ਰੋਪੜ ਹੈੱਡ ਵਰਕਸ ''ਚੋਂ ਮਿੱਟੀ ਕੱਢਣ ਦੇ ਕੰਮ ''ਚ ਲੱਗਾ ਸਰਕਾਰ ਨੂੰ ਕਰੋੜਾਂ ਦਾ ਚੂਨਾ

01/02/2018 6:57:52 AM

ਫਿਰੋਜ਼ਪੁਰ(ਸ਼ੈਰੀ)—ਸਿੰਚਾਈ ਵਿਭਾਗ 'ਚ ਹੋਏ ਅਕਾਲੀ ਭਾਜਪਾ ਸਰਕਾਰ ਮੌਕੇ 1000 ਕਰੋੜ ਦੇ ਘਪਲੇ ਦੀ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਜਾਂਚ 'ਚ ਅੜਿੱਕੇ ਆਏ ਅਕਾਲੀ ਠੇਕੇਦਾਰ ਗੁਰਰਿੰਦਰ ਸਿੰਘ ਅੱਜ ਜੇਲ ਦੀ ਹਵਾ ਖਾ ਰਿਹਾ ਹੈ ਪਰ ਇਸ ਤੋਂ ਇਲਾਵਾ ਵਿਭਾਗ 'ਚ ਹੋਰ ਵੀ ਕੁਝ ਅਜਿਹੇ ਘਪਲੇ ਹੋਏ ਹਨ ਜਿਨ੍ਹਾਂ ਦੀ ਜਾਂਚ ਹੋਵੇ ਕਿਉਂਕਿ ਕਈ ਹੋਰ ਘਪਲੇ ਉਜਾਗਰ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਠੇਕੇਦਾਰ ਅਕਾਲੀ ਗੁਰਿੰਦਰ ਸਿੰਘ ਦੇ ਸਾਥੀ ਠੇਕੇਦਾਰ ਵੱਲੋਂ 2012 'ਚ ਰੋਪੜ ਹੈੱਡ ਵਰਕਸ 'ਚੋਂ ਮਿੱਟੀ ਕੱਢਣ ਦਾ ਕੰਮ ਕੀਤਾ ਗਿਆ ਸੀ, ਜਿਸ ਲਈ ਉਦੋਂ ਦੀ ਅਕਾਲੀ-ਭਾਜਪਾ ਸਰਕਾਰ ਨੇ 10 ਕਰੋੜ ਰੁਪਏ ਦੀ ਮਨਜ਼ੂਰੀ ਦੇ ਕੇ ਕੈਨਾਲ ਵਿਭਾਗ ਦੇ ਚੀਫ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ ਨੂੰ ਦਿੱਤੇ ਸਨ। ਉਨ੍ਹਾਂ ਨੇ ਅੱਗੇ ਇਹ ਫੰਡ ਰਿਲੀਜ਼ ਕਰ ਕੇ ਕੰਮ ਕਰਵਾਇਆ। ਇਹ ਹਰੀਕੇ ਹੈੱਡ ਵਰਕਸ ਫਿਰੋਜ਼ਪੁਰ ਦੇ ਕੰਮ ਤੋਂ 4 ਸਾਲ ਪਹਿਲਾਂ ਹੋਇਆ ਸੀ। ਸੂਤਰ ਦੱਸਦੇ ਹਨ ਕਿ ਇਸ ਕੰਮ ਦਾ ਰੇਟ ਹਰੀਕੇ ਹੈੱਡ ਵਰਕਸ 'ਤੇ ਹੋਏ ਕੰਮ ਦੇ ਰੇਟਾਂ ਨਾਲ ਕਿਤੇ ਜ਼ਿਆਦਾ ਸੀ, ਜਿਸ 'ਚ ਵੱਡੇ ਪੱਧਰ 'ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਤੇ ਠੇਕੇਦਾਰ ਨੇ ਮਿਲੀਭੁਗਤ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਰਗੜਾ ਲਾਇਆ ਹੈ। ਜਾਣਕਾਰੀ ਮੁਤਾਬਕ ਹਰੀਕੇ ਵਰਕਸ 'ਚੋਂ ਮਿੱਟੀ ਕੱਢਣ ਦਾ ਰੇਟ 107 ਰੁਪਏ 80 ਪੈਸੇ ਕਿਊਬਿਕ ਮੀਟਰ ਸੀ ਜਦਕਿ ਰੋਪੜ ਹੈੱਡ ਵਰਕਸ ਦਾ ਰੇਟ 160 ਰੁਪਏ 45 ਪੈਸੇ ਸੀ। ਇਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਇਸ 10 ਕਰੋੜ ਰੁਪਏ ਦੇ ਕੰਮ 'ਚ ਸਰਕਾਰ ਨੂੰ ਕਿੰਨਾ ਚੂਨਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਕਮੇਟੀ 'ਚ ਚੀਫ ਇੰਜੀਨੀਅਰ ਸ਼ਾਮਲ ਸਨ। ਕਮੇਟੀ ਨੇ ਇਸ ਕੰਮ ਦੀ ਜਾਂਚ ਗੰਭੀਰਤਾ ਨਾਲ ਕਰਦਿਆਂ 4.67 ਕਰੋੜ ਦਾ ਸਰਕਾਰ ਨੂੰ ਚੂਨਾ ਲੱਗਣ ਦੀ ਰਿਪੋਰਟ ਭੇਜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਘਪਲੇ 'ਚ ਆਏ ਅਧਿਕਾਰੀਆਂ ਦੇ ਚਿਹਰੇ ਕਿੰਨੇ ਕੁ ਬੇਨਕਾਬ ਹੁੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


Related News