ਪੌਲੈਂਡ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੇਂਟ ਨੇ ਮਾਰੀ ਲੱਖਾਂ ਦੀ ਠੱਗੀ, 6 ਖਿਲਾਫ ਕੇਸ ਦਰਜ

Saturday, May 05, 2018 - 04:40 PM (IST)

ਪੌਲੈਂਡ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੇਂਟ ਨੇ ਮਾਰੀ ਲੱਖਾਂ ਦੀ ਠੱਗੀ, 6 ਖਿਲਾਫ ਕੇਸ ਦਰਜ

ਮੋਗਾ (ਆਜ਼ਾਦ) - ਬੇਦੀ ਨਗਰ ਮੋਗਾ ਨਿਵਾਸੀ ਸਤਵੀਰ ਸਿੰਘ ਨੇ ਟਰੈਵਲ ਏਜੇਂਟ ਪਤੀ-ਪਤਨੀ ਵੱਲੋਂ ਆਪਣੇ ਰਿਸ਼ਤੇਦਾਰਾਂ ਨਾਲ ਕਥਿਤ ਮਿਲੀਭਗਤ ਕਰਕੇ ਉਸਨੂੰ ਪੌਲੇਂਡ (ਸ਼ੈਨੇਗੰਨ ਵੀਜ਼ਾ) ਭੇਜਣ ਦਾ ਝਾਂਸਾ ਦੇ ਕੇ 4 ਲੱਖ 70 ਹਜ਼ਾਰ ਰੁਪਏ ਦੀ ਠਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ਼ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲ੍ਹਾ ਪੁਲਸ ਮੁੱਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸਤਵੀਰ ਸਿੰਘ ਪੁੱਤਰ ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਡੇ ਗੁਆਂਢ ਐੱਨ.ਆਰ.ਆਈ. ਸਿੰਘ ਬ੍ਰਦਰਜ਼ ਦੇ ਸੰਚਾਲਕ ਗੁਰਧੀਰ ਸਿੰਘ ਰਹਿੰਦਾ ਸੀ, ਜਿਸ ਦਾ ਦਫਤਰ ਜੀ. ਟੀ. ਰੋਡ ਮੋਗਾ 'ਤੇ ਹੈ। ਮੈ ਵਿਦੇਸ਼ ਜਾਣ ਦਾ ਚਾਹਵਾਨ ਸੀ। ਅਸੀਂ ਉਸ ਨਾਲ 21 ਮਾਰਚ 2017 ਨੂੰ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਹ 26 ਦੇਸ਼ਾਂ ਦਾ ਸ਼ੈਨੇਗੰਨ ਵੀਜ਼ਾ ਲਗਵਾ ਕੇ ਪੌਲੇਂਡ ਭੇਜ ਦੇਵੇਗਾ ਅਤੇ ਸਾਡੀ 6 ਲੱਖ ਰੁਪਏ 'ਚ ਗੱਲ ਹੋ ਗਈ। ਇਸ ਤੋਂ ਬਾਅਦ ਮੈ ਉਸਨੂੰ ਆਪਣਾ ਪਾਸਪੋਰਟ ਤੇ ਹੋਰ ਕਾਗਜ਼ਾਤ ਤੋਂ ਇਲਾਵਾ 2 ਲੱਖ 70 ਹਜ਼ਾਰ ਰੁਪਏ ਗੁਰਧੀਰ ਸਿੰਘ ਸੰਚਾਲਕ ਐਨ.ਆਰ.ਆਈ. ਸਿੰਘ ਬ੍ਰਦਰਜ਼ ਦੇ ਖਾਤੇ ਵਿਚ ਜ਼ਮਾ ਕਰਵਾਉਣ ਦੇ ਇਲਾਵਾ 2 ਲੱਖ ਰੁਪਏ ਬਾਅਦ 'ਚ ਦੇ ਦਿੱਤੇ। ਮੈ ਉਸ ਨੂੰ ਇਹ ਸਾਰੇ ਪੈਸੇ ਉਸਦੀ ਪਤਨੀ ਅਵਨੀਤ ਕੌਰ, ਸਾਲੀ ਕੋਮਲਪ੍ਰੀਤ ਕੌਰ, ਭਰਾ ਰਾਜਵੀਰ ਸਿੰਘ, ਸਾਂਢੂ ਅਮਰਜੀਤ ਸਿੰਘ ਅਤੇ ਜਸਵਿੰਦਰ ਸਿੰਘ, ਜੋ ਉਸਦਾ ਰਿਸ਼ਤੇਦਾਰ ਹੈ, ਦੀ ਹਾਜ਼ਰੀ 'ਚ ਉਨ੍ਹਾਂ ਨੂੰ ਦੇ ਦਿੱਤੇ। 
ਇਸ ਤਰ੍ਹਾਂ ਕੁੱਲ 4 ਲੱਖ 70 ਹਜ਼ਾਰ ਰੁਪਏ ਅਸੀਂ ਉਸਨੂੰ ਦੇ ਦਿੱਤੇ। ਉਸਨੇ ਕਿਹਾ ਕਿ ਉਹ 28-29 ਮਾਰਚ 2017 ਤਕ ਵੀਜ਼ਾ ਅਤੇ 2 ਜਨਵਰੀ 2018 ਤਕ ਟਿਕਟ ਕਰਵਾ ਕੇ ਭੇਜ ਦੇਵੇਗਾ। ਬਾਅਦ ਵਿਚ ਉਸ ਨੇ ਸਾਨੂੰ 21 ਫਰਵਰੀ 2018 ਨੂੰ ਦਿੱਲੀ ਇੰਟਰਵਿਉ ਲਈ ਬੁਲਾਇਆ ਅਤੇ ਕਿਹਾ ਕਿ ਤੁਹਾਡੀ ਫਾਈਲ ਵੀ.ਐੱਫ.ਐੱਸ.ਗਲੋਬਲ ਅਬੈਂਸੀ ਵਿਚ ਭੇਜ ਦਿੱਤੀ, ਜਿਸ ਤੋਂ ਬਾਅਦ ਅਸੀਂ ਵਾਪਸ ਘਰ ਆ ਗਏ। ਸਾਨੂੰ ਗੁਰਧੀਰ ਸਿੰਘ ਨੇ ਕਿਹਾ ਕਿ ਤੁਹਾਡਾ ਵੀਜਾ ਆ ਗਿਆ ਹੈ, ਜੋ ਉਸਨੇ ਵਹਟਸਪ ਰਾਹੀ ਭੇਜਿਆ। ਜਦੋਂ ਅਸੀਂ ਉਸਦੀ ਜਾਂਚ ਕੀਤੀ ਤਾਂ ਉਹ ਜਾਅਲੀ ਨਿਕਲਿਆ। ਉਸ ਨੂੰ ਮਿਲਣ ਲਈ ਅਸੀਂ ਉਸ ਦੇ ਘਰ ਗਏ ਤਾਂ ਘਰ ਤਾਲੇ ਲੱਗੇ ਹੋਏ ਸਨ। ਇਸ ਤੋਂ ਬਾਅਦ ਅਸੀਂ ਉਸਦੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ ਪਰ ਸਾਨੂੰ ਉਨ੍ਹਾਂ ਨੇ ਕੋਈ ਜੁਆਬ ਨਹੀਂ ਦਿੱਤਾ। ਇਸ ਤਰ੍ਹਾਂ ਸਾਰਿਆਂ ਨੇ ਕਥਿਤ ਮਿਲੀਭਗਤ ਕਰਕੇ ਮੇਰੇ ਨਾਲ 4 ਲੱਖ 70 ਹਜ਼ਾਰ ਰੁਪਏ ਦੀ ਠਗੀ ਮਾਰੀ ਹੈ। 

ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਇਸਦੀ ਜਾਂਚ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕੀਤੀ। ਉਨ੍ਹਾਂ ਨੇ ਦੋਨ੍ਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਇਸ ਮੌਕੇ ਸ਼ਿਕਾਇਤ ਕਰਤਾ ਸਤਵੀਰ ਸਿੰਘ ਨੇ ਐੱਨ.ਆਰ.ਆਈ. ਸਿੰਘ ਬ੍ਰਦਰਜ਼ ਵੱਲੋਂ ਵਿਦੇਸ਼ ਜਾਣ ਲਈ ਉਸਨੂੰ ਲੈਟਰ ਪੈਡ 'ਤੇ ਲਿਖਿਆ ਦਸਤਾਵੇਜ ਪੇਸ਼ ਕੀਤਾ। ਜਾਂਚ ਅਧਿਕਾਰੀ ਨੇ ਜਾਂਚ ਰਿਪੋਰਟ ਡੀ.ਐਸ.ਪੀ. ਸਿਟੀ ਮੋਗਾ ਨੂੰ ਭੇਜੀ। ਉਕਤ ਮਾਮਲੇ 'ਚ ਥਾਣਾ ਸਿਟੀ ਮੋਗਾ ਵੱਲੋਂ ਐਨ.ਆਰ.ਆਈ. ਸਿੰਘ ਬ੍ਰਦਰਜ਼ ਦੇ ਸੰਚਾਲਕ ਗੁਰਧੀਰ ਸਿੰਘ, ਉਸਦੀ ਪਤਨੀ ਅਵਨੀਤ ਕੌਰ, ਭਰਾ ਰਾਜਵੀਰ ਸਿੰਘ, ਸਾਲੀ ਕੋਮਲਪ੍ਰੀਤ ਕੌਰ, ਸਾਂਢੂ ਅਮਰਜੀਤ ਸਿੰਘ ਅਤੇ ਇਕ ਰਿਸ਼ਤੇਦਾਰ ਜਸਵਿੰਦਰ ਸਿੰਘ ਸਾਰੇ ਨਿਵਾਸੀ ਮੋਗਾ ਦੇ ਖਿਲਾਫ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ। 
ਇਸ ਦੇ ਨਾਲ ਹੀ ਡੀ.ਐਸ.ਪੀ. ਸਿਟੀ ਕੇਸਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਕਥਿਤ ਦੋਸ਼ੀ ਐਨ.ਆਰ.ਆਈ. ਸਿੰਘ ਬ੍ਰਦਰਜ਼ ਦੇ ਸੰਚਾਲਕ ਗੁਰਧੀਰ ਸਿੰਘ ਤੇ ਉਸਦੀ ਪਤਨੀ ਦੇ ਖਿਲਾਫ ਧੋਖਾਧੜੀ ਦੇ ਮਾਮਲੇ ਦਰਜ ਹਨ। ਉਕਤ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਨੇਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
   


Related News