ਸਰਪੰਚ ''ਤੇ ਫੰਡਾਂ ਦੇ ਘਪਲੇ ਦੇ ਲਾਏ ਦੋਸ਼

07/17/2018 10:32:29 AM

ਮੋਹਾਲੀ (ਨਿਆਮੀਆਂ) : ਨਜ਼ਦੀਕੀ ਪਿੰਡ ਬਹਿਲੋਲਪੁਰ ਦੇ ਵਸਨੀਕ ਜਨਕ ਸਿੰਘ ਨੇ ਆਰ. ਟੀ. ਆਈ. ਰਾਹੀਂ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ 'ਤੇ ਆਪਣੇ ਪਿੰਡ ਦੇ ਸਰਪੰਚ 'ਤੇ ਲੱਖਾਂ ਰੁਪਏ ਦੇ ਘਪਲੇ ਕਰਨ ਦੇ ਦੋਸ਼ ਲਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਘਪਲਿਆਂ ਦੀ ਨਿਰਪੱਖ ਤੌਰ 'ਤੇ ਜਾਂਚ ਕਰਵਾਈ ਜਾਵੇ। ਇਸ ਸਬੰਧੀ ਉਨ੍ਹਾਂ ਪੰਚਾਇਤ ਮੰਤਰੀ ਤੇ ਪੇਂਡੂ ਵਿਕਾਸ ਵਿਭਾਗ ਦੇ ਵਿੱਤ ਕਮਿਸ਼ਨਰ ਨੂੰ ਲਿਖਤੀ ਤੌਰ 'ਤੇ ਸ਼ਿਕਾਇਤਾਂ ਵੀ ਕਰ ਦਿੱਤੀਆਂ ਹਨ।
ਜਨਕ ਸਿੰਘ ਨੇ ਦੋਸ਼ ਲਾਇਆ ਕਿ ਸਾਲ 2011-12 ਦੌਰਾਨ ਸਰਕਾਰ ਨੇ 79 ਲੱਖ ਰੁਪਏ ਦੀ ਗ੍ਰਾਂਟ ਇਸ ਪਿੰਡ 'ਤੇ ਖਰਚ ਕਰਨੀ ਸੀ, ਜਿਸ ਨਾਲ ਪਿੰਡ ਦੇ ਆਲੇ-ਦੁਆਲੇ ਪੱਕੀ ਸੜਕ ਦੇ ਨਾਲ-ਨਾਲ ਪੇਵਰ ਬਲਾਕ ਲਾਏ ਜਾਣੇ ਸਨ ਅਤੇ ਸਟਰੀਟ ਲਾਈਟਾਂ ਲੱਗਣੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੀ ਹੱਦ ਅੰਦਰ ਲਿੰਕ ਸੜਕ ਦੇ ਨਾਲ ਪੇਵਰ ਬਲਾਕ ਨਹੀਂ ਲਾਏ ਗਏ, ਜਦੋਂ ਕਿ ਇਸ ਕੰਮ ਲਈ ਲੱਖਾਂ ਰੁਪਏ ਖਰਚ ਕੀਤੇ ਦਿਖਾ ਦਿੱਤੇ ਗਏ। 
ਲੱਖਾਂ ਰੁਪਏ ਖਰਚ ਕਰਕੇ ਪਿੰਡ ਦੇ ਆਲੇ-ਦੁਆਲੇ ਜੋ ਸਟਰੀਟ ਲਾਈਟਾਂ ਲਾਈਆਂ ਸਨ, ਉਹ ਸਿਰਫ ਇਕ ਦਿਨ ਹੀ ਜਗੀਆਂ ਤੇ ਉਸ ਤੋਂ ਬਾਅਦ ਕਦੇ ਵੀ ਇਨ੍ਹਾਂ ਸਟਰੀਟ ਲਾਈਟਾਂ ਤੋਂ ਪਿੰਡ ਵਾਸੀਆਂ ਨੂੰ ਕੋਈ ਲਾਭ ਨਹੀਂ ਮਿਲਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਖੁੱਲ੍ਹੀ ਬੋਲੀ ਰਾਹੀਂ ਪੰਚਾਇਤ ਨੇ 350 ਕਿੱਕਰਾਂ ਵੇਚ ਦਿੱਤੀਆਂ ਸਨ, ਜਦੋਂ ਕਿ ਅਦਾਲਤ 'ਚ ਚੱਲ ਰਹੇ ਇਕ ਕੇਸ ਦੌਰਾਨ ਸਰਪੰਚ ਨੇ 1 ਹਜ਼ਾਰ ਕਿੱਕਰਾਂ ਵੇਚਣਾ ਕਬੂਲ ਕੀਤਾ ਹੈ।
ਪੰਚਾਇਤ ਦੀਆਂ ਕਿੱਕਰਾਂ ਵੇਚਣ ਸਬੰਧੀ ਉਨ੍ਹਾਂ ਕਿਹਾ ਕਿ ਸਿਰਫ 350 ਕਿੱਕਰਾਂ ਹੀ ਵੇਚੀਆਂ ਗਈਆਂ ਸਨ ਪਰ ਅਦਾਲਤ 'ਚ ਵਕੀਲ ਨੇ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢ ਲਿਆ, ਜਿਸ ਕਰਕੇ ਤਕਨੀਕੀ ਗਲਤੀ ਹੋਈ ਅਤੇ 350 ਕਿੱਕਰਾਂ ਦੀ ਥਾਂ ਇਕ ਹਜ਼ਾਰ ਕਿੱਕਰਾਂ ਲਿਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਅਤੇ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ।


Related News