ਪੰਜਾਬ ਦੀਆਂ ਔਰਤਾਂ ਨੂੰ ਲੈ ਕੇ ਹੈਰਾਨ ਕਰਦੀ ਖ਼ਬਰ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ
Monday, Apr 06, 2026 - 04:59 PM (IST)
ਫਿਰੋਜ਼ਪੁਰ : ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਨਸ਼ਾ ਤਸਕਰੀ ਨੂੰ ਲੈ ਕੇ ਇੱਕ ਚਿੰਤਾਜਨਕ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਹੁਣ ਔਰਤਾਂ ਇਸ ਗੈਰ-ਕਾਨੂੰਨੀ ਧੰਦੇ 'ਚ ਨਵੇਂ ਚਿਹਰੇ ਵਜੋਂ ਉਭਰ ਰਹੀਆਂ ਹਨ। ਫਿਰੋਜ਼ਪੁਰ ਪੁਲਸ ਨੇ ਹਾਲ ਹੀ 'ਚ ਜ਼ਿਲ੍ਹੇ ਵਿੱਚੋਂ ਕਰੀਬ 20 ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਸਾਲਾਂ 'ਚ 3,000 ਤੋਂ ਵੱਧ ਔਰਤਾਂ ਨੂੰ ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਭਾਰਤ 'ਚ ਸਭ ਤੋਂ ਵੱਧ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੂਬੇ 'ਚ ਦਰਜ ਹੋਣ ਵਾਲੀਆਂ ਕੁੱਲ ਐੱਨ. ਡੀ. ਪੀ. ਐੱਸ. ਐੱਫ. ਆਈ. ਆਰਜ਼ ਵਿੱਚੋਂ 10 ਫ਼ੀਸਦੀ ਤੋਂ ਵੱਧ ਹੁਣ ਔਰਤਾਂ ਵਿਰੁੱਧ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਪਾਵਰਕਾਮ ਵਲੋਂ ਵੱਡੀ ਰਾਹਤ, ਹੁਣ ਮਿਲਣਗੇ ਸਿੱਧੇ ਬਿਜਲੀ ਕੁਨੈਕਸ਼ਨ
ਜਾਂਚ ਅਧਿਕਾਰੀਆਂ ਅਨੁਸਾਰ ਨਸ਼ਾ ਤਸਕਰੀ ਹੁਣ ਇਸ ਖੇਤਰ 'ਚ ਇੱਕ 'ਪਰਿਵਾਰਕ ਕਾਰੋਬਾਰ' ਬਣਦੀ ਜਾ ਰਹੀ ਹੈ। ਕਈ ਮਾਮਲਿਆਂ 'ਚ ਜਦੋਂ ਘਰ ਦੇ ਮਰਦ ਮੈਂਬਰ ਪੁਲਸ ਵੱਲੋਂ ਫੜ੍ਹੇ ਜਾਂਦੇ ਹਨ ਤਾਂ ਔਰਤਾਂ ਇਸ ਕਾਰੋਬਾਰ ਦੀ ਕਮਾਨ ਸੰਭਾਲ ਲੈਂਦੀਆਂ ਹਨ। ਸਰਹੱਦ ਪਾਰ ਦੀਆਂ ਏਜੰਸੀਆਂ ਵੀ ਔਰਤਾਂ ਨੂੰ 'ਸੁਰੱਖਿਅਤ ਕੋਰੀਅਰ' ਵਜੋਂ ਵਰਤ ਰਹੀਆਂ ਹਨ ਕਿਉਂਕਿ ਉਨ੍ਹਾਂ 'ਤੇ ਜਲਦੀ ਸ਼ੱਕ ਨਹੀਂ ਹੁੰਦਾ ਅਤੇ ਉਹ ਜਨਤਕ ਆਵਾਜਾਈ ਰਾਹੀਂ ਆਸਾਨੀ ਨਾਲ ਨਸ਼ਾ ਸਪਲਾਈ ਕਰ ਦਿੰਦੀਆਂ ਹਨ। ਹਾਲ ਹੀ 'ਚ ਹੋਈਆਂ ਗ੍ਰਿਫ਼ਤਾਰੀਆਂ 'ਚ 31 ਮਾਰਚ ਨੂੰ ਰਾਜਬੀਰ ਕੌਰ ਨਾਮੀ ਔਰਤ ਨੂੰ 3.115 ਕਿੱਲੋ ਹੈਰੋਇਨ ਅਤੇ 11.50 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ, ਅੱਜ ਤੱਕ ਦਾ ਮਿਲਿਆ ਆਖ਼ਰੀ ਮੌਕਾ
ਇਸੇ ਤਰ੍ਹਾਂ ਫਾਜ਼ਿਲਕਾ ਅਤੇ ਗੁਰੂਹਰਸਹਾਏ 'ਚ ਵੀ ਕਈ ਔਰਤਾਂ ਨੂੰ ਆਈਸ ਡਰੱਗ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਮਨੋਵਿਗਿਆਨੀ ਡਾ. ਮ੍ਰਿਦੁਲ ਸ਼ਰਮਾ ਨੇ ਇਸ ਰੁਝਾਨ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੁਜ਼ਗਾਰ ਦੇ ਮੌਕਿਆਂ ਦੀ ਘਾਟ, ਆਰਥਿਕ ਤੰਗੀ ਅਤੇ ਜਲਦੀ ਪੈਸਾ ਕਮਾਉਣ ਦਾ ਲਾਲਚ ਔਰਤਾਂ ਨੂੰ ਇਸ ਰਾਹ 'ਤੇ ਧੱਕ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਰਥਿਕ ਤੌਰ 'ਤੇ ਕਮਜ਼ੋਰ ਔਰਤਾਂ ਲਈ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਇਸ ਜਾਲ ਵਿੱਚ ਫਸਣ ਤੋਂ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
