ਹਰਿਆਣਾ ''ਚ ਮਾਰੇ ਗਏ ਪੰਜਾਬ ਦੇ ਤਿੰਨ ਖਤਰਨਾਕ ਗੈਂਗਸਟਰਾਂ ਬਾਰੇ ਹੈਰਾਨ ਕਰਦਾ ਸੱਚ ਆਇਆ ਸਾਹਮਣੇ
Tuesday, Jun 13, 2017 - 06:11 PM (IST)
ਫਰੀਦਕੋਟ/ਜੈਤੋ (ਬਲਵਿੰਦਰ ਹਾਲੀ, ਗੁਰਮੀਤ ਪਾਲ) : ਫਰੀਦਕੋਟ ਅਤੇ ਹਰਿਆਣਾ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਜੰਡਾਂਵਾਲਾ ਬਿਸ਼ਨੋਆ ਵਿਖੇ ਪੰਜਾਬ ਦੇ ਗੈਂਗਸਟਰਾਂ ਵਿਚੋਂ ਤਿੰਨ ਗੈਂਗਸਟਰ ਜਸਪ੍ਰੀਤ ਸਿੰਘ ਜੰਪੀ, ਬੰਟੀ ਢਿਲੋਂ (ਦੋਵੇਂ ਫਰੀਦਕੋਟ ਜ਼ਿਲੇ ਦੇ ਜੈਤੋ ਅਤੇ ਰੋੜੀਕਪੂਰਾ ਪਿੰਡ ਨਾਲ ਸਬੰਧਤ) ਅਤੇ ਫਿਰੋਜ਼ਪੁਰ ਨਾਲ ਸਬੰਧਤ ਨਿਸ਼ਾਨ ਸਿੰਘ ਦੀ ਮੌਤ ਹੋ ਗਈ। ਭਾਵੇਂ ਪੁਲਸ ਅਨੁਸਾਰ ਇਨ੍ਹਾਂ ਗੈਂਗਸਟਰਾਂ ਦਾ ਅੰਤ ਬਾਕੀ ਗੈਂਗਸਟਰਾਂ ਤੋਂ ਵੱਖਰੀ ਤਰ੍ਹਾਂ ਨਾਲ ਹੋਇਆ ਦੱਸਿਆ ਜਾ ਰਿਹਾ ਹੈ ਪਰ ਇਨ੍ਹਾਂ ਦੇ ਪੁਰਾਣੇ ਸਾਥੀ, ਪਿੰਡ ਵਾਲੇ ਜਾਂ ਪਰਿਵਾਰ ਨਾਲ ਸਬੰਧਤ ਇਸ ਕਹਾਣੀ ਨੂੰ ਨਕਾਰ ਰਹੇ ਹਨ।
ਜੰਪੀ ਇਕ ਸਧਾਰਨ ਪਰਿਵਾਰ ਵਿਚ ਜੰਮਿਆ ਇਕਲੌਤਾ ਵਾਰਸ ਸੀ, ਉਸਦੀ ਮਾਤਾ ਦੀ ਮੌਤ ਉਸਦੇ ਛੋਟੇ ਹੁੰਦੇ ਹੀ ਦੂਸਰੇ ਬੱਚੇ ਨੂੰ ਜਨਮ ਦੇਣ ਸਮੇਂ ਹੋ ਗਈ ਸੀ। ਜੰਪੀ ਦਾ ਪਰਿਵਾਰ ਰੋੜੀ ਕਪੂਰਾ ਆ ਕੇ ਰਹਿਣ ਲੱਗਾ। ਪਿਤਾ ਬਲਵਿੰਦਰ ਸਿੰਘ ਜੈਤੋ ਵਿਖੇ ਡੈਟਿੰਗ ਪੈਂਟਿੰਗ ਦਾ ਕੰਮ ਕਰਦਾ ਸੀ ਅਤੇ ਬਾਅਦ 'ਚ ਉਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜੰਪੀ ਇਕੱਲਾ ਰਹਿ ਗਿਆ ਆਪਣੇ ਤਾਏ ਦੇ ਘਰ ਰਹਿਣ ਲੱਗਾ। ਉਸ ਦੇ ਗੈਂਗਸਟਰ ਬਣਨ ਦੀ ਕਹਾਣੀ ਦਾ ਮੁੱਢ ਉਦੋਂ ਬੱਝਿਆ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਇਥੇ ਜ਼ਮੀਨ ਖਰੀਦ ਲਈ। 4 ਕਿੱਲਿਆਂ ਦੀ ਰਜਿਸਟਰੀ ਕਰਵਾ ਲਈ ਸੀ ਅਤੇ ਬਾਕੀ ਰਹਿੰਦੀ 3 ਕਿੱਲਿਆਂ ਦੀ ਰਜਿਸਟਰੀ ਕਰਵਾਉਣੀ ਅਜੇ ਬਾਕੀ ਸੀ ਕਿ ਜ਼ਮੀਨਾਂ ਮਹਿੰਗੀਆਂ ਹੋਣ ਕਾਰਨ ਤੋਂ ਦੂਸਰੀ ਧਿਰ ਰਜਿਸਟਰੀ ਕਰਵਾਉਣ ਤੋਂ ਮੁਕਰ ਗਈ ਪਰ ਉਨ੍ਹਾਂ ਅਕਾਲੀ ਦਲ ਨਾਲ ਸਬੰਧਤ ਬੰਦਿਆਂ ਨੂੰ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ। ਜੰਪੀ ਦੇ ਪਿਤਾ ਦੀ ਦੁਕਾਨ ਦੇ ਨਜ਼ਦੀਕ ਹੀ ਮ੍ਰਿਤਕ ਅਕਾਲੀ ਆਗੂ ਦਾ ਦਫਤਰ ਸੀ, ਜਿਥੇ ਉਹ ਵੀ ਆਉਣ ਜਾਣ ਲੱਗਾ ਅਤੇ ਉਥੇ ਹੀ ਉਸਦੀ ਮੁਲਾਕਾਤ ਬੰਟੀ ਸੇਖੋਂ ਨਾਲ ਹੋ ਗਈ। ਜਿਥੇ ਜ਼ਮੀਨ ਦੇ ਕਬਜ਼ੇ ਸਬੰਧੀ ਦੋਵਾਂ ਧਿਰਾਂ ਵਿਚ ਰੰਜ਼ਿਸ਼ ਰਹਿਣ ਲੱਗੀ, ਲੜਾਈ ਵੀ ਹੋਈ ਤਾਂ ਪੁਲਸ ਨੇ ਜਸਪ੍ਰੀਤ ਜੰਪੀ ਅਤੇ ਰਣਜੀਤ ਸਿੰਘ 'ਤੇ ਪਹਿਲਾਂ ਕੇਸ 2013 ਵਿਚ ਦਰਜ ਕੀਤਾ, ਉਦੋਂ ਜੰਪੀ ਦੀ ਉਮਰ 18 ਸਾਲ ਤੋਂ ਘੱਟ ਸੀ। ਇਸ ਮਾਮਲੇ ਵਿਚ ਪੁਲਸ ਨੇ ਜੰਪੀ ਨੂੰ ਸਕੂਲੋਂ ਥਾਣੇ ਲਿਆ ਕੇ ਕੁੱਟਿਆ, ਇਸ ਘਟਨਾ ਉਪਰੰਤ ਉਹ ਨਾ ਸਕੂਲ ਗਿਆ ਅਤੇ ਨਾ ਹੀ ਘਰ ਗਿਆ। ਰਣਜੀਤ ਸਿੰਘ ਨਾਲ ਪੱਕੇ ਤੌਰ 'ਤੇ ਰਹਿਣ ਲੱਗ ਗਿਆ, ਜਦੋ ਰਣਜੀਤ ਸਿੰਘ ਸੇਵੇਵਾਲਾ ਅਤੇ ਉਸਦੇ ਇਕ ਸਾਥੀ ਨੂੰ ਕੁਝ ਵਿਅਕਤੀਆਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਤਪਾਲ ਆ ਕੇ ਮਾਰ ਮੁਕਾਇਆ ਤਾਂ ਜੰਪੀ ਪੱਕੇ ਤੌਰ 'ਤੇ ਭਗੌੜਾ ਹੋ ਗਿਆ ਅਤੇ ਦਵਿੰਦਰ ਬੰਬੀਹਾ ਦੇ ਗਰੁੱਪ ਨਾਲ ਜਾ ਰਲਿਆ।

ਬੰਟੀ ਢਿਲੋਂ ਤੋਂ ਰਿਸ਼ਤੇਦਾਰਾਂ ਦਾ ਵੀ ਕਿਨਾਰਾ
ਬੰਟੀ ਢਿਲੋਂ ਜੈਤੋ ਦਾ ਰਹਿਣ ਵਾਲਾ ਸੀ ਅਤੇ ਉਹ 3 ਸਾਲ ਪਹਿਲਾਂ ਹੀ ਜੰਪੀ ਦੇ ਸੰਪਰਕ 'ਚ ਉਦੋਂ ਆਇਆ ਸੀ, ਜਦੋਂ ਉਹ ਜੈਤੋ ਯੂਨੀਵਰਸਿਟੀ ਵਿਚ ਪੜ੍ਹਦਾ ਸੀ। ਉਦੋਂ ਤੱਕ ਜੰਪੀ 'ਤੇ ਪੁਲਸ ਕਾਰਵਾਈ ਚੱਲ ਰਹੀ ਸੀ। 2014 ਵਿਚ ਜਦੋਂ ਰਣਜੀਤ ਸਿੰਘ ਦਾ ਕਤਲ ਹੋਇਆ ਜੰਪੀ ਅਤੇ ਢਿਲੋਂ ਦੋਵੇਂ ਭਗੌੜੇ ਹੋ ਗਏ ਅਤੇ ਉਦੋਂ ਤੋਂ ਹੀ ਪੁਲਸ ਨਾਲ ਲੁਕਣਮੀਚੀ ਖੇਡ ਰਹੇ ਸਨ ਅਤੇ ਪੁਲਸ ਫਾਈਲਾਂ ਵਿਚ ਇਨ੍ਹਾਂ ਦੇ ਜੁਰਮਾਂ ਦਾ ਵਾਧਾ ਹੁੰਦਾ ਗਿਆ। ਤਿੰਨ ਸਾਲ ਪਹਿਲਾਂ ਜਦੋਂ ਬੰਟੀ ਭਗੌੜਾ ਹੋਇਆ ਤਾਂ ਉਦੋਂ ਤੋਂ ਹੀ ਇਸ ਦਾ ਪਰਿਵਾਰ ਵੀ ਡਰਦਾ ਹੋਇਆ ਜੈਤੋ ਛੱਡ ਗਿਆ ਅਤੇ ਉਸਦੇ ਘਰ ਨੂੰ ਉਦੋਂ ਤੋਂ ਹੀ ਜਿੰਦਾ ਲੱਗਾ ਹੋਇਆ ਹੈ। ਬੰਟੀ ਦਾ ਪਰਿਵਾਰ ਕਿੱਥੇ ਰਹਿੰਦਾ ਹੈ, ਉਸ ਬਾਰੇ ਤਾਂ ਕੋਈ ਕੁਝ ਨਹੀਂ ਦੱਸਦਾ ਪਰ ਬੰਟੀ ਦੇ ਆਪਣੇ ਰਿਸ਼ਤੇਦਾਰਾਂ ਨੇ ਵੀ ਉਸ ਤੋਂ ਕਿਨਾਰਾ ਕਰ ਲਿਆ ਸੀ ਅਤੇ ਉਹ ਵੀ ਇਸ ਮਾਮਲੇ ਵਿਚ ਕੁਝ ਬੋਲਣ ਤੋਂ ਇਨਕਾਰ ਕਰ ਰਹੇ ਹਨ।

ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਇਸ ਸਬੰਧੀ ਜਦੋਂ ਸੀਨੀਅਰ ਪੁਲਸ ਕਪਤਾਨ ਡਾ. ਨਾਨਕ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਗੈਂਗਸਟਰ ਜੰਪੀ ਅਤੇ ਬੰਟੀ ਖਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ 20-20 ਦੇ ਕਰੀਬ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਸਨ ਅਤੇ ਉਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਪੁਲਸ ਨੇ ਭਗੌੜੇ ਐਲਾਨ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਆਪਣੇ ਹੋਰ ਸਾਥੀਆਂ ਨਾਲ ਹਰਿਆਣਾ ਦੇ ਡੱਬਵਾਲੀ ਨਜ਼ਦੀਕ ਪਿੰਡ ਜੰਡਾਵਾਲਾ ਬਿਸ਼ਨੋਈਆਂ ਵਿਖੇ ਹਨ, ਇਸ ਲਈ ਪੁਲਸ ਨੇ ਹਰਿਆਣਾ ਦੇ ਸਬੰਧਤ ਥਾਣੇ ਦੀ ਪੁਲਸ ਨੂੰ ਨਾਲ ਲੈ ਕੇ ਇਸ ਘਰ 'ਤੇ ਛਾਪਾ ਮਾਰਿਆ ਅਤੇ ਇਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਚਿਤਾਵਨੀ ਦਿੱਤੀ ਤਾਂ ਇਨ੍ਹਾਂ ਗੈਂਗਸਟਰਾਂ ਨੇ ਅੰਦਰੋਂ ਪੁਲਸ 'ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ 'ਤੇ ਪੁਲਸ ਘਰ ਦੁਆਲੇ ਘੇਰਾ ਹੋਰ ਸਖਤ ਕਰ ਲਿਆ ਅਤੇ ਆਪਣੇ ਆਪ ਨੂੰ ਘਿਰਿਆ ਦੇਖ ਬੰਟੀ ਅਤੇ ਜੰਮੀ ਨੇ ਖੁਦਕੁਸ਼ੀ ਕਰ ਲਈ ਅਤੇ ਇਨ੍ਹਾਂ ਦੇ ਤੀਸਰੇ ਸਾਥੀ ਨਿਸ਼ਾਨ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
