ਧੋਖੇ ਨਾਲ ਏ. ਟੀ. ਐੱਮ ਕਾਰਡ ਬਣਵਾ ਕੇ ਮਾਂ ਦੇ ਖਾਤੇ ''ਚੋਂ ਕਢਵਾਏ 80 ਹਜ਼ਾਰ ਤੋਂ ਵੱਧ

07/20/2017 4:39:32 PM

ਘਨੌਲੀ - ਨਜ਼ਦੀਕੀ ਪਿੰਡ ਥਲੀ ਖੁਰਦ ਦੀ ਬਜ਼ੁਰਗ ਮਹਿਲਾ ਨੇ ਆਪਣੀ ਲੜਕੀ ਤੇ ਹੀ ਧੋਖੇ ਨਾਲ ਉਸਦੇ ਖਾਤੇ 'ਚੋਂ ਪੈਸੇ ਕਢਵਾਉਣ ਦਾ ਦੋਸ਼ ਲਗਾਇਆ ਹੈ। ਅਵਤਾਰ ਕੌਰ ਪਤਨੀ ਦੀਦਾਰ ਸਿੰਘ ਜਿਸਦਾ 26 ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ। ਹੁਣ ਆਪਣੇ ਪੇਕੇ ਥਲੀ ਖੁਰਦ ਰਹਿੰਦੀ ਹੈ। ਅਵਤਾਰ ਕੌਰ ਨੇ ਦੱਸਿਆ ਕਿ ਉਸਨੂੰ ਉਕਤ ਘਟਨਾ ਦੀ ਜਾਣਕਾਰੀ ਉਦੋ ਮਿਲੀ ਜਦੋਂ ਉਹ ਸਟੇਟ ਬੈਂਕ ਆਫ ਪਟਿਆਲਾ ਸ਼ਾਖਾ ਥਲੀ 'ਚ ਆਪਣੇ ਖਾਤੇ 'ਚੋਂ ਪੈਸੇ ਕਢਵਾਉਣ ਗਈ ਤਾਂ ਉਥੇ ਪਤਾ ਚੱਲਿਆ ਕਿ ਉਸਦੇ ਖਾਤੇ 'ਚ ਕੇਵਲ 83 ਰੁਪਏ ਬਾਕੀ ਹਨ। ਜਿਸ 'ਤੇ ਉਸਨੂੰ ਸ਼ੱਕ ਹੋਇਆ ਕਿ ਉਸਦੀ ਲੜਕੀ ਨੇ ਹੀ ਉਕਤ ਪੈਸੇ ਕਢਵਾਏ ਹਨ। ਅਵਤਾਰ ਕੌਰ ਨੇ ਦੱਸਿਆ ਕਿ ਜਦੋਂ ਬੈਂਕ ਤੋਂ ਇਹ ਜਾਣਨਾ ਚਾਹਿਆ ਕਿ ਬੈਂਕ ਤੋਂ ਪੈਸੇ ਕਿਵੇਂ ਕਢਵਾਏ ਹਨ ਤਾਂ ਉਨਾਂ ਦੱਸਿਆ ਕਿ ਪੈਸੇ ਏ. ਟੀ. ਐੱਮ ਦੇ ਦੁਆਰਾ ਕਢਵਾਏ ਗਏ ਹਨ ਜੋ ਕਿ 17 ਮਈ 2017 ਨੂੰ ਜਾਰੀ ਹੋਇਆ ਹੈ। ਉਸਨੇ ਦੱਸਿਆ ਕਿ ਉਸਦੀ ਲੜਕੀ ਨੇ ਕਿਸੇ ਕਾਗਜ਼ 'ਤੇ ਉਸਦੇ ਦਸਤਖਤ ਇਹ ਕਹਿ ਕੇ ਕਰਵਾਏ ਕਿ ਉਸਨੂੰ ਪੈਨਸ਼ਨ ਲਗਵਾਉਣੀ ਹੈ, ਪਰ ਉਸ ਨੂੰ ਪਤਾ ਵੀ ਨਹੀਂ ਚੱਲਿਆ ਕਿ ਜਦੋਂ ਉਸਨੇ ਏ. ਟੀ. ਐੱਮ ਬਣਵਾਇਆ ਅਤੇ ਬੈਂਕ ਤੋਂ ਕਿਵੇਂ ਜਾਰੀ ਕਰਵਾਇਆ ਅਤੇ ਕਿਵੇਂ ਉਸਦੇ ਖਾਤੇ 'ਚੋਂ ਪੈਸੇ ਕਢਵਾ ਲਏ। ਉਕਤ ਪੈਸੇ ਨੂਹੋਂ, ਥਲੀ ਅਤੇ ਰੂਪਨਗਰ ਦੇ ਏ. ਟੀ. ਐੱਮ ਤੋਂ ਕਢਵਾਏ ਗਏ ਹਨ। ਅਵਤਾਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਉਸਨੇ ਆਪਣੀ ਲੜਕੀ ਤੋ ਪੁੱਛਿਆ ਤਾਂ ਉਸਦੀ ਲੜਕੀ ਨੇ ਆਪਣੀ ਮਾਸੀ ਨਾਲ ਮਿਲ ਕੇ ਉਸਨੂੰ ਜਿੱਥੇ ਬੁਰੀ ਤਰ੍ਹਾਂ ਕੁੱਟਿਆ ਉਥੇ ਹੀ ਉਸਦੇ ਇਕ ਹੱਥ ਦਾ ਅੰਗੂਠਾ ਵੀ ਜ਼ਖਮੀ ਕਰ ਦਿੱਤਾ। ਅਵਤਾਰ ਕੌਰ ਨੇ ਇਸ ਸਬੰਧ 'ਚ ਪੁਲਸ ਚੌਂਕੀ 'ਚ ਸ਼ਿਕਾਇਤ ਕੀਤੀ। ਪਰੰਤੂ ਉਸਨੂੰ ਜਦੋਂ ਇੰਨਸਾਫ ਨਾ ਮਿਲਿਆ ਤਾਂ ਉਸਨੇ ਡਿਪਟੀ ਕਮਿਸ਼ਨਰ ਰੂਪਨਗਰ ਡੀ. ਜੀ. ਪੀ. ਪੰਜਾਬ ਅਤੇ ਐੱਸ. ਐੱਸ. ਪੀ. ਰੂਪਨਗਰ ਨੂੰ ਸ਼ਿਕਾਇਤ ਲਿਖੇ ਕੇ ਇੰਨਸਾਫ ਦੀ ਗੁਹਾਰ ਲਗਾਈ। ਇਸਦੇ ਸਬੰਧ 'ਚ ਉਸਨੇ ਸਥਾਨਕ ਗ੍ਰਾਮ ਪੰਚਾਇਤ ਕੋਲ ਵੀ ਸ਼ਿਕਾਇਤ ਕੀਤੀ।
ਕੀ ਕਹਿਣਾ ਹੈ ਸਰਪੰਚ ਦਾ
ਉਕਤ ਮਾਮਲੇ ਦੇ ਸਬੰਧ 'ਚ ਗ੍ਰਾਮ ਪੰਚਾਇਤ ਥਲੀ ਖੁਰਦ ਦੀ ਸਰਪੰਚ ਪਰਮਜੀਤ ਕੌਰ ਨਾਲ ਜਦੋ ਸੰਪਰਕ ਕੀਤਾ ਗਿਆ ਤਾਂ ਉਸਨੇ ਦੱਸਿਆ ਕਿ ਅਵਤਾਰ ਕੌਰ ਦੀ ਲੜਕੀ ਅਤੇ ਭੈਣ ਦੋਵੇ ਅਵਤਾਰ ਕੌਰ ਦੀ ਕੁੱਟ ਮਾਰ ਕਰਦੀਆਂ ਹਨ ਜਦੋ ਪੰਚਾਇਤ ਉਕਤ ਮਾਮਲੇ ਦੇ ਸਬੰਧ 'ਚ ਉਨਾਂ ਦੇ ਕੋਲ ਜਾਂਦੀ ਹੈ ਤਾਂ ਅਵਤਾਰ ਕੌਰ ਦੀ ਭੈਣ ਪੰਚਾਇਤ ਮੈਂਬਰਾਂ ਨੂੰ ਵੀ ਬੁਰਾ ਭਲਾ ਕਹਿੰਦੀ ਹੈ। ਸਰਪੰਚ ਪਰਮਜੀਤ ਕੌਰ ਨੇ ਦੱਸਿਆ ਕਿ ਸਾਰਾ ਪਿੰਡ ਅਵਤਾਰ ਕੌਰ ਦੇ ਨਾਲ ਹੈ ਅਤੇ ਅਵਤਾਰ ਕੌਰ ਪਿਛਲੇ 26 ਸਾਲਾਂ ਤੋਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪੇਟ ਪਾਲ ਰਹੀ ਹੈ ਅਤੇ ਘਰ ਦੇ ਬਾਕੀ ਮੈਂਬਰਾਂ ਦੀ ਤਰ੍ਹਾਂ ਉਸਦਾ ਵੀ ਆਪਣੇ ਘਰ ਤੇ ਪੂਰਾ ਅਧਿਕਾਰ ਹੈ। ਇਸ ਲਈ ਉਸਨੂੰ ਇੰਨਸਾਫ ਮਿਲਣਾ ਚਾਹੀਦਾ ਹੈ।
ਕੀ ਕਹਿਣਾ ਹੈ ਬੈਂਕ ਮੈਨੇਜਰ ਦਾ
ਇਸ ਸਬੰਧੀ ਸਟੇਟ ਬੈਂਕ ਆਫ ਪਟਿਆਲਾ (ਹੁਣ ਸਟੇਟ ਬੈਕ ਆਫ ਇੰਡੀਆ) ਥਲੀ ਦੇ ਮੈਨੇਜਰ ਰਾਮ ਸਿੰਘ ਨਾਲ ਜਦੋ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਅਵਤਾਰ ਕੌਰ ਦਾ ਏ. ਟੀ. ਐਮ. ਬਣਾਉਣ ਲਈ ਬੇਨਤੀ ਪੱਤਰ ਆਇਆ ਸੀ ਜਿਸ 'ਤੇ ਉਸਦਾ ਅਧਾਰ ਕਾਰਡ ਵੀ ਲੱਗਿਆ ਹੋਇਆ ਸੀ। ਇਸੇ ਅਧਾਰ ਤੇ ਉਸਦਾ ਏ. ਟੀ. ਐੱਮ ਬਣਿਆ। ਜਦੋ ਬੈਂਕ ਮੈਨੇਜਰ ਤੋ ਇਹ ਪੁੱਛਿਆ ਗਿਆ ਕਿ ਬੈਂਕ ਤੋਂ ਅਵਤਾਰ ਕੌਰ ਦਾ ਏ. ਟੀ. ਐੱਮ. ਕੌਣ ਈਸ਼ੂ ਕਰਵਾ ਕੇ ਗਿਆ ਸੀ ਤਾਂ ਬੈਂਕ ਮੈਨੇਜਰ ਨੇ ਦੱਸਿਆ ਕਿ ਉਕਤ ਏ. ਟੀ. ਐੱਮ. ਸਿੱਧਾ ਡਾਕ ਰਾਂਹੀ ਅਵਤਾਰ ਕੌਰ ਦੇ ਗਰ ਗਿਆ ਹੋਵੇਗਾ ਅਤੇ ਜੋ ਪ੍ਰਾਰਥਨਾ ਪੱਤਰ 'ਚ ਮੋਬਾਇਲ ਦਿੱਤਾ ਗਿਆ ਸੀ ਉਸਤੇ ਓਟੀਪੀ ਆ ਜਾਂਦਾ ਹੈ ਅਤੇ ਓਟੀਪੀ ਦੇ ਜਰੀਏ ਸੀਕਰੇਟ ਕੋਡ ਦਾ ਪਤਾ ਚੱਲ ਜਾਂਦਾ ਹੈ। ਉਕਤ ਘਟਨਾ ਦੇ ਸਬੰਧ 'ਚ ਪੁਲਸ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ। ਦੂਜੇ ਪਾਸੇ ਪੁਲਸ ਜੇਕਰ ਏ. ਟੀ. ਐੱਮ. ਦੀਆਂ ਮਸ਼ੀਨਾਂ ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ ਕਢਵਾਉਂਦੀ ਹੈ ਤਾਂ ਸਾਫ ਪਤਾ ਚੱਲ ਜਾਵੇਗਾ ਕਿ ਪੈਸੇ ਕਿਸਨੇ ਕਢਵਾਏ ਹਨ।
 


Related News