ਪਹਿਲਾਂ ਧੋਖੇ ਨਾਲ ਕਰਵਾਇਆ ਦੂਜਾ ਵਿਆਹ, ਫ਼ਿਰ ਮਾਰੀ 24 ਲੱਖ ਰੁਪਏ ਦੀ ਠੱਗੀ

Wednesday, Oct 19, 2022 - 03:22 PM (IST)

ਪਹਿਲਾਂ ਧੋਖੇ ਨਾਲ ਕਰਵਾਇਆ ਦੂਜਾ ਵਿਆਹ, ਫ਼ਿਰ ਮਾਰੀ 24 ਲੱਖ ਰੁਪਏ ਦੀ ਠੱਗੀ

ਪਟਿਆਲਾ (ਬਿਊਰੋ) : ਥਾਣਾ ਤ੍ਰਿਪੜੀ ਅਧੀਨ ਪੈਂਦੇ ਨਿਊ ਬਸੰਤ ਨਗਰ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹੇ ਵਿਅਕਤੀ ਨੇ ਖੁਦ ਨੂੰ ਕੁਆਰਾ ਦੱਸ ਕੇ ਕੁੜੀ ਨਾਲ ਵਿਆਹ ਕਰਵਾਇਆ ਤੇ ਫ਼ਿਰ ਉਸ ਨੂੰ ਵਿਦੇਸ਼ ਭੇਜਣ ਦਾ ਕਹਿ ਕੇ 24 ਲੱਖ ਰੁਪਏ ਵੀ ਠੱਗ ਲਏ। ਜਦ ਕੁੜੀ ਨੂੰ ਇਸ ਸਭ ਬਾਰੇ ਪਤਾ ਲੱਗਿਆ ਤਾਂ ਵਿਅਕਤੀ ਦੀ ਪਹਿਲੀ ਪਤਨੀ ਨੇ ਉਸ ਨੂੰ ਫ਼ੋਨ ਕੇ ਧਮਕੀਆਂ ਦਿੱਤੀਆਂ।

ਨਿਊ ਬਸੰਤ ਵਿਹਾਰ ਦੀ ਰਹਿਣ ਵਾਲੀ ਕਿਰਨਪ੍ਰੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੇ ਪਤੀ ਸੋਮਨਾਥ ਰਾਓ ਦਾ ਵਿਆਹ ਪਿੰਡ ਮੈਣ ਦੀ ਰਹਿਣ ਵਾਲੀ ਪਰਵੀਨ ਕੌਰ ਨਾਲ 2006 'ਚ ਹੋਇਆ ਸੀ। ਇਸ ਦੇ ਬਾਵਜੂਦ ਸੋਮਨਾਥ ਨੇ ਖ਼ੁਦ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਵਾ ਲਿਆ। ਫ਼ਿਰ ਉਸ ਤੋਂ ਵਿਦੇਸ਼ ਭੇਜਣ ਦੇ ਨਾਂ 'ਤੇ 24 ਲੱਖ ਰੁਪਏ ਵੀ ਲੈ ਲਏ। ਜਦ ਉਸ ਨੂੰ ਪਤੀ ਦੇ ਪਹਿਲੇ ਵਿਆਹ ਬਾਰੇ ਪਤਾ ਲੱਗਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।ਵਿਰੋਧ ਕਰਨ 'ਤੇ ਬੀਤੀ 7 ਸਤੰਬਰ ਨੂੰ ਪਰਵੀਨ ਕੌਰ ਨੇ ਕਿਰਨਪ੍ਰੀਤ ਨੂੰ ਫ਼ੋਨ ਕਰ ਕੇ ਧਮਕੀਆਂ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ - ਪੈਟਰੋਲ ਪੰਪ ਲੀਜ਼ ’ਤੇ ਲੈ ਕੇ ਦੇਣ ਦੀ ਗੱਲ ਆਖ ਕੇ ਮਾਰੀ 19.80 ਲੱਖ ਦੀ ਠੱਗੀ

ਇਸ ਤੋਂ ਬਾਅਦ ਸੋਮਨਾਥ ਨੇ ਉਸ ਤੋਂ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਦਾਜ ਨਾ ਮਿਲਣ 'ਤੇ ਉਸ ਨੇ ਕਿਰਨਪ੍ਰੀਤ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਦੇ ਸੋਨੇ ਦੇ 10 ਤੋਲੇ ਗਹਿਣੇ ਵੀ ਆਪਣੇ ਕੋਲ ਰੱਖ ਲਏ। ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਤ੍ਰਿਪੜੀ ਦੀ ਪੁਲਸ ਵੱਲੋਂ ਮੁਲਜ਼ਮ ਸੋਮਨਾਥ ਅਤੇ ਉਸ ਦੀ ਪਹਿਲੀ ਪਤਨੀ ਪਰਵੀਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਦੋਵੇਂ ਮੁਲਜ਼ਮ ਪੁਲਸ ਦੇ ਹੱਥ ਨਹੀ ਲੱਗੇ।


author

Anuradha

Content Editor

Related News