ਕੈਨੇਡਾ ਦੇ PR ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 35.56 ਲੱਖ ਦੀ ਠੱਗੀ

Tuesday, Oct 17, 2023 - 05:22 PM (IST)

ਕੈਨੇਡਾ ਦੇ PR ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 35.56 ਲੱਖ ਦੀ ਠੱਗੀ

ਮੋਹਾਲੀ (ਸੰਦੀਪ) : ਕੈਨੇਡਾ ਦੀ ਪੀ. ਆਰ. ਦਿਵਾਉਣ ਦਾ ਝਾਂਸਾ ਦੇ ਕੇ ਕਰੀਬ 35.36 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਸੈਕਟਰ-106 ਸਥਿਤ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਸੰਜੇ ਅਤੇ ਅਰਪਨਾ ਖ਼ਿਲਾਫ਼ ਥਾਣਾ ਸੋਹਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪਟਿਆਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਵਿੰਦਰ ਨੇ ਦੱਸਿਆ ਕਿ ਕਿਸੇ ਜਾਣਕਾਰ ਨੇ ਦੱਸਿਆ ਸੀ ਕਿ ਸੰਜੇ ਨੇ ਸੈਕਟਰ-106 ਵਿਚ ਦਫ਼ਤਰ ਖੋਲ੍ਹਿਆ ਹੈ ਤੇ ਕੈਨੇਡਾ ਦੀ ਪੀ. ਆਰ. ਕਰਵਾ ਸਕਦਾ ਹੈ।

ਇਸ ਤੋਂ ਬਾਅਦ ਉਹ ਉਸ ਨੂੰ ਮਿਲਿਆ ਅਤੇ ਕੈਨੇਡਾ ਭੇਜਣ ਲਈ 7 ਲੱਖ ਰੁਪਏ ਦੀ ਮੰਗ ਕੀਤੀ। 3 ਲੱਖ ਰੁਪਏ ਐਡਵਾਂਸ ਦੇ ਦਿੱਤੇ। ਇਸ ਤੋਂ ਬਾਅਦ ਇਹ ਨਵੀਂ ਸਕੀਮ ਦੱਸ ਕੇ 12 ਲੱਖ ਰੁਪਏ ਦੀ ਮੰਗ ਕੀਤੀ ਗਈ। ਜਦੋਂ ਕੈਨੇਡਾ ਨਹੀਂ ਭੇਜਿਆ ਗਿਆ ਤਾਂ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ। ਉਸ ਨੂੰ ਸਿਰਫ਼ 1 ਲੱਖ ਰੁਪਏ ਹੀ ਵਾਪਸ ਕੀਤੇ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਵਿੰਦਰ ਨੇ ਦੋਸ਼ ਲਾਇਆ ਹੈ ਕਿ ਸੰਜੇ ਅਤੇ ਅਰਪਨਾ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕਈ ਲੋਕਾਂ ਨਾਲ ਕਰੀਬ 35.36 ਲੱਖ ਰੁਪਏ ਦੀ ਠੱਗੀ ਮਾਰੀ ਹੈ।


author

Babita

Content Editor

Related News