ਚੰਡੀਗੜ੍ਹ ''ਚ ਬਜ਼ੁਰਗ ਨਾਲ 1 ਕਰੋੜ ਦੀ ਠੱਗੀ, ਕੇਸ ਦਰਜ

Monday, Jan 16, 2023 - 02:59 PM (IST)

ਚੰਡੀਗੜ੍ਹ (ਸੁਸ਼ੀਲ) : ਕੰਪਨੀਆਂ 'ਚ ਨਿਵੇਸ਼ ਕੀਤੇ ਪੈਸੇ ਵਾਪਸ ਕਰਵਾਉਣ ਦੇ ਨਾਂ ’ਤੇ ਸੈਕਟਰ-42 ਦੇ ਬਜ਼ੁਰਗ ਭਜਨ ਸਿੰਘ ਗਿੱਲ ਨਾਲ ਇਕ ਕਰੋੜ ਤੋਂ ਵੱਧ ਦੀ ਠੱਗੀ ਮਾਰ ਲਈ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਭਜਨ ਸਿੰਘ ਨੇ ਦੱਸਿਆ ਕਿ ਉਸ ਨੇ ਵੱਖ-ਵੱਖ ਕੰਪਨੀਆਂ 'ਚ ਪੈਸੇ ਲਾਏ ਹੋਏ ਹਨ। ਉਸ ਨੂੰ ਹੈਦਰਾਬਾਦ ਦੇ ਇਨਕਮ ਟੈਕਸ ਵਿਭਾਗ ਦੇ ਅਕਾਊਂਟੈਂਟ ਰਾਜੀਵ ਸ਼ੁਕਲਾ ਦਾ ਫੋਨ ਆਇਆ। ਉਨ੍ਹਾਂ ਦੱਸਿਆ ਕਿ ਕੰਪਨੀਆਂ 'ਚ ਨਿਵੇਸ਼ ਕੀਤੇ 29 ਲੱਖ ਰੁਪਏ ਦਾ ਪਤਾ ਲਾ ਲਿਆ ਹੈ।

ਇਸ ਲਈ ਉਸ ਨੇ ਪੈਨ ਕਾਰਡ ਦੇ ਵੇਰਵੇ ਮੰਗੇ। ਇਸ ਤੋਂ ਬਾਅਦ ਵਿਜੇ ਠਾਕਰੇ ਦਾ ਫੋਨ ਆਇਆ। ਉਸ ਨੇ ਕਿਹਾ ਕਿ ਕੰਪਨੀਆਂ 'ਚ ਜਮ੍ਹਾਂ ਪੈਸੇ ਦਾ ਪਤਾ ਲਾਉਣ ਲਈ ਮੁੰਬਈ ਸਥਿਤ ਐੱਸ. ਬੀ. ਆਈ. 'ਚ ਪੈਸੇ ਜਮ੍ਹਾਂ ਕਰਵਾ ਦਿਓ। ਗਿਰੋਹ ਦੇ ਮੈਂਬਰ ਪੀੜਤ ਤੋਂ ਖ਼ਾਤਿਆਂ 'ਚ ਪੈਸੇ ਜਮ੍ਹਾਂ ਕਰਵਾਉਂਦੇ ਰਹੇ। ਉਨ੍ਹਾਂ ਨੇ ਮਹਾਰਾਸ਼ਟਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਵਿਚ ਤਿੰਨ ਲੱਖ 71 ਹਜ਼ਾਰ ਰੁਪਏ ਜਮ੍ਹਾਂ ਕਰਵਾ ਲਏ।

ਇਸ ਤੋਂ ਬਾਅਦ ਨਾਗਪੁਰ ਦੇ ਬੈਂਕ ਵਿਚ ਤਿੰਨ ਲੱਖ 57 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਠੱਗਾਂ ਦੇ ਕਹਿਣ ’ਤੇ 1 ਕਰੋੜ 19 ਲੱਖ 39 ਹਜ਼ਾਰ 149 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ। ਇਸ ਦੌਰਾਨ ਉਨ੍ਹਾਂ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੈਕਟਰ-36 ਥਾਣਾ ਪੁਲਸ ਨੇ ਠੱਗਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
 


Babita

Content Editor

Related News