ਪੰਜਾਬ ਦੇ ਥਾਣੇ 'ਚ ਧਮਾਕਾ, ਆਵਾਜ਼ ਸੁਣ ਕੰਬ ਗਏ ਲੋਕ
Monday, Mar 30, 2026 - 06:32 PM (IST)
ਅਜਨਾਲਾ (ਗੁਰਿੰਦਰ ਬਾਠ) : ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਥਾਣਾ ਭਿੰਡੀਸੈਦਾਂ ‘ਚ ਬੀਤੀ ਰਾਤ ਇਕ ਸ਼ੱਕੀ ਧਮਾਕੇ ਦੀ ਆਵਾਜ਼ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਪੁਲਸ ਵੱਲੋਂ ਇਸ ਘਟਨਾ ਸਬੰਧੀ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਅਨੁਸਾਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਥਾਣੇ ਦੇ ਬਾਹਰ ਵਿਸਫੋਟ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਧਮਾਕੇ ਦੀ ਆਵਾਜ਼ ਦੇਰ ਰਾਤ ਕਰੀਬ 1:30 ਤੋਂ 2 ਵਜੇ ਦਰਮਿਆਨ ਸੁਣੀ ਗਈ, ਜਿਸ ਨਾਲ ਥਾਣੇ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਘਬਰਾਹਟ ਵਿਚ ਆ ਗਏ। ਘਟਨਾ ਤੋਂ ਬਾਅਦ ਤੁਰੰਤ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਅਤੇ ਥਾਣੇ ਦਾ ਗੇਟ ਅੰਦਰੋਂ ਬੰਦ ਕਰ ਦਿੱਤਾ ਗਿਆ। ਉੱਚ ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ
ਡੀਐੱਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਇਕ ਸੀਨੀਅਰ ਰਿਪੋਰਟ ਮਿਲੀ ਸੀ, ਜਿਸ ਵਿਚ ਦੇਰ ਰਾਤ “ਮਾਈਨਰ ਬਲਾਸਟ ਵਰਗੀ ਆਵਾਜ਼” ਆਉਣ ਦੀ ਜਾਣਕਾਰੀ ਦਿੱਤੀ ਗਈ ਸੀ। ਰਿਪੋਰਟ ਮਿਲਦੇ ਹੀ ਪੁਲਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਐਲਾਨ ਨੇ ਮਚਾਈ ਹਲਚਲ, ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਉਨ੍ਹਾਂ ਅਨੁਸਾਰ ਹੁਣ ਤੱਕ ਨਾ ਤਾਂ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਹੈ ਅਤੇ ਨਾ ਹੀ ਮਾਲੀ ਨੁਕਸਾਨ ਸਾਹਮਣੇ ਆਇਆ ਹੈ। ਥਾਣੇ ਦੇ ਅੰਦਰ ਕਿਸੇ ਤਰ੍ਹਾਂ ਦੀ ਤੋੜ-ਫੋੜ ਦੀ ਪੁਸ਼ਟੀ ਵੀ ਨਹੀਂ ਹੋਈ। ਪੁਲਸ ਵੱਲੋਂ ਥਾਣੇ ਦੇ ਸੀਸੀਟੀਵੀ ਕੈਮਰਿਆਂ ਦੀ ਕਰੀਬ 12 ਘੰਟਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਜਿਸ ਵਿਚ ਕੁਝ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ ਫ਼ੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਟੀਮ ਦੀ ਜਾਂਚ ਤੋਂ ਬਾਅਦ ਹੀ ਧਮਾਕੇ ਦੇ ਅਸਲੀ ਕਾਰਨਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਫਿਲਹਾਲ ਪੁਲਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਮੰਗਲਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
