ਵਿਅਕਤੀ ਦੇ ਖ਼ਾਤੇ ''ਚੋਂ ਉਡਾਈ 2 ਲੱਖ, 92 ਹਜ਼ਾਰ ਰੁਪਏ ਦੀ ਰਾਸ਼ੀ, ਮਾਮਲਾ ਦਰਜ

Tuesday, Apr 16, 2024 - 12:50 PM (IST)

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਕਾਕੜਾ ਦੇ ਇਕ ਵਿਅਕਤੀ ਦੇ ਬੈਂਕ ਖ਼ਾਤੇ ’ਚੋਂ ਇਕ ਹਾਈਕਰ ਵੱਲੋਂ ਕ੍ਰੈਡਿਟ ਕਾਰਡ ਰਾਹੀ 2 ਲੱਖ 92 ਹਜ਼ਾਰ ਰੁਪਏ ਦੀ ਰਾਸ਼ੀ ਕੱਢਵਾਉਣ ਦੇ ਇਕ ਮਾਮਲੇ ਸਬੰਧੀ ਸਥਾਨਕ ਪੁਲਸ ਵੱਲੋਂ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਕਾਕੜਾ ਨੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਦਿੱਤੀ ਇਕ ਦਰਖ਼ਾਸਤ ’ਚ ਦੱਸਿਆ ਕਿ ਉਸ ਦਾ ਖੇਤੀਬਾੜੀ ਦੇ ਨਾਲ-ਨਾਲ ਪੈਟਰੋਲ ਪੰਪ ਦਾ ਵੀ ਕਾਰੋਬਾਰ ਹੈ ਤੇ ਉਸ ਦਾ ਇਕ ਪ੍ਰਾਈਵੇਟ ਬੈਂਕ ’ਚ ਖ਼ਾਤਾ ਹੈ। ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਉਕਤ ਬੈਂਕ ਖ਼ਾਤੇ ਸਬੰਧੀ ਇਕ ਏ. ਟੀ. ਐੱਮ. ਕਾਰਡ ਤੇ ਇਕ ਕ੍ਰੈਡਿਟ ਕਾਰਡ ਬਣਿਆ ਹੋਇਆ ਹੈ ਤੇ ਬੈਂਕ ਵੱਲੋਂ ਉਸ ਦੇ ਕ੍ਰੈਡਿਟ ਕਾਰਡ ਦੀ ਲਿਮਟ 50 ਹਜ਼ਾਰ ਰੁਪਏ ਦੱਸੀ ਗਈ ਸੀ ਪਰ ਉਸ ਵੱਲੋਂ ਕਦੇ ਵੀ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਨਹੀਂ ਕੀਤੀ ਗਈ।

ਮਾਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ 23 ਅਪ੍ਰੈਲ, 2023 ਨੂੰ ਕੰਪਨੀ ਦਾ ਫੋਨ ਆਉਣ ’ਤੇ ਉਸ ਨੂੰ ਕਾਰਡ ਦੀ ਲਿਮਟ 5 ਲੱਖ ਰੁਪਏ ਕਰਨ ਲਈ ਕਹਿ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦੇ ਖ਼ਾਤੇ ’ਚੋਂ 23, 24 ਅਗਸਤ 2023 ਨੂੰ 2 ਲੱਖ ਰੁਪਏ ਦੀ ਰਾਸ਼ੀ ਕਿਸੇ ਅਣਪਛਾਤੇ ਵੱਲੋਂ ਕੱਢਵਾਈ ਗਈ, ਜਿਸ ਦਾ ਪਤਾ ਉਸ ਨੂੰ 19 ਅਕਤੂਬਰ 2023 ਨੂੰ ਉਸ ਸਮੇਂ ਚੱਲਿਆ, ਜਦੋਂ ਉਹ ਬੈਂਕ ਦੀ ਸ਼ਾਖਾ ’ਚ ਪੈਸੇ ਜਮ੍ਹਾਂ ਕਰਵਾਉਣ ਤੇ ਆਪਣੇ ਕ੍ਰੈਡਿਟ ਕਾਰਡ ਦਾ ਪਿੰਨ ਕੋਡ ਲੈਣ ਲਈ ਗਿਆ ਤਾਂ ਬੈਂਕ ਵੱਲੋਂ ਉਸ ਨੂੰ ਇਹ ਦੱਸਿਆ ਗਿਆ ਕਿ ਉਸ ਦਾ ਕ੍ਰੈਡਿਟ ਕਾਰਡ ਪਹਿਲਾਂ ਹੀ ਐਕਟਿਵ ਹੈ ਤਾਂ ਸ਼ੱਕ ਪੈਣ ’ਤੇ ਜਦੋਂ ਉਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਕਿਸੇ ਸੰਸਥਾ ਵੱਲੋਂ ਕਥਿਤ ਤੌਰ ‘ਤੇ ਉਸ ਦੇ ਖ਼ਾਤੇ ’ਚੋਂ ਇਹ 2 ਲੱਖ ਰੁਪਏ ਦੀ ਰਾਸ਼ੀ ਕੱਢਵਾਈ ਗਈ ਹੈ।

ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਖ਼ਾਤੇ ’ਚੋਂ 19 ਅਕਤੂਬਰ 2023 ਨੂੰ ਫਿਰ 92 ਹਜ਼ਾਰ ਰੁਪਏ ਦੀ ਹੋਰ ਰਾਸ਼ੀ ਵੀ ਕਿਸੇ ਅਣਪਛਾਤੇ ਵੱਲੋਂ ਕੱਢਵਾਈ ਗਈ। ਜਿਸ ਸਬੰਧੀ ਉਸ ਨੂੰ ਨਾ ਹੀ ਕੋਈ ਮੈਸਜ ਆਇਆ ਤੇ ਨਾ ਹੀ ਇਸ ਦਾ ਕੋਈ ਓ. ਟੀ. ਪੀ. ਮੌਸੂਲ ਹੋਇਆ। ਜਿਸ ਸਬੰਧੀ ਬੈਂਕ ਵੱਲੋਂ ਕਥਿਤ ਤੌਰ ’ਤੇ ਉਸ ਨੂੰ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤੀ ਗਿਆ। ਪੁਲਸ ਨੇ ਮਾਲਵਿੰਦਰ ਸਿੰਘ ਦੀ ਦਰਖ਼ਾਸਤ ਉਪਰ ਕਾਰਵਾਈ ਕਰਦਿਆਂ ਨਾ ਮਾਲੂਮ ਵਿਅਕਤੀ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
 


Babita

Content Editor

Related News