ਏ. ਟੀ. ਐੱਮ. ਕਾਰਡ ਬਦਲ ਕੇ ਠੱਗ ਨੇ ਬਜ਼ੁਰਗ ਦੇ 60 ਹਜ਼ਾਰ ਰੁਪਏ ''ਉਡਾਏ''

Saturday, Jan 13, 2018 - 07:04 AM (IST)

ਸੰਗਰੂਰ(ਬਾਵਾ)- ਸਟੇਟ ਬੈਂਕ ਆਫ਼ ਇੰਡੀਆ ਦੇ ਇਕ ਖ਼ਪਤਕਾਰ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਠੱਗੀ ਕੀਤੀ ਗਈ। ਸੇਵਾ ਮੁਕਤ ਬਿਜਲੀ ਅਧਿਕਾਰੀ ਪਵਨ ਕੁਮਾਰ ਗਰਗ ਨੇ ਦੱਸਿਆ ਕਿ ਉਸ ਦਾ ਖ਼ਾਤਾ ਸਟੇਟ ਬੈਂਕ ਆਫ਼ ਇੰਡੀਆ ਦੀ ਲੋਕਲ ਬ੍ਰਾਂਚ 'ਚ ਹੈ। ਉਹ 10 ਜਨਵਰੀ ਨੂੰ ਕੌਲਾ ਪਾਰਕ ਮਾਰਕੀਟ ਦੇ ਸਾਹਮਣੇ ਮਯੂਰ ਹੋਟਲ ਦੀ ਇਮਾਰਤ 'ਚ ਲੱਗੇ ਏ. ਟੀ. ਐੈੱਮ. 'ਚੋਂ ਦੁਪਹਿਰ ਸਮੇਂ 10,000 ਰੁਪਏ ਕਢਵਾਉਣ ਲਈ ਗਿਆ ਤਾਂ ਉਕਤ ਏ. ਟੀ. ਐੱਮ. 'ਚੋਂ ਪੈਸੇ ਨਹੀਂ ਨਿਕਲੇ। ਇੰਨੇ ਨੂੰ ਇਕ ਠੱਗ ਉਥੇ ਆਇਆ ਅਤੇ ਉਸ ਨੇ ਉਸ ਨੂੰ ਦੁਬਾਰਾ ਏ. ਟੀ. ਐੈੱਮ. ਕਾਰਡ ਲਾਉਣ ਲਈ ਕਿਹਾ, ਜਿਸ ਦੇ ਕਹਿਣ 'ਤੇ ਏ. ਟੀ. ਐੱਮ. ਰਾਹੀਂ ਮੁੜ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤੇ ਪੈਸੇ ਨਿਕਲ ਆਏ। ਇੰਨੇ ਵਿਚ ਹੀ ਉਕਤ ਠੱਗ ਨੇ ਆਪਣਾ ਏ. ਟੀ. ਐੱਮ. ਕਾਰਡ ਮਸ਼ੀਨ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਆਪਣਾ ਕਾਰਡ ਕੱਢ ਕੇ ਫੜਾ ਦਿੱਤਾ। ਗਰਗ ਨੇ ਦੱਸਿਆ ਕਿ 15-20 ਮਿੰਟਾਂ ਬਾਅਦ ਜਦੋਂ ਉਸ ਨੇ ਆਪਣਾ ਕਾਰਡ ਚੈੱਕ ਕੀਤਾ ਤਾਂ ਉਸ 'ਤੇ ਕਿਸੇ ਔਰਤ ਦਾ ਨਾਂ ਲਿਖਿਆ ਹੋਇਆ ਸੀ, ਜਿਸ ਦੀ ਉਸ ਨੇ ਤੁਰੰਤ ਬੈਂਕ ਵਿਚ ਸ਼ਿਕਾਇਤ ਦਰਜ ਕਰਵਾਈ ਅਤੇ ਆਪਣਾ ਖਾਤਾ ਸੀਲ ਕਰਵਾ ਦਿੱਤਾ। ਬੈਂਕ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਖਾਤੇ ਵਿਚੋਂ 30 ਹਜ਼ਾਰ ਰੁਪਏ ਕਿਸੇ ਅੰਮ੍ਰਿਤਪਾਲ ਸਿੰਘ ਮਾਲੇਰਕੋਟਲਾ ਦੇ ਖਾਤੇ ਵਿਚ ਟਰਾਂਸਫਰ ਹੋ ਗਏ ਹਨ ਅਤੇ ਉਨ੍ਹਾਂ ਪੈਸਿਆਂ ਨੂੰ ਕਿਸੇ ਨੇ ਸ਼ਹੀਦ ਭਗਤ ਵਿਚ ਚੌਕ ਵਿਚ ਲੱਗੇ ਏ. ਟੀ. ਐੱਮ. ਵਿਚੋਂ ਕਢਵਾਇਆ ਹੈ। ਉਕਤ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਸੰਗਰੂਰ ਵਿਖੇ ਕੀਤੀ ਗਈ ਹੈ। ਗਰਗ ਨੇ ਦੱਸਿਆ ਕਿ ਉਨ੍ਹਾਂ ਜਦੋਂ ਬੈਂਕ ਦੀ ਪਾਸਬੁੱਕ ਵਿਚ ਨਵੇਂ ਸਿਰਿਓਂ ਐਂਟਰੀ ਕਰਵਾਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਠੱਗ ਨੇ ਉਨ੍ਹਾਂ ਦੇ ਖਾਤੇ ਵਿਚੋਂ ਪਹਿਲਾਂ 20 ਹਜ਼ਾਰ ਤੇ ਮੁੜ 10 ਹਜ਼ਾਰ ਰੁਪਏ ਨਕਦ ਵੀ ਕਢਵਾਏ ਸਨ। ਇਸ ਤਰ੍ਹਾਂ ਉਸ ਨਾਲ 60 ਹਜ਼ਾਰ ਰੁਪਏ ਦੀ ਗੱਠੀ ਵੱਜੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਸਿਟੀ ਪੁਲਸ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ। ਬੈਂਕ ਤੋਂ ਏ. ਟੀ. ਐੱਮ. ਦੀ ਫੁਟੇਜ ਮੰਗੀ ਗਈ ਹੈ, ਜਿਸ ਰਾਹੀਂ ਠੱਗ ਵਿਅਕਤੀ ਦੀ ਤਸਵੀਰ ਸਾਹਮਣੇ ਆ ਜਾਵੇਗੀ।


Related News