ਨਗਰ ਨਿਗਮ ਦੇ ਵਰਕਸ਼ਾਪ ਘਪਲੇ ’ਚ ਸਰਕਾਰੀ ਕਰਮਚਾਰੀਆਂ ਦਾ ਵੀ ਨਾਂ ਆਇਆ, ਹੋਣਗੇ ਵੱਡੇ ਖ਼ੁਲਾਸੇ

Friday, May 03, 2024 - 11:31 AM (IST)

ਨਗਰ ਨਿਗਮ ਦੇ ਵਰਕਸ਼ਾਪ ਘਪਲੇ ’ਚ ਸਰਕਾਰੀ ਕਰਮਚਾਰੀਆਂ ਦਾ ਵੀ ਨਾਂ ਆਇਆ, ਹੋਣਗੇ ਵੱਡੇ ਖ਼ੁਲਾਸੇ

ਜਲੰਧਰ (ਖੁਰਾਣਾ)–ਹਾਲ ਹੀ ਵਿਚ ਜਲੰਧਰ ਨਗਰ ਨਿਗਮ ਦੀ ਲੰਮਾ ਪਿੰਡ ਸਥਿਤ ਵਰਕਸ਼ਾਪ ਦਾ ਇਕ ਘਪਲਾ ਸਾਹਮਣੇ ਆਇਆ ਹੈ, ਜਿਸ ਨਾਲ ਨਗਰ ਨਿਗਮ ਦੀ ਅਫ਼ਸਰਸ਼ਾਹੀ ਵਿਚ ਧਮੱਚੜ ਜਿਹਾ ਮਚਿਆ ਹੋਇਆ ਹੈ। ਇਸ ਘਪਲੇ ਬਾਬਤ ਖ਼ਬਰ ਛਪਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਅੱਜ ਆਪਣੇ ਆਫਿਸ ਵਿਚ ਸਬੰਧਤ ਅਧਿਕਾਰੀਆਂ, ਕਰਮਚਾਰੀਆਂ ਅਤੇ ਅਕਾਊਂਟਸ ਵਿਭਾਗ ਨਾਲ ਜੁੜੇ ਸਟਾਫ਼ ਦੀ ਇਕ ਮੀਟਿੰਗ ਬੁਲਾਈ, ਜਿਸ ਦੌਰਾਨ ਕਈ ਪਹਿਲੂਆਂ ’ਤੇ ਗੱਲਬਾਤ ਹੋਈ। ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਜਿਹੜੇ ਅਫ਼ਸਰ ਕੁਝ ਦਿਨ ਪਹਿਲਾਂ ਇਸ ਘਪਲੇ ’ਤੇ ਪਰਦਾ ਪਾਉਣ ਅਤੇ ਇਸ ਨੂੰ ਠੰਢੇ ਬਸਤੇ ਵਿਚ ਪਾਉਣ ਸਬੰਧੀ ਸਲਾਹ ਦੇ ਰਹੇ ਸਨ, ਹੁਣ ਉਨ੍ਹਾਂ ਯੂ-ਟਰਨ ਲੈ ਲਿਆ ਹੈ ਕਿਉਂਕਿ ਘਪਲੇ ਨਾਲ ਜੁੜੇ ਅਹਿਮ ਦਸਤਾਵੇਜ਼ ਕਈ ਹੋਰ ਲੋਕਾਂ ਤਕ ਪਹੁੰਚ ਚੁੱਕੇ ਹਨ, ਜਿਸ ਕਾਰਨ ਹੁਣ ਉਨ੍ਹਾਂ ਵਿਚ ਫੇਰਬਦਲ ਕਰਨਾ ਸੰਭਵ ਨਹੀਂ ਹੈ। ਪਤਾ ਲੱਗਾ ਹੈ ਕਿ ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਰਕਸ਼ਾਪ ਵਿਚ ਹੀ ਇਸ ਸਬੰਧੀ ਇਕ ਮੀਟਿੰਗ ਹੋਈ।

ਇਹ ਵੀ ਪੜ੍ਹੋ- ਹਾਦਸੇ ਨੇ ਉਜਾੜੀਆਂ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ, 7 ਮਹੀਨੇ ਦੀ ਬੱਚੀ ਦੀ ਹੋਈ ਦਰਦਨਾਕ ਮੌਤ

ਪਿਛਲੇ 2 ਸਾਲਾਂ ਦੌਰਾਨ ਜੰਮ ਕੇ ਹੋਈ ਗੜਬੜੀ
ਨਗਰ ਨਿਗਮ ਦੇ ਅਕਾਊਂਟਸ ਆਫਿਸ ਨੇ ਇਨ੍ਹੀਂ ਦਿਨੀਂ ਨਿਗਮ ਦੀ ਵਰਕਸ਼ਾਪ ਵਿਚ ਹੋਈ ਰਿਪੇਅਰ ਆਦਿ ਦੇ ਨਾਂ ’ਤੇ ਬਣੇ ਲੱਖਾਂ ਰੁਪਏ ਦੇ ਬਿੱਲ ਰੋਕੇ ਹੋਏ ਹਨ ਪਰ ਪਤਾ ਲੱਗਾ ਹੈ ਕਿ ਨਿਗਮ ਦੀ ਵਰਕਸ਼ਾਪ ਵਿਚ ਇਸ ਬਾਬਤ ਘਪਲੇ ਪਿਛਲੇ ਲਗਭਗ 2 ਸਾਲਾਂ ਤੋਂ ਚੱਲ ਰਿਹਾ ਹੈ, ਜਿਸ ਵਿਚ ਨਗਰ ਨਿਗਮ ਦੇ ਕਈ ਕਰਮਚਾਰੀਆਂ ਅਤੇ ਅਧਿਕਾਰੀਆਂ ਤਕ ਦੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਪਤਾ ਲੱਗਾ ਹੈ ਕਿ ਇਕ ਨਿਗਮ ਕਲਰਕ ਅਤੇ ਇਕ ਜੇ. ਈ. ਨੇ ਤਾਂ ਆਪਣੇ ਰਿਸ਼ਤੇਦਾਰਾਂ ਦੇ ਨਾਂ ’ਤੇ ਮਕੈਨਿਕ ਫਰਮ/ਵਰਕਸ਼ਾਪ ਬਣਾਈ ਹੋਈ ਹੈ, ਜਿਨ੍ਹਾਂ ਨੂੰ ਲੱਖਾਂ ਰੁਪਏ ਦੇ ਜੌਬ ਕਾਰਡ ਵੀ ਇਸ਼ੂ ਕੀਤੇ ਗਏ ਅਤੇ ਉਨ੍ਹਾਂ ਦੀ ਪੇਮੈਂਟ ਵੀ ਨਗਰ ਨਿਗਮ ਤੋਂ ਕਰਵਾ ਦਿੱਤੀ ਗਈ। ਹੈਰਾਨੀਜਨਕ ਗੱਲ ਇਹ ਹੈ ਕਿ ਨਿਗਮ ਦੀ ਵਰਕਸ਼ਾਪ ਵਿਚ ਚੱਲ ਰਹੀ ਇਸ ਗੜਬੜੀ ਬਾਬਤ ਹੇਠਾਂ ਤੋਂ ਲੈ ਕੇ ਉਪਰ ਅਧਿਕਾਰੀਆਂ ਤਕ ਨੂੰ ਕਾਫੀ ਜਾਣਕਾਰੀ ਸੀ ਪਰ ਕਿਸੇ ਨੇ ਇਸ ਘਪਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਅਤੇ ਨਗਰ ਨਿਗਮ ਦੇ ਖਜ਼ਾਨੇ ਨੂੰ ਪਿਛਲੇ 2 ਸਾਲਾਂ ਦੌਰਾਨ ਕਰੋੜਾਂ ਰੁਪਏ ਦਾ ਚੂਨਾ ਲੱਗ ਗਿਆ। ਮੰਗ ਉੱਠ ਰਹੀ ਹੈ ਕਿ ਇਹ ਸਾਰਾ ਮਾਮਲਾ ਸਟੇਟ ਵਿਜੀਲੈਂਸ ਨੂੰ ਸੌਂਪਿਆ ਜਾਵੇ ਅਤੇ ਉਨ੍ਹਾਂ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਪਤਾ ਲਾਇਆ ਜਾਵੇ, ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਵਿਚ ਸੰਨ੍ਹਮਾਰੀ ਕਰਨ ਲਈ ਆਪਣੀ ਪਾਵਰ ਦਾ ਗਲਤ ਵਰਤੋਂ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਆਈ ਸਾਹਮਣੇ, ਅਪ੍ਰੈਲ ’ਚ ਘੱਟ ਪਈ ਗਰਮੀ, ਜਾਣੋ ਅਗਲੇ ਦਿਨਾਂ ਦਾ ਹਾਲ

ਕੰਪਿਊਟਰ ’ਤੇ ਹੀ ਬਣਾ ਲਈ ਜਾਂਦੀ ਸੀ ਫਰਜ਼ੀ ਵਰਕਸ਼ਾਪ, ਜ਼ਿਆਦਾਤਰ ਮਾਮਲਿਆਂ 'ਚ ਨਕਲੀ ਕੋਟੇਸ਼ਨਾਂ ਲਾਈਆਂ ਗਈਆਂ
ਨਗਰ ਨਿਗਮ ਦੀ ਵਰਕਸ਼ਾਪ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੇ ਸੂਤਰਧਾਰਾਂ ਨੇ ਇੰਨਾ ਖੁੱਲ੍ਹ ਕੇ ਕੰਮ ਕੀਤਾ ਕਿ ਉਨ੍ਹਾਂ ਨੇ ਕੰਪਿਊਟਰ ’ਤੇ ਹੀ ਲੈਟਰਹੈੱਡ ਆਦਿ ਤਿਆਰ ਕਰ ਕੇ ਕਈ ਫਰਜ਼ੀ ਵਰਕਸ਼ਾਪਾਂ ਬਣਾ ਲਈਆਂ, ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਸੀ। ਪਤਾ ਲੱਗਾ ਹੈ ਕਿ ਘਪਲੇ ਨਾਲ ਜੁੜੇ ਦਸਤਾਵੇਜ਼ਾਂ ਵਿਚ ਜੋ ਬਿੱਲ ਲੱਗੇ ਹੋਏ ਹਨ, ਉਨ੍ਹਾਂ ਵਿਚ ਲੱਗੀਆਂ ਜ਼ਿਆਦਾਤਰ ਕੋਟੇਸ਼ਨਾਂ ਫਰਜ਼ੀ ਹਨ ਕਿਉਂਕਿ ਇਸ ਨਾਂ ਦੀ ਜ਼ਿਆਦਾਤਰ ਫਰਮਾਂ ਨਾ ਤਾਂ ਜੀ. ਐੱਸ. ਟੀ. ਵਿਭਾਗ ਕੋਲ ਰਜਿਸਟਰਡ ਹਨ ਅਤੇ ਨਾ ਹੀ ਉਨ੍ਹਾਂ ਦੇ ਨਾਂ ਤੋਂ ਇਨਕਮ ਟੈਕਸ ਆਦਿ ਅਦਾ ਕੀਤਾ ਜਾਂਦਾ ਹੈ।

‘ਜਗ ਬਾਣੀ’ਕੋਲ ਅਜਿਹੀਆਂ ਦਰਜਨ ਭਰ ਤੋਂ ਵੱਧ ਵਰਕਸ਼ਾਪਾਂ ਦੀ ਜਾਣਕਾਰੀ ਹੈ, ਜਿਨ੍ਹਾਂ ਦੇ ਪਤੇ ਫਰਜ਼ੀ ਹਨ। ਜ਼ਿਆਦਾਤਰ ਕੋਟੇਸ਼ਨਾਂ ਵਿਚ ਜਿਨ੍ਹਾਂ ਫਰਮਾਂ ਦੀ ਵਰਤੋਂ ਕੀਤੀ ਗਈ ਹੈ, ਉਨ੍ਹਾਂ ਦੇ ਪਤੇ ਵਿਚ ਨਹਿਰੂ ਗਾਰਡਨ ਰੋਡ, ਹੁਸ਼ਿਆਰਪੁਰ ਰੋਡ, ਪਠਾਨਕੋਟ ਰੋਡ ਆਦਿ ਲਿਖਿਆ ਗਿਆ ਹੈ ਅਤੇ ਅਸਲ ਵਿਚ ਇਹ ਫਰਮਾਂ ਕਿਤੇ ਹੈ ਹੀ ਨਹੀਂ। ਜ਼ਿਆਦਾਤਰ ਕੋਟੇਸ਼ਨਾਂ ’ਤੇ ਫਰਮ ਦੇ ਟੈਲੀਫੋਨ ਨੰਬਰ ਤਕ ਅੰਕਿਤ ਨਹੀਂ ਹਨ। ਕਈ ਫਰਮਾਂ ਤਾਂ ਇਕ ਹੀ ਕੰਪਿਊਟਰ ਨਾਲ ਬਣਾਈ ਗਈਆਂ ਹਨ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਘਪਲਾ ਆਪਸ ਵਿਚ ਮਿਲ ਕੇ ਹੀ ਹੋਇਆ ਅਤੇ ਇਸ ਮਾਮਲੇ ਵਿਚ ਪ੍ਰਾਈਵੇਟ ਲੋਕਾਂ ਤੇ ਸਰਕਾਰੀ ਕਰਮਚਾਰੀਆਂ ਨੇ ਇਕ ਚੇਨ ਦੀ ਤਰ੍ਹਾਂ ਕੰਮ ਕੀਤਾ। ਫਿਲਹਾਲ ਇਹ ਸਾਰਾ ਮਾਮਲਾ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਦੀ ਜਾਣਕਾਰੀ ਵਿਚ ਆ ਚੁੱਕਾ ਹੈ ਅਤੇ ਜਲਦ ਇਸ ਮਾਮਲੇ ਨੂੰ ਵਿਜੀਲੈਂਸ ਨੂੰ ਵੀ ਰੈਫਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News