‘ਵਰਕ ਫਰਾਮ ਹੋਮ’ ਦੇ ਨਾਂ ’ਤੇ ਔਰਤ ਨਾਲ 1.88 ਲੱਖ ਦੀ ਠੱਗੀ, ਮਾਮਲਾ ਦਰਜ
Wednesday, Oct 07, 2026 - 11:02 AM (IST)
ਫਿਰੋਜ਼ਪੁਰ (ਆਨੰਦ) : ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਸਾਈਬਰ ਠੱਗ ਨਵੇਂ-ਨਵੇਂ ਤਰੀਕੇ ਅਪਣਾ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਕੈਂਟ ਤੋਂ ਸਾਹਮਣੇ ਆਇਆ ਹੈ, ਜਿੱਥੇ ‘ਵਰਕ ਫਰਾਮ ਹੋਮ’ ਦੇ ਨਾਂ ’ਤੇ ਇਕ ਔਰਤ ਨਾਲ 1,88,000 ਰੁਪਏ ਦੀ ਠੱਗੀ ਮਾਰਨ ਖ਼ਬਰ ਮਿਲੀ ਹੈ। ਇਸ ਸਬੰਧੀ ਸਾਈਬਰ ਕ੍ਰਾਈਮ ਥਾਣਾ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਸੁਮਨ ਪਤਨੀ ਸ਼ਿਵਮ ਸ਼ਰਮਾ ਵਾਸੀ ਫਿਰੋਜ਼ਪੁਰ ਕੈਂਟ ਨੇ ਦੱਸਿਆ ਕਿ 30 ਸਤੰਬਰ 2026 ਨੂੰ ਉਸ ਨੇ ਇੰਸਟਾਗ੍ਰਾਮ ’ਤੇ ‘ਵਰਕ ਫਰਾਮ ਹੋਮ’ ਦਾ ਇਕ ਇਸ਼ਤਿਹਾਰ ਵੇਖਿਆ ਸੀ।
ਜਦੋਂ ਉਸ ਨੇ ਉਸ ਇਸ਼ਤਿਹਾਰ ’ਚ ਦਿੱਤੇ ਲਿੰਕ ’ਤੇ ਕਲਿੱਕ ਕੀਤਾ ਤਾਂ ਵਟਸਐਪ ਨੰਬਰ 9209125846 ’ਤੇ ਚੈਟ ਸ਼ੁਰੂ ਹੋ ਗਈ। ਸੁਮਨ ਨੇ ਦੱਸਿਆ ਕਿ ਠੱਗਾਂ ਨੇ ਉਸ ਨੂੰ ਆਪਣੇ ਜਾਲ ਵਿਚ ਫਸਾ ਕੇ ਅਤੇ ਵੱਡੇ ਮੁਨਾਫ਼ੇ ਦਾ ਲਾਲਚ ਦੇ ਕੇ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਕੁੱਲ 1,88,000 ਰੁਪਏ ਆਪਣੇ ਖ਼ਾਤਿਆਂ ਵਿਚ ਟਰਾਂਸਫਰ ਕਰਵਾ ਲਏ। ਪਰ ਜਦੋਂ ਇਨਵੈਸਟ ਕੀਤੀ ਗਈ ਰਕਮ ਅਤੇ ਮੁਨਾਫ਼ਾ ਵਾਪਸ ਨਾ ਆਇਆ ਤਾਂ ਉਸ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ। ਸੁਮਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਸੁਮਨ ਦੇ ਬਿਆਨਾਂ ’ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
