂ ਰੁਪਏ ਮੁੱਲ ਦਾ 30 ਕਿਲੋ ਸੋਨਾ ਲੁੱਟਣ ਵਾਲੇ ਗੈਂਗਸਟਰ, ਜੋ ਇਸ ਸਮੇਂ ਅੰਮ੍ਰਿਤਸਰ ਜੇਲ੍ਹ 'ਚ ਬੰਦ ਹੈ, ਨੂੰ ਫਿਰੌਤੀਆਂ ਮੰਗਣ ਦੇ ਮਾਮਲੇ 'ਚ ਨਾਮਜ਼ਦ ਕਰ ਲਿਆ ਗਿਆ। ਇਸ ਦੇ ਨਾਲ ਹੀ ਪੁਲਸ ਨੇ ਗੈਂਗਸਟਰ ਦੀ ਮਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਜਾਨਵਰਾਂ ਨੇ ਬੁਰੀ ਤਰ੍ਹਾਂ ਨੋਚੀ ਲਾਸ਼
ਇਸ ਸਬੰਧ 'ਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਥਾਣੇਦਾਰ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਗੈਂਗਸਟਰ ਗਗਨਦੀਪ ਸਿੰਘ ਉਰਫ਼ ਜੱਜ, ਉਸਦੀ ਮਾਤਾ ਸਵਰਨਜੀਤ ਕੌਰ ਵਾਸੀ ਫਿਰੋਜ਼ਪੁਰ, ਹਰਪ੍ਰੀਤ ਸਿੰਘ ਵਾਸੀ ਪਿੰਡ ਭੰਬਾ-ਲੰਡਾ (ਫਿਰੋਜ਼ਪੁਰ), ਅਮਨਦੀਪ ਸਿੰਘ ਵਾਸੀ ਪਿੰਡ ਚੂਹੜਚੱਕ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਬੱਸੀ ਪਠਾਣਾ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਝੋਨੇ ਵਾਲੇ ਖੇਤਾਂ ਨੇੜਿਓਂ ਮਿਲੀ ਲਾਸ਼
ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਬਹੋਨਾ ਚੌਂਕ ਮੋਗਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਗਗਨਦੀਪ ਸਿੰਘ ਉਰਫ਼ ਗਗਨ ਜੋ ਲੁਧਿਆਣਾ ਵਿਖੇ ਗਿੱਲ ਰੋਡ ਮੋਗਾ ’ਤੇ ਸਥਿਤ ਇੰਡੀਆ ਇੰਫੋਲਾਈਨ ਫਾਇਨਾਂਸ ਲਿਮਟਿਡ ਵਿਚੋਂ ਕਰੋੜਾਂ ਰੁਪਏ ਮੁੱਲ ਦਾ 30 ਕਿਲੋ ਸੋਨਾ ਆਪਣੇ ਸਾਥੀਆਂ ਸਮੇਤ ਲੁੱਟ ਕੇ ਲੈ ਗਿਆ ਸੀ, ਜਿਸ ਨੂੰ ਪੁਲਸ ਨੇ 13 ਮਾਰਚ, 2020 ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ 'ਚ ਬੰਦ ਹੈ, ਉਹ ਜੇਲ੍ਹ 'ਚੋਂ ਹੀ ਲੋਕਾਂ ਨੂੰ ਫ਼ਿਰੌਤੀ ਦੀ ਘੰਟੀ ਵਜਾਉਂਦਾ ਹੋਇਆ ਫੋਨ ਕਰ ਕੇ ਡਰਾਉਂਦਾ-ਧਮਕਾਉਂਦਾ ਸੀ, ਜਿਸ ਖਿਲਾਫ਼ ਕਈ ਮਾਮਲੇ ਦਰਜ ਹਨ ਅਤੇ ਉਸ ਦੀ ਮਾਤਾ ਸਵਰਨਜੀਤ ਕੌਰ ਅਤੇ ਦੋਸਤ ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਉਨ੍ਹਾਂ ਨਾਲ ਦੋ ਹੋਰ ਅਣਪਛਾਤੇ ਹਥਿਆਰਬੰਦ ਵਿਅਕਤੀ ਸਕਾਰਪੀਓ ਗੱਡੀ ’ਤੇ ਸਵਾਰ ਹੋ ਕੇ ਫਿਰੋਜ਼ਪੁਰ ਅਤੇ ਮੋਗਾ 'ਚੋਂ ਫਿਰੌਤੀ ਦੀ ਵਸੂਲੀ ਕਰਨ ਲਈ ਆ ਰਹੇ ਹਨ, ਜਿਨ੍ਹਾਂ ਕੋਲ ਅਸਲਾ ਵੀ ਹੈ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ ’ਤੇ ਉਨ੍ਹਾਂ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਸਕਾਰਪੀਓ ਗੱਡੀ ਨੂੰ ਰੋਕਿਆ ਅਤੇ ਉਸ 'ਚੋਂ ਸਵਰਨਜੀਤ ਕੌਰ, ਹਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਕਾਬੂ ਕਰ ਲਿਆ, ਜਦੋਂ ਕਿ ਦੋ ਅਣਪਛਾਤੇ ਵਿਅਕਤੀ ਕਾਬੂ ਨਹੀਂ ਆ ਸਕੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪਹਿਲੀ ਵਾਰ 'ਕੋਰੋਨਾ' ਦਾ ਵੱਡਾ ਧਮਾਕਾ, ਰਾਜਪਾਲ ਬਦਨੌਰ ਦੀ ਰਿਪੋਰਟ ਵੀ ਆਈ ਸਾਹਮਣੇ
ਪੁਲਸ ਨੇ ਦੋਸ਼ੀਆਂ ਕੋਲੋਂ 25 ਰੌਂਦ 32 ਬੋਰ ਦੇ ਬਰਾਮਦ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ 'ਚ ਗਗਨਦੀਪ ਸਿੰਘ ਉਰਫ ਜੱਜ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਨੂੰ ਅੰਮ੍ਰਿਤਸਰ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਦੇ ਆਧਾਰ ’ਤੇ ਲਿਆ ਕੇ ਪੁੱਛ-ਗਿੱਛ ਕੀਤੀ ਜਾਵੇਗੀ, ਜਦੋਂ ਕਿ ਕਾਬੂ ਕੀਤੇ ਗਏ ਦੋਸ਼ੀਆਂ ਨੂੰ ਸਹਾਇਕ ਥਾਣੇਦਾਰ ਭਲਵਿੰਦਰ ਸਿੰਘ ਵੱਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਅਦਾਲਤ ਵੱਲੋਂ ਉਨ੍ਹਾਂ ਦਾ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।