ਦਮਨਕਾਰੀ ‘ਆਪ’ ਸਰਕਾਰ ਦਾ ‘ਪੰਜਾਬ ਕੇਸਰੀ’ ਦੀ ਲੁਧਿਆਣਾ ਪ੍ਰੈੱਸ ਨੂੰ ਬੰਦ ਕਰਨ ਦਾ ਫ਼ਰਮਾਨ

Monday, Jan 19, 2026 - 11:18 AM (IST)

ਦਮਨਕਾਰੀ ‘ਆਪ’ ਸਰਕਾਰ ਦਾ ‘ਪੰਜਾਬ ਕੇਸਰੀ’ ਦੀ ਲੁਧਿਆਣਾ ਪ੍ਰੈੱਸ ਨੂੰ ਬੰਦ ਕਰਨ ਦਾ ਫ਼ਰਮਾਨ

ਲੁਧਿਆਣਾ (ਏਜੰਸੀ)- ਅਖ਼ਬਾਰਾਂ ਦੇ ਦਮਨ ’ਤੇ ਉਤਾਰੂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ‘ਪੰਜਾਬ ਕੇਸਰੀ’ ਦੀ ਲੁਧਿਆਣਾ ਇਕਾਈ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ। ਯਾਦ ਰਹੇ ‘ਪੰਜਾਬ ਕੇਸਰੀ’ ’ਤੇ ਹਾਲੀਆ ਦਮਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇਕ ਖ਼ਬਰ ਤੋਂ ਸ਼ੁਰੂ ਕੀਤੀ ਗਈ ਸੀ ਜਿਸ ’ਚ ਸਿਰਫ਼ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਇਹ ਦੋਸ਼ ਲਾਇਆ ਸੀ ਕਿ ਅਰਵਿੰਦ ਕੇਜਰੀਵਾਲ ਲਈ ਚੰਡੀਗੜ੍ਹ ’ਚ ਇਕ ਵੱਖਰਾ ਘਰ ਸਜਾਇਆ ਜਾ ਰਿਹਾ ਹੈ। ਇਸ ਖ਼ਬਰ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਪੱਖ ਵੀ ਲਾਇਆ ਗਿਆ ਸੀ। ਉਸ ਤੋਂ ਬਾਅਦ ਵੀ ਅਸੀਂ ਲਗਾਤਾਰ ਆਮ ਆਦਮੀ ਪਾਰਟੀ ਅਤੇ ਸਰਕਾਰ ਦੀਆਂ ਖ਼ਬਰਾਂ ਉਵੇਂ ਹੀ ਛਾਪਦੇ ਰਹੇ ਹਾਂ, ਜਿਵੇਂ ਪਹਿਲਾਂ ਛਾਪਦੇ ਹੁੰਦੇ ਸੀ।

ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਪ੍ਰੇਸ਼ਾਨ ਕਰਨ ਲਈ ਉਹ ਸਾਰੇ ਕੰਮ ਸ਼ੁਰੂ ਕਰ ਦਿੱਤੇ ਜੋ ਅੱਜ ਤੱਕ ਕਿਸੇ ਸਰਕਾਰ ਨੇ ਕਿਸੇ ਅਖ਼ਬਾਰੀ ਸੰਸਥਾ ਨਾਲ ਨਹੀਂ ਕੀਤੇ। ਪਹਿਲਾਂ ਇਨ੍ਹਾਂ ਲੋਕਾਂ ਨੇ ‘ਪੰਜਾਬ ਕੇਸਰੀ’ ਦੇ ਸਰਕਾਰੀ ਇਸ਼ਤਿਹਾਰਾਂ ਨੂੰ ਬੰਦ ਕੀਤਾ ਤੇ ਫਿਰ ‘ਪੰਜਾਬ ਕੇਸਰੀ’, ‘ਜਗ ਬਾਣੀ’ ਅਤੇ ‘ਹਿੰਦ ਸਮਾਚਾਰ’ ਅਖ਼ਬਾਰਾਂ ਦੇ ਪ੍ਰਕਾਸ਼ਨ ਕੇਂਦਰਾਂ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ। ਪੰਜਾਬ ਦੀਆਂ ਸਾਡੀਆਂ ਸਾਰੀਆਂ ਪ੍ਰੈੱਸਾਂ ਦੇ ਬਾਹਰ ਭਾਰੀ ਪੁਲਸ ਦੀ ਤਾਇਨਾਤੀ ਕਰ ਦਿੱਤੀ। ਨਾਲ ਹੀ ‘ਪੰਜਾਬ ਕੇਸਰੀ’ ਦੇ ਪ੍ਰਮੋਟਰਾਂ ਨਾਲ ਜੁੜੇ ਹੋਰ ਸੰਸਥਾਨਾਂ ਨੂੰ ਵੀ ਬੰਦ ਕਰਨ ਲਈ ਝੂਠੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇਸ ਲਈ ਪੰਜਾਬ ਸਰਕਾਰ ਨੇ ਆਪਣੇ ਵੱਖ-ਵੱਖ ਵਿਭਾਗਾਂ ਜਿਨ੍ਹਾਂ ’ਚ ਪ੍ਰਦੂਸ਼ਣ ਕੰਟਰੋਲ ਬੋਰਡ, ਆਬਕਾਰੀ ਅਤੇ ਪਾਵਰ ਕਾਰਪੋਰੇਸ਼ਨ ਵਰਗੇ ਵਿਭਾਗ ਸ਼ਾਮਲ ਹਨ, ਦੀ ਸ਼ਰੇਆਮ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ।

ਤਾਜ਼ਾ ਮਾਮਲਾ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ‘ਪੰਜਾਬ ਕੇਸਰੀ’ ਲੁਧਿਆਣਾ ਨੂੰ ਲੈ ਕੇ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚਿੱਠੀ ਜਾਰੀ ਕਰ ਕੇ ਫਾਲਤੂ ਦੀਆਂ ਵੱਖ-ਵੱਖ ਕਮੀਆਂ ਕੱਢਦੇ ਹੋਏ ਪ੍ਰੈੱਸ ਨੂੰ ਤੁਰੰਤ ਬੰਦ ਕਰਨ ਤੇ ਬਿਜਲੀ ਬੋਰਡ ਨੂੰ ਬਿਜਲੀ ਦੀ ਸਪਲਾਈ ਕੱਟਣ ਦੇ ਹੁਕਮ ਦਿੱਤੇ ਹਨ। ਜਦਕਿ ਪ੍ਰਿੰਟਿੰਗ ਪ੍ਰੈੱਸ ਗੈਰ-ਪ੍ਰਦੂਸ਼ਣਕਾਰੀ ਉਦਯੋਗ ’ਚ ਆਉਂਦੀ ਹੈ, ਫਿਰ ਵੀ ਉਸ ਨੇ ਅਜਿਹਾ ਸਭ ਕੀਤਾ ਹੈ। ਪ੍ਰਿੰਟਿੰਗ ਪ੍ਰੈੱਸ ਬਿਜਲੀ ਨਾਲ ਚੱਲਦੀ ਹੈ ਅਤੇ ਕੋਈ ਵੀ ਧੂੰਆਂ ਨਹੀਂ ਛੱਡਦੀ। ਪੰਜਾਬ ਜਾਂ ਦੇਸ਼ ਦੇ ਕਿਸੇ ਵੀ ਸੂਬੇ ’ਚ ਅਜਿਹੀ ਕੋਈ ਹਰਕਤ ਪ੍ਰੈੱਸ ਨੂੰ ਬੰਦ ਕਰਨ ਲਈ ਅੱਜ ਤੱਕ ਨਹੀਂ ਕੀਤੀ ਗਈ।

‘ਪੰਜਾਬ ਕੇਸਰੀ’ ਦਾ ਇਤਿਹਾਸ ਨਵੀਂ ਤੋਂ ਨਵੀਂ ਤਕਨਾਲੋਜੀ ਨੂੰ ਵਰਤੋਂ ਕਰਨ ਦਾ ਰਿਹਾ ਹੈ। ਅਜਿਹੇ ’ਚ ਅਜਿਹੀ ਕਿਸੇ ਚੇਤਾਵਨੀ ਦਾ ਕੋਈ ਮਤਲਬ ਨਹੀਂ ਬਣਦਾ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਸਰਕਾਰੀ ਵਿਭਾਗ ਪ੍ਰਦੂਸ਼ਣ ਕੰਟਰੋਲ ਬੋਰਡ ਦੂਜੇ ਸਰਕਾਰੀ ਵਿਭਾਗ ਬਿਜਲੀ ਬੋਰਡ ਨੂੰ ਇਹ ਚਿਤਾਵਨੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜੇ ਤੁਸੀਂ ਬਿਜਲੀ ਨਹੀਂ ਕੱਟੀ ਤਾਂ ਤੁਹਾਡੇ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸਭ ਕਾਰਵਾਈਆਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ‘ਆਪ’ ਸਰਕਾਰ ਪੰਜਾਬ ਕੇਸਰੀ ਦਾ ਇਤਿਹਾਸ ਨਹੀਂ ਜਾਣਦੇ।

'ਪੰਜਾਬ ਕੇਸਰੀ' ’ਤੇ ਪਹਿਲਾਂ ਵੀ ਕੁਝ ਸਰਕਾਰਾਂ ਨੇ ਅੱਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਹੋਈਆਂ। ਸਾਲ 1974 ’ਚ ਪੰਜਾਬ ਸਰਕਾਰ ਨੇ ‘ਪੰਜਾਬ ਕੇਸਰੀ’ ਦੀ ਬਿਜਲੀ ਕੱਟ ਦਿੱਤੀ ਸੀ ਪਰ ਦੁਨੀਆ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਉਦੋਂ ਟਰੈਕਟਰ ਦੇ ਸਹਾਰੇ ‘ਪੰਜਾਬ ਕੇਸਰੀ’ ਨੂੰ ਛਾਪਿਆ ਗਿਆ। ‘ਪੰਜਾਬ ਕੇਸਰੀ’ ਨੇ ਅੱਤਵਾਦ ਦੇ ਖ਼ਿਲਾਫ਼ ਜਿਸ ਤਰ੍ਹਾਂ ਨਾਲ ਮੋਰਚਾ ਸੰਭਾਲਿਆ ਸੀ, ਉਹ ਆਪਣੇ ਆਪ ’ਚ ਇਤਿਹਾਸ ਰਿਹਾ ਹੈ। ਇਸ ਦੇ ਦੋ ਮਾਲਕਾਂ ਸਮੇਤ 62 ਕਰਮਚਾਰੀਆਂ ਤੇ ਏਜੰਟਾਂ ਨੇ ਕੁਰਬਾਨੀ ਦਿੱਤੀ ਸੀ। ‘ਪੰਜਾਬ ਕੇਸਰੀ’ ਦੇ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਨਾਲ ਹੌਲੀ-ਹੌਲੀ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ’ਚ ‘ਆਪ’ ਸਰਕਾਰ ਦੇ ਖ਼ਿਲਾਫ਼ ਲੋਕ-ਰੁਝਾਨ ਤਿਆਰ ਹੋ ਰਿਹਾ ਹੈ ਤੇ ਸਿਰਫ ਇਕ ਸੂਬੇ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਹੱਥੋਂ ਸਰਕਾਰ ਦੇ ਚਲੇ ਜਾਣ ਦਾ ਖ਼ਤਰਾ ਸਾਹਮਣੇ ਹੈ।


author

Anmol Tagra

Content Editor

Related News