ਪਤਨੀ ਨਾਲ ਜਾਅਲਸਾਜ਼ੀ ਕਰਨ ਦੇ ਦੋਸ਼ ''ਚ ਪਤੀ ਸਣੇ 2 ਨਾਮਜ਼ਦ

Sunday, Oct 22, 2017 - 10:17 AM (IST)

ਪਤਨੀ ਨਾਲ ਜਾਅਲਸਾਜ਼ੀ ਕਰਨ ਦੇ ਦੋਸ਼ ''ਚ ਪਤੀ ਸਣੇ 2 ਨਾਮਜ਼ਦ

ਮਾਲੇਰਕੋਟਲਾ (ਯਾਸੀਨ)— ਥਾਣਾ ਸਿਟੀ-1 ਦੀ ਪੁਲਸ ਨੇ ਅੰਮ੍ਰਿਤਸਰ ਵਾਸੀ 2 ਵਿਅਕਤੀਆਂ 'ਤੇ ਹਮਮਸ਼ਵਰਾ ਹੋ ਕੇ ਜਾਅਲਸਾਜ਼ੀ ਦੀ ਨੀਅਤ ਨਾਲ ਢਾਈ ਲੱਖ ਰੁਪਏ ਉਧਾਰ ਦੇਣ ਦੇ ਤਿਆਰ ਕੀਤੇ ਝੂਠੇ ਮਾਮਲੇ ਅਧੀਨ ਮੁਕੱਦਮਾ ਦਰਜ ਕੀਤਾ ਹੈ ।
ਮੁੱਦਈ ਰੀਤੂ ਪਤਨੀ ਲਵਨੀਤ ਦੱਤਾ ਹਾਲ ਆਬਾਦ ਮੁਹੱਲਾ ਡਾਕਟਰ ਦਿਆਕ੍ਰਿਸ਼ਨ, ਮਾਲੇਰਕੋਟਲਾ (ਪਿਤਾ ਜੋਗਿੰਦਰ ਲਾਲ ਦੇ ਘਰ) ਨੇ ਦੋਸ਼ੀਆਂ ਖਿਲਾਫ ਹੋਈ ਐੱਫ. ਆਈ. ਆਰ. ਦੀ ਕਾਪੀ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਉਸ ਨੇ ਲਵਨੀਤ ਦੱਤਾ ਪੁੱਤਰ ਸ਼ਾਮ ਸੁੰਦਰ ਵਾਸੀ ਨਵਾਂ ਕੋਟ, ਅੰਮ੍ਰਿਤਸਰ ਅਤੇ ਸਿਮਰਜੀਤ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਨਿਊ ਅੰਤਰਯਾਮੀ ਕਾਲੋਨੀ, ਅੰਮ੍ਰਿਤਸਰ ਖਿਲਾਫ ਐੱਸ. ਐੱਸ. ਪੀ. ਸੰਗਰੂਰ ਦੇ ਨਾਂ ਦਿੱਤੀ ਦਰਖਾਸਤ 'ਚ ਅਰਜ਼ ਕੀਤਾ ਸੀ ਕਿ ਉਸ ਦਾ ਵਿਆਹ ਲਵਨੀਤ ਦੱਤਾ ਨਾਲ ਦਸੰਬਰ 2011 'ਚ ਹੋਇਆ ਸੀ ਅਤੇ 2013 'ਚ ਉਸ ਨੂੰ ਘੱਟ ਦਾਜ ਲਿਆਉਣ ਦੇ ਮਾਮਲੇ 'ਚ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਗਿਆ। ਉਸ ਸਮੇਂ ਉਸ ਦਾ ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਚੈੱਕ ਬੁੱਕਸ, ਪਾਸ ਬੁੱਕਸ ਅਤੇ ਹੋਰ ਕਈ ਜ਼ਰੂਰੀ ਕਾਗਜ਼ਾਤ ਸਹੁਰਾ ਪਰਿਵਾਰ ਨੇ ਦੱਬ ਲਏ ਸਨ । ਉਸ ਨੇ ਦੱਸਿਆ ਕਿ ਉਸ ਨੂੰ ਫਰਵਰੀ 2017 'ਚ ਇਕ ਲੀਗਲ ਨੋਟਿਸ ਅੰਮ੍ਰਿਤਸਰ ਤੋਂ ਮਿਲਿਆ, ਜਿਸ ਨੂੰ ਪੜ੍ਹ ਕੇ ਉਹ ਹੱਕੀ-ਬੱਕੀ ਰਹਿ ਗਈ । ਨੋਟਿਸ 'ਚ ਲਿਖਿਆ ਸੀ ਕਿ ਉਸ ਨੇ ਸਿਮਰਜੀਤ ਕੌਰ ਕੋਲੋਂ 2,50,000 ਰੁਪਏ ਸਾਲ 2012 'ਚ ਉਧਾਰ ਲਏ ਸਨ ਅਤੇ 15000 ਰੁਪਏ ਮਿਤੀ 8.12.2016 ਨੂੰ ਵਾਪਸ ਕਰ ਦਿੱਤੇ ਅਤੇ ਬਾਕੀ ਪੈਸਿਆਂ ਦੀ ਬਾਬਤ ਇਕ ਚੈੱਕ 8.12.2016 ਨੂੰ ਮੁਬਲਿਗ 2,35,000 ਰੁਪਏ ਦਾ ਦਿੱਤਾ ਸੀ ।
ਉਸ ਨੇ ਕਿਹਾ ਕਿ ਉਹ ਸਿਮਰਜੀਤ ਕੌਰ ਨਾਂ ਦੀ ਔਰਤ ਨੂੰ ਜਾਣਦੀ ਤੱਕ ਨਹੀਂ ਹੈ ਅਤੇ ਨਾ ਹੀ ਉਸ ਨੇ ਸਿਮਰਜੀਤ ਕੌਰ ਕੋਲੋਂ ਕਦੀ ਵੀ ਕੋਈ ਪੈਸੇ ਉਧਾਰ ਲਏ ਹਨ ਅਤੇ ਕੋਈ ਚੈੱਕ ਵੀ ਜਾਰੀ ਨਹੀਂ ਕੀਤਾ । ਉਸ ਨੇ ਦੋਸ਼ ਲਾਇਆ ਹੈ ਬਾਕੀ ਕਾਗਜ਼ਾਂ ਸਣੇ ਉਸ ਦੀਆਂ ਚੈੱਕ ਬੁੱਕਸ ਵੀ ਸਹੁਰਾ ਪਰਿਵਾਰ ਨੇ ਆਪਣੇ ਕਬਜ਼ੇ 'ਚ ਕਰ ਲਈਆਂ ਸਨ ਅਤੇ ਉਨ੍ਹਾਂ 'ਚੋਂ ਹੀ ਚੈੱਕ ਕੱਟ ਕੇ ਉਸ ਦੇ ਪਤੀ ਨੇ ਸਿਮਰਜੀਤ ਕੌਰ ਨੂੰ ਜਾਰੀ ਕੀਤਾ ਹੈ । ਪੁਲਸ ਨੇ ਪੂਰੀ ਜਾਂਚ ਪੜਤਾਲ ਅਤੇ ਡੀ. ਏ. ਲੀਗ਼ਲ ਦੀ ਲਈ ਰਾਏ ਉਪਰੰਤ ਦੋਵਾਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।ਥਾਣਾ ਇੰਚਾਰਜ ਜਤਿੰਦਰਪਾਲ ਸਿੰਘ ਨਾਲ ਹੋਈ ਫੋਨ 'ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਜੇ ਤੱਕ ਉਕਤ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ ।
 


Related News