ਮਨੀ ਐਕਸਚੇਂਜਰ ਦੀ ਮਹਿਲਾ ਕੈਸ਼ੀਅਰ 20 ਲੱਖ ਰੁਪਏ ਦੀ ਚੋਰੀ ਕਰ ਕੇ ਹੋਈ ਫ਼ਰਾਰ
Wednesday, Apr 08, 2026 - 05:52 PM (IST)
ਲੁਧਿਆਣਾ (ਗੌਤਮ): ਘੁਮਾਰ ਮੰਡੀ ਸਥਿਤ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਮਹਿਲਾ ਕੈਸ਼ੀਅਰ 20 ਲੱਖ ਰੁਪਏ ਦੀ ਚੋਰੀ ਕਰ ਕੇ ਫ਼ਰਾਰ ਹੋ ਗਈ। ਜਦੋਂ ਮਾਲਕ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਤੇ ਪੁਲਸ ਨੇ ਜਾਂਚ ਮਗਰੋਂ ਮਾਮਲਾ ਦਰਜ ਕਰ ਲਿਆ। ਪੁਲਸ ਨੇ ਸਤਜੋਤ ਨਗਰ ਨੇੜੇ ਸਾਈਂ ਨੰਦਰ ਦੀ ਰਹਿਣ ਵਾਲੀ ਪ੍ਰਿਤਪਾਲ ਕੌਰ ਪਤਨੀ ਅੰਗਰੇਜ਼ ਸਿੰਘ ਦੇ ਬਿਆਨਾਂ 'ਤੇ ਗੋਇੰਦਵਾਲ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਘੁਮਾਰ ਮੰਡੀ ਵਿਚ ਨਿਊ ਸ਼ੋਪਿੰਗ ਸੈਂਟਰ ਦੇ ਨਾਂ ਨਾਲ ਮਨੀ ਐਕਸਚੇਂਜ ਦੀ ਦੁਕਾਨ ਹੈ। ਉਕਤ ਮਹਿਲਾ ਉਨ੍ਹਾਂ ਕੋਲ ਬਤੌਰ ਕੈਸ਼ੀਅਰ ਕੰਮ ਕਰਦੀ ਸੀ। ਚੋਰੀ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਨ੍ਹਾਂ ਨੇ ਕੈਸ਼ ਦੀ ਜਾਂਚ ਕੀਤੀ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਉਕਤ ਮਹਿਲਾ ਨੇ ਇਕ ਬਿੱਲ 2300 ਅਮਰੀਕੀ ਡਾਲਰ (5 ਲੱਖ 26 ਹਜ਼ਾਰ 732 ਰੁਪਏ) ਦਾ ਕੱਟਿਆ, ਪਰ ਉਨ੍ਹਾਂ ਦੀ ਰਕਮ ਜਮ੍ਹਾਂ ਨਹੀਂ ਕਰਵਾਈ। ਉਸ ਮਗਰੋਂ ਮੁਲਜ਼ਮ ਨੇ 14300 ਅਮਰੀਕੀ ਡਾਲਰ (13 ਲੱਖ 14 ਹਜ਼ਾਰ 690 ਰੁਪਏ) ਦੇ ਦੋ ਵੱਖ-ਵੱਖ ਵਿਅਕਤੀਆਂ ਦੇ ਨਾਂ 'ਤੇ ਬਿੱਲ ਕੱਟ ਦਿੱਤੇ। ਉਸ ਮਗਰੋਂ ਮਹਿਲਾ ਦਫ਼ਤਰ ਤੋਂ ਗਾਇਬ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਮਹਿਲਾ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਫ਼ਿਲਹਾਲ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ ਹੈ।
