ਜਾਅਲੀ ਦਸਤਾਵੇਜ਼ ’ਤੇ ਜ਼ੀਰਕਪੁਰ ਦੇ ਨੌਜਵਾਨ ਨੇ 9 ਵਾਰ ਲਿਆ ਲੋਨ
Wednesday, Mar 05, 2025 - 03:09 PM (IST)

ਚੰਡੀਗੜ੍ਹ (ਸੁਸ਼ੀਲ) : ਜਾਅਲੀ ਦਸਤਾਵੇਜ਼ ’ਤੇ ਜ਼ੀਰਕਪੁਰ ਦੇ ਨੌਜਵਾਨ ਨੇ ਵੱਖ-ਵੱਖ ਦੁਕਾਨਾਂ ਤੋਂ ਮੋਬਾਇਲ ਅਤੇ ਹੋਰ ਸਾਮਾਨ ਉਧਾਰ ਲਿਆ। ਬਜਾਜ ਕੰਪਨੀ ਨੇ ਚੈੱਕ ਕੀਤਾ ਤਾਂ ਜ਼ੀਰਕਪੁਰ ਵਾਸੀ ਇਰਫਾਨ ਅਲੀ ਨੇ 9 ਵਾਰ ਲੋਨ ਲਿਆ ਪਰ ਕਿਸ਼ਤਾਂ ਨਹੀਂ ਭਰੀਆਂ। ਬਜਾਜ ਫਾਈਨੈਂਸ ਲਿ. ਦੇ ਪ੍ਰਤੀਨਿਧੀ ਆਦਰਸ਼ ਭਾਰਦਵਾਜ ਦੀ ਸ਼ਿਕਾਇਤ ’ਤੇ ਸੈਕਟਰ-19 ਥਾਣਾ ਪੁਲਸ ਨੇ ਮੁਲਜ਼ਮ ਜ਼ੀਰਕਪੁਰ ਵਾਸੀ ਇਰਫਾਨ ਅਲੀ ’ਤੇ ਮਾਮਲਾ ਦਰਜ ਕੀਤਾ ਹੈ।
ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਆਦਰਸ਼ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਜ਼ੀਰਕਪੁਰ ਵਾਸੀ ਇਰਫਾਨ ਅਲੀ ਨੇ ਚੰਡੀਗੜ੍ਹ ’ਚ ਵੱਖ-ਵੱਖ ਡੀਲਰਾਂ ਤੋਂ ਉਪਭੋਗਤਾ ਵਸਤੂਆਂ ਅਤੇ ਮੋਬਾਇਲ ਖ਼ਰੀਦਣ ਲਈ 9 ਵਾਰ ਲੋਨ ਲਿਆ। ਕੰਪਨੀ ਦੇ ਅੰਦਰੂਨੀ ਆਡਿਟ ਤੋਂ ਪਤਾ ਲੱਗਾ ਕਿ ਮੁਲਜ਼ਮ ਇਰਫਾਨ ਨੇ ਹੋਰ ਵਿਅਕਤੀਆਂ ਦੇ ਪੈਨ ਕਾਰਡਾਂ ਦੀ ਵਰਤੋਂ ਕਰ ਕੇ ਲੋਨ ਲਿਆ ਸੀ। ਇਸ ਤਰ੍ਹਾਂ ਮੁਲਜ਼ਮ ਨੇ ਧੋਖਾਧੜੀ ਕਰ ਕੇ ਕੰਪਨੀ ਨੂੰ ਧੋਖਾ ਦੇ ਕੇ ਨੁਕਸਾਨ ਪਹੁੰਚਾਇਆ।
ਸ਼ਿਕਾਇਤਕਰਤਾ ਨੇ ਐੱਸ. ਐੱਸ. ਪੀ. ਨੂੰ ਪਬਲਿਕ ਵਿੰਡੋਂ ’ਚ ਸ਼ਿਕਾਇਤ ਦਰਜ ਕਰਵਾਈ। ਐੱਸ. ਐੱਸ. ਪੀ. ਨੇ ਸ਼ਿਕਾਇਤ ਨੂੰ ਜਾਂਚ ਲਈ ਸੈਕਟਰ-19 ਥਾਣੇ ਭੇਜ ਦਿੱਤਾ ਹੈ। ਜਾਂਚ ਤੋਂ ਬਾਅਦ ਸੈਕਟਰ-19 ਥਾਣਾ ਪੁਲਸ ਨੇ ਮੁਲਜ਼ਮ ਇਰਫਾਨ ਅਲੀ ਖ਼ਿਲਾਫ਼ ਪਰਚਾ ਦਰਜ ਕਰ ਲਿਆ।