ਵਰਕਸ਼ਾਪ ''ਚੋਂ ਫਾਰਚੂਨਰ ਤੇ ਸਵਿਫਟ ਦਾ ਇੰਜਣ ਚੋਰੀ ਕਰਕੇ ਲੈ ਗਏ ਚੋਰ

Tuesday, Oct 27, 2026 - 03:44 PM (IST)

ਵਰਕਸ਼ਾਪ ''ਚੋਂ ਫਾਰਚੂਨਰ ਤੇ ਸਵਿਫਟ ਦਾ ਇੰਜਣ ਚੋਰੀ ਕਰਕੇ ਲੈ ਗਏ ਚੋਰ

​ਸਮਰਾਲਾ (ਸਚਦੇਵਾ, ਵਰਮਾ) : ਸਮਰਾਲਾ ਦੇ ਚੰਡੀਗੜ੍ਹ ਰੋਡ 'ਤੇ ਸਥਿਤ ਕਪਲਾ ਪੰਪ ਦੇ ਨੇੜੇ ਚਰਚ ਵਾਲੀ ਗਲੀ ਵਿਚ ਬਣੀ ਇਕ ਵਰਕਸ਼ਾਪ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਵਰਕਸ਼ਾਪ ਵਿਚੋਂ ਦੋ ਗੱਡੀਆਂ ਫਾਰਚੂਨਰ ਅਤੇ ਸਵਿਫਟ ਗੱਡੀ ਦਾ ਇੰਜਣ ਤੇ ਹੋਰ ਮਹਿੰਗਾ ਸਮਾਨ ਚੋਰੀ ਕਰਕੇ ਲੈ ਗਏ। ਚੋਰੀ ਦੀ ਘਟਨਾ ਤੇ 24 ਘੰਟੇ ਹੋਣ ਦੇ ਬਾਵਜੂਦ ਪੁਲਸ ਮੌਕਾ ਦੇਖਣ ਤੱਕ ਨਹੀਂ ਪਹੁੰਚੀ। ਪੀੜਤ ਦੁਕਾਨਦਾਰ ਹਰਮਨਦੀਪ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 3:20 ਤੋਂ 3:35 ਵਜੇ ਦੇ ਦਰਮਿਆਨ ਦੋ ਵਿਅਕਤੀ ਛੋਟਾ ਹਾਥੀ (ਟੈਂਪੂ) ਵਾਹਨ ਲੈ ਕੇ ਆਏ ਅਤੇ ਵਰਕਸ਼ਾਪ ਦੀ ਨੀਵੀਂ ਕੰਧ ਦਾ ਫਾਇਦਾ ਉਠਾ ਕੇ ਅੰਦਰ ਦਾਖਲ ਹੋਏ। ​ਚੋਰ ਵਰਕਸ਼ਾਪ ਵਿਚੋਂ ਏਅਰ ਪ੍ਰੈਸ਼ਰ ਗੰਨਾਂ, ਵਾਇਰਲੈੱਸ ਸੈੱਟ, ਇਕ ਫਾਰਚੂਨਰ ਗੱਡੀ ਦਾ ਇੰਜਣ, ਇਕ ਸਵਿਫਟ ਦਾ ਇੰਜਣ ਅਤੇ ਹੋਰ ਨਵਾਂ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਅਨੁਸਾਰ ਹੋਏ ਕੁੱਲ ਸਾਮਾਨ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਹੈ।

​ਪੀੜਤ ਹਰਮਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੀ ਸਾਰੀ ਸੀਸੀਟੀਵੀ ਫੁਟੇਜ ਉਨ੍ਹਾਂ ਕੋਲ ਮੌਜੂਦ ਹੈ ਅਤੇ ਇਸ ਬਾਰੇ ਕੱਲ੍ਹ ਹੀ ਪੁਲਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਸ ਮੌਕੇ 'ਤੇ ਜਾਂਚ ਕਰਨ ਲਈ ਨਹੀਂ ਪਹੁੰਚੀ। ਪੀੜਤ ਅਤੇ ਇਲਾਕਾ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੀ ਕਾਰਜਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਚੋਰਾਂ ਨੂੰ ਫੜਿਆ ਜਾਵੇ ਅਤੇ ਉਨ੍ਹਾਂ ਦਾ ਨੁਕਸਾਨ ਪੂਰਾ ਕੀਤਾ ਜਾਵੇ।


author

Gurminder Singh

Content Editor

Related News