ਲੁਧਿਆਣਾ ''ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ ਕੇ ਕਰਵਾਈ ਦਰਿੰਦਗੀ
Wednesday, Oct 14, 2026 - 07:43 PM (IST)
ਲੁਧਿਆਣਾ (ਰਾਜ): ਨਵੀਂ ਦਿੱਲੀ ਤੋਂ ਲੁਧਿਆਣਾ ਆ ਰਹੀ ਇਕ 17 ਸਾਲਾ ਨਾਬਾਲਗ ਲੜਕੀ ਨੂੰ ਭਰੋਸੇ ਵਿਚ ਲੈ ਕੇ ਨਸ਼ੀਲਾ ਪਦਾਰਥ ਪਿਆਉਣ ਅਤੇ ਹੋਟਲ ਦੇ ਕਮਰੇ ਵਿਚ ਲਿਜਾ ਕੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੱਸ ਦੇ ਸਫ਼ਰ ਦੌਰਾਨ ਨਾਲ ਬੈਠੀ ਇਕ ਔਰਤ ਨੇ ਡੂੰਘੀ ਸਾਜ਼ਿਸ਼ ਤਹਿਤ ਨਾਬਾਲਗ ਨੂੰ ਭਰੋਸੇ ਵਿਚ ਲਿਆ, ਉਸ ਨੂੰ ਸ਼ੇਰਪੁਰ ਸਥਿਤ ਲੋਹਾ ਪੁਲ ਨੇੜੇ ਉਤਾਰਿਆ ਅਤੇ ਫਿਰ ਨਸ਼ੀਲੀ ਕੋਲਡ ਡ੍ਰਿੰਕ ਪਿਆ ਕੇ ਹੋਟਲ ਲੈ ਗਈ, ਜਿੱਥੇ ਦੋ ਨੌਜਵਾਨਾਂ ਨੇ ਉਸ ਨਾਲ ਹੈਵਾਨੀਅਤ ਕੀਤੀ। ਵਾਰਦਾਤ ਤੋਂ ਬਾਅਦ ਮੂੰਹ ਬੰਦ ਰੱਖਣ ਲਈ ਪੀੜਤਾ ਨੂੰ ਧਮਕਾਇਆ ਗਿਆ ਅਤੇ ਬਸਤੀ ਜੋਧੇਵਾਲ ਚੌਂਕ ਵਿਚ ਸੜਕ ਕਿਨਾਰੇ ਬੇਹੋਸ਼ ਛੱਡ ਕੇ ਔਰਤ ਫ਼ਰਾਰ ਹੋ ਗਈ। ਮਾਮਲੇ ਵਿਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਾਰਦਾਤ ਦੇ ਕਰੀਬ 10 ਮਹੀਨੇ ਬਾਅਦ ਜਾ ਕੇ ਪੁਲਸ ਨੇ ਇਸ ਮਾਮਲੇ ਵਿਚ ਰਸਮੀ ਕਾਨੂੰਨੀ ਕਾਰਵਾਈ ਕਰਦਿਆਂ ਐੱਫ.ਆਈ.ਆਰ. ਦਰਜ ਕੀਤੀ ਹੈ।
ਪੁਲਸ ਕੋਲ ਦਰਜ ਕਰਵਾਏ ਗਏ ਅਧਿਕਾਰਤ ਬਿਆਨਾਂ ਵਿਚ ਪੀੜਤਾ ਦੀ ਨਾਨੀ ਨੇ ਦੱਸਿਆ ਕਿ ਉਨ੍ਹਾਂ ਦੀ 17 ਸਾਲਾ ਦੋਹਤੀ 17 ਨਵੰਬਰ 2025 ਨੂੰ ਨਵੀਂ ਦਿੱਲੀ ਤੋਂ ਬੱਸ ਵਿਚ ਸਵਾਰ ਹੋ ਕੇ ਲੁਧਿਆਣਾ ਆ ਰਹੀ ਸੀ। ਸਫ਼ਰ ਦੌਰਾਨ ਬੱਸ ਵਿਚ ਲੜਕੀ ਦੀ ਸੀਟ ਦੇ ਕੋਲ ਇਕ ਅਣਪਛਾਤੀ ਔਰਤ ਬੈਠੀ ਹੋਈ ਸੀ। ਉਸ ਔਰਤ ਨੇ ਗੱਲਾਂ-ਗੱਲਾਂ ਵਿਚ ਲੜਕੀ ਨੂੰ ਆਪਣੇ ਝਾਂਸੇ ਵਿਚ ਲੈ ਲਿਆ। ਜਦੋਂ ਬੱਸ ਲੁਧਿਆਣਾ ਸ਼ਹਿਰ ਵਿਚ ਦਾਖਲ ਹੋਈ, ਤਾਂ ਸ਼ਾਤਿਰ ਔਰਤ ਲੜਕੀ ਨੂੰ ਵਰਗਲਾ ਕੇ ਸ਼ੇਰਪੁਰ ਸਥਿਤ ਲੋਹਾ ਪੁਲ ਨੇੜੇ ਬੱਸ ਤੋਂ ਹੇਠਾਂ ਉਤਾਰ ਲੈ ਗਈ। ਬੱਸ ਤੋਂ ਉਤਾਰਨ ਤੋਂ ਬਾਅਦ ਔਰਤ ਨੇ ਲੜਕੀ ਨੂੰ ਪੀਣ ਲਈ ਕੋਲਡ ਡ੍ਰਿੰਕ ਦਿੱਤੀ। ਕੋਲਡ ਡ੍ਰਿੰਕ ਵਿਚ ਪਹਿਲਾਂ ਤੋਂ ਹੀ ਕੋਈ ਨਸ਼ੀਲਾ ਜਾਂ ਜ਼ਹਿਰੀਲਾ ਪਦਾਰਥ ਮਿਲਿਆ ਹੋਇਆ ਸੀ। ਜਿਵੇਂ ਹੀ ਲੜਕੀ ਨੇ ਉਹ ਡ੍ਰਿੰਕ ਪੀਤੀ, ਉਸ ਨੂੰ ਗੂੜ੍ਹਾ ਨਸ਼ਾ ਚੜ੍ਹ ਗਿਆ ਅਤੇ ਉਹ ਅੱਧ-ਬੇਹੋਸ਼ੀ ਦੀ ਹਾਲਤ ਵਿਚ ਆ ਗਈ। ਇਸ ਤੋਂ ਬਾਅਦ ਦੋਸ਼ੀ ਔਰਤ ਬੇਹੋਸ਼ ਲੜਕੀ ਨੂੰ ਇਕ ਨਿੱਜੀ ਹੋਟਲ ਵਿਚ ਲੈ ਗਈ। ਦੋਸ਼ ਹੈ ਕਿ ਹੋਟਲ ਦੇ ਕਮਰੇ ਵਿਚ ਪਹਿਲਾਂ ਤੋਂ ਮੌਜੂਦ ਦੋ ਅਣਪਛਾਤੇ ਨੌਜਵਾਨਾਂ ਨੇ ਬੇਹੋਸ਼ ਲੜਕੀ ਨਾਲ ਵਾਰੀ-ਵਾਰੀ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਦਰਿੰਦਗੀ ਤੋਂ ਬਾਅਦ ਜਦੋਂ ਲੜਕੀ ਹੋਸ਼ ਵਿਚ ਆਉਣ ਲੱਗੀ ਅਤੇ ਰੋਣ-ਕੁਰਲਾਉਣ ਲੱਗੀ, ਤਾਂ ਦੋਸ਼ੀ ਔਰਤ ਨੇ ਉਸ ਦੇ ਥੱਪੜ ਮਾਰੇ ਅਤੇ ਡਰਾਇਆ-ਧਮਕਾਇਆ। ਔਰਤ ਨੇ ਮਾਮਲੇ ਨੂੰ ਦਬਾਉਣ ਲਈ ਪੀੜਤਾ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਪੀੜਤਾ ਨੇ ਪੈਸੇ ਲੈਣ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਤਾਂ ਔਰਤ ਨੇ ਉਸ ਨੂੰ ਜ਼ੁਬਾਨ ਬੰਦ ਰੱਖਣ ਦੇ ਬਦਲੇ ਨਵੀਂ ਸਕੂਟੀ ਖ਼ਰੀਦ ਕੇ ਦੇਣ ਦਾ ਲਾਲਚ ਦਿੱਤਾ। ਇਸ ਤੋਂ ਬਾਅਦ ਰਾਤ ਲਗਭਗ 9 ਵਜੇ ਦੋਸ਼ੀ ਔਰਤ ਪੀੜਤਾ ਨੂੰ ਬਸਤੀ ਜੋਧੇਵਾਲ ਚੌਂਕ ਨੇੜੇ ਸੜਕ ਕਿਨਾਰੇ ਲਾਵਾਰਿਸ ਹਾਲਤ ਵਿਚ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਈ।
ਪੁਲਸ ਨੇ 10 ਮਹੀਨਿਆਂ ਬਾਅਦ ਦਰਜ ਕੀਤਾ ਮੁਕੱਦਮਾ
ਕਿਸੇ ਤਰ੍ਹਾਂ ਰੋਂਦੀ-ਕੁਰਲਾਉਂਦੀ ਘਰ ਪਹੁੰਚੀ ਲੜਕੀ ਨੇ ਪਰਿਵਾਰ ਵਾਲਿਆਂ ਨੂੰ ਆਪਬੀਤੀ ਦੱਸੀ, ਜਿਸ ਤੋਂ ਬਾਅਦ ਹੈਰਾਨ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ। ਮਾਮਲੇ ਵਿਚ ਪੁਲਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਉੱਠ ਰਹੇ ਹਨ, ਕਿਉਂਕਿ ਵਾਰਦਾਤ ਦੇ 10 ਮਹੀਨੇ ਬੀਤ ਜਾਣ ਤੋਂ ਬਾਅਦ ਹੁਣ ਜਾ ਕੇ ਪੁਲਸ ਨੇ ਰਸਮੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾ ਦੀ ਨਾਨੀ ਦੇ ਬਿਆਨਾਂ ਅਤੇ ਮੁਢਲੀ ਪੜਤਾਲ ਦੇ ਆਧਾਰ 'ਤੇ ਅਣਪਛਾਤੀ ਔਰਤ ਅਤੇ ਦੋਵੇਂ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਅਤੇ ਪੋਕਸੋ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
