ਬਿਜਲੀ ਦਾ ਬਿੱਲ ਭਰਨ ਅਤੇ ਰਿਸ਼ਤੇਦਾਰ ’ਤੇ ਮੁਸੀਬਤ ਹੋਣ ਦੇ ਨਾਂ ’ਤੇ 3 ਲੋਕਾਂ ਨਾਲ ਠੱਗੀ

10/17/2022 11:05:43 AM

ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਠੱਗਾਂ ਨੇ ਬਿਜਲੀ ਦੇ ਬਿੱਲ ਭਰਨ, ਕੈਨੇਡਾ 'ਚ ਰਿਸ਼ਤੇਦਾਰੀ 'ਚ ਫਸਣ ਅਤੇ ਕੰਪਨੀ ਦੇ ਜਾਅਲੀ ਦਸਤਖ਼ਤ ਬਣਾ ਕੇ ਠੱਗੀ ਮਾਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੀੜਤਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਓਮ ਪ੍ਰਕਾਸ਼ ਬੱਤਰਾ ਤੋਂ ਬਿੱਲ ਦੇ ਨਾਂ ’ਤੇ 3 ਲੱਖ 65 ਹਜ਼ਾਰ ਰੁਪਏ, ਸੈਕਟਰ-51ਏ ਦੇ ਰਹਿਣ ਵਾਲੇ ਬਲਬੀਰ ਸਿੰਘ ਨਾਲ 7 ਲੱਖ 71 ਹਜ਼ਾਰ ਅਤੇ ਕੇਅਰ ਪਾਰਟਨਰ ਗਰੁੱਪ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਡਾਇਰੈਕਟਰ ਸੁਸ਼ਮਾ ਖਿੰਦਾਰੀਆ ਦੇ ਜਾਅਲੀ ਦਸਤਖ਼ਤ ਕਰ ਕੇ ਇਹ ਧੋਖਾਦੇਹੀ ਕੀਤੀ। ਸਾਈਬਰ ਸੈੱਲ ਅਤੇ ਥਾਣਾ 19 ਸੈਕਟਰ 'ਚ ਅਣਪਛਾਤੇ ’ਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਬਿਜਲੀ ਦਾ ਬਿੱਲ ਭਰਨ ਦੇ ਨਾਂ ’ਤੇ ਠੱਗੀ
ਸੈਕਟਰ-12 ਸਥਿਤ ‘ਪੈਕ’ ਦੇ ਵਸਨੀਕ ਓਮ ਪ੍ਰਕਾਸ਼ ਬੱਤਰਾ ਨੇ ਪੁਲਸ ਨੂੰ ਦੱਸਿਆ ਕਿ 10 ਅਕਤੂਬਰ ਨੂੰ ਉਸ ਦੇ ਮੋਬਾਇਲ ’ਤੇ ਆਏ ਮੈਸੇਜ 'ਚ ਲਿਖਿਆ ਸੀ ਕਿ ਸਰ! ਤੁਹਾਡਾ ਬਿਜਲੀ ਬਿੱਲ ਬਕਾਇਆ ਹੈ। ਜੇਕਰ ਇਸ ਨੂੰ ਤੁਰੰਤ ਜਮ੍ਹਾਂ ਨਾ ਕਰਵਾਇਆ ਤਾਂ ਤੁਹਾਡੇ ਘਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਭੁਗਤਾਨ ਕਰਨ ਲਈ ਹੇਠਾਂ ਇਕ ਮੋਬਾਇਲ ਨੰਬਰ ਵੀ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਨੇ ਮੈਸੇਜ ਵਿਚ ਦੱਸੇ ਮੋਬਾਇਲ ਨੰਬਰ ’ਤੇ ਕਾਲ ਕੀਤੀ ਅਤੇ ਪਹਿਲਾਂ ਹੀ ਜਮ੍ਹਾਂ ਹੋ ਰਹੇ ਬਿਜਲੀ ਬਿੱਲ ਸਬੰਧੀ ਜਾਣਕਾਰੀ ਦੇ ਕੇ ਅਜਿਹਾ ਮੈਸੇਜ ਭੇਜਣ ਦਾ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਤਾਂ ਸਾਹਮਣੇ ਵਾਲੇ ਵਿਅਕਤੀ ਨੇ ਕਾਲ ਰਿਸੀਵ ਨਹੀਂ ਕੀਤੀ ਅਤੇ ਕੁੱਝ ਦੇਰ ਬਾਅਦ ਇਕ ਵਿਅਕਤੀ ਨੇ ਖੁਦ ਨੂੰ ਬਿਜਲੀ ਵਿਭਾਗ ਦਾ ਮੁਲਾਜ਼ਮ ਦੱਸ ਕੇ ਫੋਨ ਕੀਤਾ ਅਤੇ ਸ਼ਿਕਾਇਤਕਰਤਾ ਦੀ ਗੱਲ ਸੁਣ ਕੇ ਮਦਦ ਕਰਨ ਦਾ ਭਰੋਸਾ ਦਿੱਤਾ। ਮੁਲਜ਼ਮ ਨੇ ਸ਼ਿਕਾਇਤਕਰਤਾ ਓਮ ਪ੍ਰਕਾਸ਼ ਨੂੰ ਤੁਰੰਤ ਐਪ ਡਾਊਨਲੋਡ ਕਰਨ ਤੋਂ ਬਾਅਦ 10 ਰੁਪਏ ਅਦਾ ਕਰਨ ਲਈ ਕਿਹਾ, ਤਾਂ ਜੋ ਬਿੱਲ ਨੂੰ ਅਪਡੇਟ ਕੀਤਾ ਜਾ ਸਕੇ। ਅਜਿਹਾ ਕਰ ਕੇ ਕੁਝ ਹੀ ਸਮੇਂ ਵਿਚ ਸ਼ਿਕਾਇਤਕਰਤਾ ਦੇ ਬੈਂਕ ਖਾਤੇ ਵਿਚੋਂ ਵੱਖ-ਵੱਖ ਟ੍ਰਾਂਜੈਕਸ਼ਨ ਵਿਚ 3 ਲੱਖ 65 ਹਜ਼ਾਰ ਦੀ ਠੱਗੀ ਹੋ ਗਈ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੀਤਾ ਹੈ।
ਵਿਦੇਸ਼ ’ਚ ਭਤੀਜੇ ਦੇ ਫ਼ਸੇ ਹੋਣ ਦੇ ਨਾਂ ’ਤੇ 7.25 ਲੱਖ ਠੱਗੇ
ਸੈਕਟਰ-51 ਦੇ ਵਸਨੀਕ ਬਲਬੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮੋਬਾਇਲ ਨੰਬਰ ’ਤੇ ਵਿਦੇਸ਼ ਤੋਂ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਉਨ੍ਹਾਂ ਦਾ ਰਿਸ਼ਤੇਦਾਰ ਦੱਸਦਿਆਂ ਕਿਹਾ ਕਿ ਤੁਹਾਡਾ ਭਤੀਜਾ ਜੱਸੀ ਕਿਸੇ ਵੱਡੀ ਸਮੱਸਿਆ 'ਚ ਫਸ ਗਿਆ ਹੈ। ਕੈਨੇਡਾ ਵਿਚ ਹੋਏ ਝਗੜੇ ਕਾਰਨ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹੁਣ ਉਸ ਨੂੰ ਛੁਡਾਉਣ ਲਈ ਪੁਲਸ ਨੂੰ 5 ਹਜ਼ਾਰ ਡਾਲਰ ਅਦਾ ਕਰਨੇ ਪੈਣਗੇ। ਫੋਨ ਕਰਨ ਵਾਲੇ ਨੇ ਬਲਬੀਰ ਸਿੰਘ ਨੂੰ ਝਾਂਸਾ ਦੇ ਕੇ ਆਪਣੇ ਬੈਂਕ ਖਾਤੇ 'ਚ ਚੈੱਕ ਰਾਹੀਂ 7 ਲੱਖ 25 ਹਜ਼ਾਰ ਰੁਪਏ ਟਰਾਂਸਫਰ ਕਰਨ ਲਈ ਕਿਹਾ। ਪੈਸੇ ਲੈਣ ਸਬੰਧੀ ਰਿਸ਼ਤੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਪੈਸੇ ਨਹੀਂ ਮੰਗੇ। ਬਲਬੀਰ ਸਿੰਘ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦਸਤਾਵੇਜ਼ਾਂ ’ਤੇ ਜਾਅਲੀ ਦਸਤਖ਼ਤ ਕੀਤੇ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੇਅਰ ਪਾਰਟਨਰ ਗਰੁੱਪ ਇੰਡੀਆ ਪ੍ਰਾਈਵੇਟ ਲਿਮਟਿਡ ਸੈਕਟਰ-18 ਦੀ ਡਾਇਰੈਕਟਰ ਸੁਸ਼ਮਾ ਖਿੰਦਾਰੀਆ ਨੇ ਦੱਸਿਆ ਕਿ ਖਰੜ ਦਾ ਰਹਿਣ ਵਾਲਾ ਰੋਹਿਤ ਉਨ੍ਹਾਂ ਦੀ ਕੰਪਨੀ ਵਿਚ ਅਕਾਊਂਟੈਂਟ ਅਤੇ ਕੁਲਵਿੰਦਰ ਸਿੰਘ ਸਹਾਇਕ ਮੈਨੇਜਰ ਵਜੋਂ ਕੰਮ ਕਰਦਾ ਸੀ। ਉਕਤ ਦੋਵਾਂ ਵਿਅਕਤੀਆਂ ਨੇ ਕੰਪਨੀ ਦੇ ਕਾਗਜ਼ਾਂ ’ਤੇ ਜਾਅਲੀ ਦਸਤਖ਼ਤ ਕਰਵਾ ਲਏ ਅਤੇ ਕੰਪਨੀ ਨੂੰ ਕਾਫੀ ਨੁਕਸਾਨ ਹੋਇਆ, ਜਿਸ ਦਾ ਖ਼ੁਲਾਸਾ ਆਡਿਟ ਦੌਰਾਨ ਹੋਇਆ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-19 ਥਾਣੇ ਦੀ ਪੁਲਸ ਨੇ ਡਾਇਰੈਕਟਰ ਸੁਸ਼ਮਾ ਖਿੰਦਾਰੀਆ ਦੀ ਸ਼ਿਕਾਇਤ ’ਤੇ ਅਕਾਊਂਟਟੈਂਟ ਅਤੇ ਕੁਲਵਿੰਦਰ ਸਿੰਘ ਸਹਾਇਕ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


Babita

Content Editor

Related News