ਪੰਜਾਬ ''ਚ ਇਸ ਸਿਰਪ ''ਤੇ ਲੱਗਾ ਬੈਨ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਏ ਸਖ਼ਤ ਹੁਕਮ

Wednesday, Jan 21, 2026 - 11:28 AM (IST)

ਪੰਜਾਬ ''ਚ ਇਸ ਸਿਰਪ ''ਤੇ ਲੱਗਾ ਬੈਨ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਏ ਸਖ਼ਤ ਹੁਕਮ

ਜ਼ੀਰਕਪੁਰ (ਧੀਮਾਨ) : ਪੰਜਾਬ ’ਚ ਬੱਚਿਆਂ ਦੇ ਇਲਾਜ ਲਈ ਵਰਤੇ ਜਾਣ ਵਾਲੇ ‘ਅਲਮੋਂਟ-ਕਿਡ ਸਿਰਪ’ ਨੂੰ ਘਟੀਆ ਗੁਣਵੱਤਾ ਦਾ ਕਰਾਰ ਦਿੰਦਿਆਂ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ (ਡਰਗਜ਼ ਵਿੰਗ) ਵੱਲੋਂ ਇਸ ਦੀ ਵਿਕਰੀ, ਵੰਡ ਅਤੇ ਵਰਤੋਂ ’ਤੇ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਡਿਪਟੀ ਡਰਗਜ਼ ਕੰਟਰੋਲਰ (I), ਸੀ. ਡੀ. ਐੱਸ. ਸੀ. ਓ. (ਈਸਟ ਜ਼ੋਨ) ਵੱਲੋਂ ਭੇਜੀ ਗਈ ਜਾਣਕਾਰੀ ਅਤੇ ਸੈਂਟਰਲ ਡਰੱਗਜ਼ ਲੈਬਾਰਟਰੀ ਕੋਲਕਾਤਾ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਜਾਰੀ ਕੀਤਾ ਗਿਆ ਹੈ। ਜਾਂਚ ਰਿਪੋਰਟ ਅਨੁਸਾਰ ਅਲਮੋਂਟ-ਕਿਡ (ਲੇਵੋਸੇਟੀਰਿਜ਼ਿਨ ਡਾਈਹਾਈਡਰੋਕਲੋਰਾਈਡ ਅਤੇ ਮੋਂਟੇਲੂਕਾਸਟ ਸੋਡੀਅਮ ਸਿਰਪ) ਦਾ ਬੈਚ ਨੰਬਰ ਏ. ਐੱਲ-24002 ਨਿਰਮਾਣ ਤਾਰੀਖ਼ ਜਨਵਰੀ 2025 ਅਤੇ ਮਿਆਦ ਦਸੰਬਰ 2026 ਹੈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੂਲਾਂ ਨੂੰ ਵੱਡੀ ਚਿਤਾਵਨੀ, ਇਸ ਤਾਰੀਖ਼ ਤੱਕ ਮਿਲਿਆ ਆਖ਼ਰੀ ਮੌਕਾ

ਇਹ ਦਵਾਈ ਟ੍ਰਾਈਡਸ ਰੈਮੇਡੀਜ਼ ਹਾਜੀਪੁਰ (ਬਿਹਾਰ) ਵੱਲੋਂ ਤਿਆਰ ਕੀਤੀ ਗਈ ਹੈ। ਲੈਬ ਜਾਂਚ ਦੌਰਾਨ ਇਸ ਸਿਰਪ ’ਚ ਇਥੀਲੀਨ ਗਲਾਈਕੋਲ ਦੀ ਮੌਜੂਦਗੀ ਪਾਈ ਗਈ, ਜੋ ਸਿਹਤ ਲਈ ਗੰਭੀਰ ਤੌਰ ’ਤੇ ਨੁਕਸਾਨਦਾਇਕ ਮੰਨੀ ਜਾਂਦੀ ਹੈ ਅਤੇ ਦਵਾਈ ਨੂੰ ਅਸੁਰੱਖਿਅਤ ਬਣਾਉਂਦੀ ਹੈ। ਵਿਭਾਗ ਦੇ ਪੱਤਰ ’ਚ ਜਾਰੀ ਹੁਕਮਾਂ ਅਨੁਸਾਰ ਕਿਹਾ ਗਿਆ ਹੈ ਕਿ ਲੋਕਹਿੱਤ ਨੂੰ ਧਿਆਨ ’ਚ ਰੱਖਦਿਆਂ ਇਸ ਉਤਪਾਦ ਨੂੰ ਪੰਜਾਬ ਰਾਜ ’ਚ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਰੋਕਿਆ ਜਾਂਦਾ ਹੈ। ਸਾਰੇ ਰਿਟੇਲਰ, ਡਿਸਟ੍ਰੀਬਿਊਟਰ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲ ਤੇ ਸਿਹਤ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਾ ਤਾਂ ਇਸ ਸਿਰਪ ਦੀ ਖ਼ਰੀਦ-ਫ਼ਰੋਖ਼ਤ ਕਰਨ ਅਤੇ ਨਾ ਹੀ ਕਿਸੇ ਮਰੀਜ਼ ਨੂੰ ਇਸ ਦੀ ਖ਼ੁਰਾਕ ਦਿੱਤੀ ਜਾਵੇ।

ਇਹ ਵੀ ਪੜ੍ਹੋ : ਪਾਵਨ ਸਰੂਪਾਂ ਦੇ ਮਾਮਲੇ 'ਤੇ ਹਰਪਾਲ ਚੀਮਾ ਦਾ ਇਕ ਹੋਰ 'ਯੂ-ਟਰਨ', ਜਾਣੋ ਹੁਣ ਕੀ ਦਿੱਤਾ ਸਪੱਸ਼ਟੀਕਰਨ

ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਜੇਕਰ ਕਿਤੇ ਵੀ ਇਸ ਦਵਾਈ ਦਾ ਸਟਾਕ ਮਿਲਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਡਰੱਗਜ਼ ਕੰਟਰੋਲ ਐੱਫ. ਡੀ. ਏ. ਪੰਜਾਬ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਸਾਰੇ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਜਿੱਥੇ ਵੀ ਇਹ ਸਿਰਪ ਉਪਲੱਬਧ ਹੋਵੇ, ਉਸ ਨੂੰ ਤੁਰੰਤ ਜ਼ਬਤ ਕਰਕੇ ਸੈਂਪਲ ਭਰੇ ਜਾਣ ਅਤੇ ਅਗਲੀ ਕਾਰਵਾਈ ਕੀਤੀ ਜਾਵੇ। ਵਿਭਾਗੀ ਸੂਤਰਾਂ ਮੁਤਾਬਕ ਇਹ ਹੁਕਮ ਪੰਜਾਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ, ਦਵਾਈ ਲਾਇਸੈਂਸ ਧਾਰਕਾਂ, ਮੈਡੀਕਲ ਸਟੋਰਾਂ ਤੇ ਹਸਪਤਾਲਾਂ ਨੂੰ ਅਮਲ ਲਈ ਭੇਜ ਦਿੱਤੇ ਗਏ ਹਨ ਤਾਂ ਜੋ ਘਟੀਆ ਗੁਣਵੱਤਾ ਵਾਲੀ ਦਵਾਈ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਪਹਿਲਾਂ ਸਖ਼ਤ ਕਦਮ ਚੁੱਕੇ ਜਾ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News