ਰੇਪ ਦੇ ਦੋਸ਼ ਤੋਂ ਮੁੱਕਰ ਗਈ ਕੁੜੀ, ਜਾਣੋ ਅਦਾਲਤ ਨੇ ਕਿਉਂ ਸੁਣਾਈ 1653 ਦਿਨ ਦੀ ਜੇਲ੍ਹ

05/08/2024 1:03:52 PM

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇਕ ਅਜਿਹੀ ਖ਼ਬਰ ਆਈ ਹੈ, ਜੋ ਝੂਠੇ ਕੇਸਾਂ ਵਿਚ ਫਸੇ ਬੇਕਸੂਰ ਮੁੰਡਿਆਂ ਲਈ ਨਜ਼ੀਰ ਬਣ ਸਕਦੀ ਹੈ। ਅਦਾਲਤ ਨੇ ਰੇਪ ਦੇ ਮਾਮਲੇ ਵਿਚ ਬਿਆਨ ਤੋਂ ਮੁੱਕਰਨ ਵਾਲੀ ਕੁੜੀ ਨੂੰ ਓਨੇਂ ਹੀ ਦਿਨ ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾਈ ਹੈ, ਜਿੰਨੇ ਦਿਨ ਤੱਕ ਦੋਸ਼ੀ ਨੌਜਵਾਨ ਕੈਦ ਵਿਚ ਰਿਹਾ। ਨਾਲ ਹੀ ਉਸ 'ਤੇ 5 ਲੱਖ 88 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜੋ ਬੇਕਸੂਰ ਨੌਜਵਾਨ ਨੂੰ ਬਤੌਰ ਮੁਆਵਜ਼ਾ ਦਿੱਤਾ ਜਾਵੇਗਾ। ਅਦਾਲਤ ਨੇ ਸਜ਼ਾ ਸੁਣਾਉਂਦੇ ਹੋਏ ਸਖ਼ਤ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਰੇਪ ਵਰਗੇ ਗੰਭੀਰ ਅਪਰਾਧਾਂ ਵਿਚ ਫਸਾਉਣ ਲਈ ਕੁੜੀ ਨੇ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਦੀ ਦੁਰਵਰਤੋਂ ਕੀਤੀ। ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੀ ਇਕ ਅਦਾਲਤ ਨੇ ਹਾਲ ਹੀ ਵਿਚ ਇਕ ਔਰਤ ਨੂੰ ਸਾਲ 2018 ਵਿਚ ਰੇਪ ਦੇ ਦੋਸ਼ਾਂ ਵਿਚ ਇਕ ਨੌਜਵਾਨ ਅਜੈ ਕੁਮਾਰ ਦੇ ਖਿਲਾਫ ਅਦਾਲਤ ਵਿੱਚ ਝੂਠੇ ਦੋਸ਼ ਲਗਾਉਣ ਲਈ IPC ਦੀ ਧਾਰਾ-195 (ਝੂਠੇ ਸਬੂਤ ਦੇਣ ) ਦੇ ਤਹਿਤ ਦੋਸ਼ੀ ਠਹਿਰਾਇਆ ਹੈ।

ਵਧੀਕ ਸੈਸ਼ਨ ਜੱਜ ਗਿਆਨੇਂਦਰ ਤ੍ਰਿਪਾਠੀ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਨੇ ਦੋਸ਼ੀ ਨੌਜਵਾਨ ਅਜੇ ਉਰਫ ਰਾਘਵ ਨੂੰ ਬਾ-ਇੱਜ਼ਤ ਬਰੀ ਕਰਨ ਦਾ ਹੁਕਮ ਦਿੱਤਾ। ਝੂਠੇ ਕੇਸ ਕਾਰਨ ਅਜੈ ਨੂੰ 1653 ਦਿਨ (4 ਸਾਲ 6 ਮਹੀਨੇ 8 ਦਿਨ) ਜੇਲ੍ਹ ਕੱਟਣੀ ਪਈ।  ਜੱਜ ਨੇ ਦੋਸ਼ੀ ਕੁੜੀ ਨੂੰ 1653 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਨੇ ਕਿਹਾ ਕਿ ਕੁੜੀ ਵੀ ਓਨੇਂ ਸਾਲ ਦੀ ਜੇਲ੍ਹ ਕੱਟੇਗੀ, ਜਿੰਨੇ ਸਾਲ ਬੇਕਸੂਰ ਨੌਜਵਾਨ ਨੇ ਕੱਟੀ। ਇਹ ਸਾਰਾ ਮਾਮਲਾ 2018 ਦਾ ਹੈ। ਅਜੈ ਕੁਮਾਰ 'ਤੇ ਦੋਸ਼ ਲੱਗਾ ਕਿ ਉਸ ਨੇ ਆਪਣੇ ਨਾਲ ਕੰਮ ਕਰਨ ਵਾਲੇ ਸਹਿਯੋਗੀ ਦੀ 15 ਸਾਲਾ ਭੈਣ ਨੂੰ ਅਗਵਾ ਕਰਕੇ ਰੇਪ ਕੀਤਾ। ਨਾਬਾਲਗ ਨੇ ਪੁਲਸ ਅਤੇ ਅਦਾਲਤ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਅਜੈ ਨੇ ਉਸ ਨਾਲ ਰੇਪ ਕੀਤਾ।

ਸਰਕਾਰੀ ਵਕੀਲ ਸੁਨੀਲ ਪਾਂਡੇ ਨੇ ਦੱਸਿਆ ਕਿ ਅਜੇ ਕੁਮਾਰ ਦੇ ਉੱਪਰ ਪਾਕਸੋ ਸਮੇਤ ਕਈ ਧਾਰਾਵਾਂ ਵਿਚ ਪੁਲਸ ਨੇ FIR ਦਰਜ ਕੀਤੀ ਸੀ। ਨਾਬਾਲਗ ਨੇ ਅਦਾਲਤ ਨੂੰ ਬਿਆਨ ਦਿੱਤਾ ਸੀ ਕਿ ਅਜੇ ਕੁਮਾਰ ਉਸ ਨੂੰ ਦਿੱਲੀ ਲੈ ਕੇ ਗਿਆ ਅਤੇ ਉਸ ਨਾਲ ਰੇਪ ਕੀਤਾ। 4 ਸਾਲ ਬਾਅਦ ਕੁੜੀ ਆਪਣੇ ਬਿਆਨ ਤੋਂ ਮੁੱਕਰ ਗਈ ਅਤੇ ਦੱਸਿਆ ਕਿ ਅਜੇ ਕੁਮਾਰ ਬੇਕਸੂਰ ਹੈ। ਇਸ ਸਾਲ ਫਰਵਰੀ ਵਿਚ ਸੁਣਵਾਈ ਦੌਰਾਨ ਕੁੜੀ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਦੇ ਦਬਾਅ ਵਿਚ ਆ ਕੇ ਅਜੇ 'ਤੇ ਝੂਠਾ ਦੋਸ਼ ਲਾਇਆ ਸੀ। ਅਜੇ ਦੀ ਉਸ ਦੀ ਭੈਣ ਨਾਲ ਨੇੜਤਾ ਸੀ, ਜੋ ਮਾਂ ਨੂੰ ਪਸੰਦ ਨਹੀਂ ਸੀ। ਕੁੜੀ ਦਾ ਹੁਣ ਵਿਆਹ ਹੋ ਚੁੱਕਾ ਹੈ। ਉਸ ਦੇ ਪਤੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਟਰਾਇਲ ਦੇ ਚੱਲਦੇ ਤੰਗ ਆ ਚੁੱਕਾ ਹੈ, ਇਸ ਲਈ ਉਸ ਦੀ ਪਤਨੀ ਬਿਆਨ ਬਦਲਣਾ ਚਾਹੁੰਦੀ ਹੈ। ਵਕੀਲ ਸੁਨੀਲ ਨੇ ਕਿਹਾ ਕਿ ਕੁੜੀ ਦੇ ਝੂਠੇ ਬੋਲਣ ਦੀ ਵਜ੍ਹਾ ਨਾਲ ਇਕ ਬੇਕਸੂਰ ਵਿਅਕਤੀ ਨੂੰ ਜ਼ਿੰਦਗੀ ਦੇ ਕੀਮਤੀ ਸਾਢੇ 4 ਸਾਲ ਜੇਲ੍ਹ 'ਚ ਬਿਤਾਉਣੇ ਪਏ। ਅਜੇ ਨੂੰ ਜੇਲ੍ਹ ਵਿਚ ਰਹਿਣ ਦਾ ਕਲੰਕ ਝੱਲਣਾ ਪਿਆ। ਅਦਾਲਤ ਨੇ ਝੂਠਾ ਬਿਆਨ ਦੇਣ ਵਾਲੀ ਕੁੜੀ ਨੂੰ 1653 ਦਿਨਾਂ ਦੀ ਸਜ਼ਾ ਸੁਣਾਈ ਹੈ। 5 ਲੱਖ 88 ਹਜ਼ਾਰ ਦਾ ਜੁਰਮਾਨਾ ਵੀ ਲਾਇਆ ਹੈ। ਜੁਰਮਾਨਾ ਨਾ ਦੇਣ 'ਤੇ ਉਸ ਨੂੰ 6 ਮਹੀਨੇ ਹੋਰ ਜੇਲ੍ਹ  ਵਿਚ ਕੱਟਣੇ ਪੈਣਗੇ।


Tanu

Content Editor

Related News