ਕੌਂਸਲਰ ਦੀ ਮਾਂ ਨਾਲ 30 ਲੱਖ ਰੁਪਏ ਦੀ ਠੱਗੀ! 15 ਸਾਲਾਂ ਤਕ ਭਰਦੀ ਰਹੀ ਕਿਸ਼ਤਾਂ

Monday, Oct 26, 2026 - 01:56 PM (IST)

ਕੌਂਸਲਰ ਦੀ ਮਾਂ ਨਾਲ 30 ਲੱਖ ਰੁਪਏ ਦੀ ਠੱਗੀ! 15 ਸਾਲਾਂ ਤਕ ਭਰਦੀ ਰਹੀ ਕਿਸ਼ਤਾਂ

ਲੁਧਿਆਣਾ (ਤਰੁਣ): ਡਾਕਖਾਨੇ ਵਿਚ ਪੀੜਤਾ ਦੇ 3 ਖਾਤਿਆਂ ਵਿਚ ਹਰ ਮਹੀਨੇ ਪੈਸੇ ਜਮ੍ਹਾਂ ਕਰਵਾਉਣ ਦਾ ਝਾਂਸਾ ਦੇ ਕੇ ਇਕ ਦੋਸ਼ੀ ਨੇ ਬਜ਼ੁਰਗ ਔਰਤ ਤੋਂ ਲਗਭਗ 30 ਲੱਖ ਰੁਪਏ ਠੱਗ ਲਏ। ਪੀੜਤ ਬਜ਼ੁਰਗ ਔਰਤ ਕੁਲਵੰਤ ਕੌਰ ਵਾਰਡ ਨੰ. 86 ਦੇ ਮੌਜੂਦਾ ਕੌਂਸਲਰ ਮਨਜੀਤ ਸਿੰਘ ਢਿੱਲੋਂ ਦੀ ਮਾਤਾ ਜੀ ਹਨ। ਧੋਖੇਬਾਜ਼ ਦੋਸ਼ੀ ਦੀ ਪਛਾਣ ਰੋਸ਼ਨ ਲਾਲ ਕਾਲੜਾ ਨਿਵਾਸੀ ਲੱਕੀ ਐਨਕਲੇਵ, ਬਸਤੀ ਚੌਂਕ ਵਜੋਂ ਹੋਈ ਹੈ।

ਪੀੜਤ ਬਜ਼ੁਰਗ ਔਰਤ ਕੁਲਵੰਤ ਕੌਰ ਨੇ ਦੱਸਿਆ ਕਿ 1998 ਵਿਚ ਦੋਸ਼ੀ ਰੋਸ਼ਨ ਲਾਲ ਨੇ ਡਾਕਖਾਨੇ ਵਿਚ ਆਰ. ਡੀ. (RD) ਖਾਤਾ ਖੋਲ੍ਹਣ ਦੀ ਗੱਲ ਕਹੀ ਸੀ। 3 ਆਰ. ਡੀ. ਖਾਤਿਆਂ ਵਿਚ ਪੈਸੇ ਜਮ੍ਹਾਂ ਕਰਵਾਉਣ ਦੇ ਨਾਂ 'ਤੇ ਦੋਸ਼ੀ ਰੋਸ਼ਨ ਲਾਲ 1998 ਤੋਂ 2012 ਤੱਕ ਹਰ ਮਹੀਨੇ 3 ਤੋਂ 5 ਹਜ਼ਾਰ ਰੁਪਏ ਨਕਦ ਲੈ ਕੇ ਜਾਂਦਾ ਰਿਹਾ।

ਇਨ੍ਹਾਂ 15 ਸਾਲਾਂ ਵਿਚ ਉਨ੍ਹਾਂ ਦੇ 3 ਆਰ. ਡੀ. ਖਾਤੇ ਤਿੰਨ ਵਾਰ ਮੈਚਿਓਰ ਹੋਏ, ਪਰ ਦੋਸ਼ੀ ਰੋਸ਼ਨ ਲਾਲ ਉਨ੍ਹਾਂ ਨੂੰ ਗੁੰਮਰਾਹ ਕਰਦਾ ਰਿਹਾ। ਹਰ ਵਾਰ 5 ਸਾਲ ਬਾਅਦ ਮੈਚਿਓਰ ਹੋਣ ਵਾਲੀ ਰਕਮ ਦੀ ਹੋਰ ਆਰ. ਡੀ. ਖੋਲ੍ਹਣ ਦੀ ਗੱਲ ਕਰਦਾ ਰਿਹਾ। 2025 ਵਿਚ ਜਦੋਂ ਉਨ੍ਹਾਂ ਨੇ ਰੋਸ਼ਨ ਲਾਲ ਕਾਲੜਾ ਤੋਂ ਡਾਕਖਾਨੇ ਦੇ ਆਰ. ਡੀ. ਖਾਤੇ ਵਿਚ ਜਮ੍ਹਾਂ ਰਾਸ਼ੀ ਕਢਵਾਉਣ ਦੀ ਗੱਲ ਕਹੀ ਤਾਂ ਦੋਸ਼ੀ ਆਨਾ-ਕਾਨੀ ਕਰਨ ਲੱਗ ਪਿਆ।

ਸ਼ੱਕ ਹੋਣ 'ਤੇ ਜਦੋਂ ਡਾਕਖਾਨੇ ਜਾ ਕੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਨਾਮ 'ਤੇ ਡਾਕਖਾਨੇ ਵਿੱਚ ਕੋਈ ਆਰ. ਡੀ. ਖਾਤਾ ਖੁੱਲ੍ਹਿਆ ਹੀ ਨਹੀਂ ਸੀ। ਦੋਸ਼ੀ ਡਾਕਖਾਨੇ ਦੇ ਜਾਲੀ ਕਾਰਡ ਦਿਖਾ ਕੇ ਉਨ੍ਹਾਂ ਨੂੰ ਗੁੰਮਰਾਹ ਕਰਦਾ ਰਿਹਾ। 1998 ਤੋਂ ਲੈ ਕੇ 2012 ਤੱਕ ਦੋਸ਼ੀ ਰੋਸ਼ਨ ਲਾਲ ਨੇ ਉਨ੍ਹਾਂ ਤੋਂ ਲਏ ਲੱਖਾਂ ਰੁਪਏ ਬੜੀ ਆਸਾਨੀ ਨਾਲ ਹੜੱਪ ਲਏ। ਦੋਸ਼ੀ ਨੇ ਉਨ੍ਹਾਂ ਨੂੰ ਆਰਥਿਕ ਹੀ ਨਹੀਂ ਬਲਕਿ ਮਾਨਸਿਕ ਤੌਰ 'ਤੇ ਵੀ ਕਾਫੀ ਚੋਟ ਪਹੁੰਚਾਈ ਹੈ।

ਇਸ ਸਬੰਧੀ ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਕੁਲਵੰਤ ਕੌਰ ਨਿਵਾਸੀ ਨਿਊ ਸ਼ਿਵਪੁਰੀ ਦੇ ਬਿਆਨਾਂ 'ਤੇ ਰੋਸ਼ਨ ਲਾਲ ਕਾਲੜਾ ਖ਼ਿਲਾਫ਼ ਸਾਜ਼ਿਸ਼ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 


author

Anmol Tagra

Content Editor

Related News