ਛੇੜਛਾੜ ਦਾ ਬਹਾਨਾ ਬਣਾ ਕੇ ਪੈਸੇ ਠੱਗਣ ਵਾਲਾ ਗਿਰੋਹ ਸਰਗਰਮ

Sunday, Dec 03, 2017 - 03:18 AM (IST)

ਛੇੜਛਾੜ ਦਾ ਬਹਾਨਾ ਬਣਾ ਕੇ ਪੈਸੇ ਠੱਗਣ ਵਾਲਾ ਗਿਰੋਹ ਸਰਗਰਮ

ਬਠਿੰਡਾ(ਵਰਮਾ)-ਜ਼ਿਲੇ ਵਿਚ ਇਕ ਅਜਿਹਾ ਗਿਰੋਹ ਸਰਗਰਮ ਹੈ, ਜੋ ਛੇੜਛਾੜ ਦਾ ਬਹਾਨਾ ਬਣਾ ਕੇ ਅਮੀਰਾਂ ਤੋਂ ਮੋਟੇ ਪੈਸੇ ਠੱਗਦਾ ਹੈ। ਇਸ ਗਿਰੋਹ 'ਚ ਔਰਤਾਂ ਵੀ ਸ਼ਾਮਲ ਹਨ। ਅਜਿਹਾ ਹੀ ਇਕ ਮਾਮਲਾ ਰਾਮਪੁਰਾ ਦਾ ਹੈ, ਜਿਸ 'ਚ ਇਸ ਗਿਰੋਹ ਦੀਆਂ ਔਰਤਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਵਿਅਕਤੀ 'ਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਉਣ ਦੀ ਧਮਕੀ ਦੇ ਕੇ ਉਸ ਕੋਲੋਂ ਹਜ਼ਾਰਾਂ ਰੁਪਏ ਠੱਗ ਲਏ। ਘਟਨਾ ਤੋਂ ਬਾਅਦ ਪੀੜਤ ਜਵਾਹਰ ਲਾਲ ਵਾਸੀ ਪਿੰਡ ਚਾਉਕੇ ਜ਼ਿਲਾ ਬਠਿੰਡਾ ਨੇ ਰਾਮਪੁਰਾ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਪਰਮਜੀਤ ਕੌਰ ਅਤੇ ਬਲਵੀਰ ਸਿੰਘ ਸਮੇਤ ਦੋ ਹੋਰ ਅਣਪਛਾਤਿਆਂ 'ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੇ ਦਿਨੀਂ ਔਰਤ ਪਰਮਜੀਤ ਕੌਰ ਉਸ ਨੂੰ ਆਪਣੇ ਘਰ ਇਹ ਕਹਿ ਕੇ ਲੈ ਗਈ ਕਿ ਬਲਵੀਰ ਸਿੰਘ ਜ਼ਿਆਦਾ ਬੀਮਾਰ ਹੈ, ਉਸ ਨੂੰ ਹਸਪਤਾਲ ਲਿਜਾਣਾ ਹੈ, ਜਿਸ ਕਾਰਨ ਉਹ ਆਪਣੀ ਕਾਰ ਲੈ ਕੇ ਉਸ ਦੇ ਘਰ ਚਲਾ ਗਿਆ, ਜਿਥੇ ਪਹਿਲਾਂ ਤੋਂ ਹੀ ਮੌਜੂਦ ਬਲਵੀਰ ਸਿੰਘ ਤੇ ਇਕ ਅਣਪਛਾਤੀ ਔਰਤ ਅਤੇ ਇਕ ਵਿਅਕਤੀ ਨੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਸ 'ਤੇ ਔਰਤਾਂ ਨਾਲ ਛੇੜਛਾੜ ਕਰਨ ਦਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਉਸ ਕੋਲੋਂ ਕਰੀਬ 40 ਹਜ਼ਾਰ ਰੁਪਏ ਠੱਗ ਲਏ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੈਸੇ ਦੇਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ 'ਚੋਂ ਨਿਕਲ ਕੇ ਆਪਣੇ ਘਰ ਪਹੁੰਚਿਆ। ਇਸ ਘਟਨਾ ਦੀ ਜਾਣਕਾਰੀ ਉਸ ਨੇ ਥਾਣਾ ਰਾਮਪੁਰਾ ਪੁਲਸ ਨੂੰ ਦਿੱਤੀ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਨੇ ਮਾਮਲਾ ਦਰਜ ਕਰ ਲਿਆ। ਥਾਣਾ ਰਾਮਪੁਰਾ ਸਿਟੀ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਔਰਤ ਪਰਮਜੀਤ ਕੌਰ ਤੇ ਬਲਵੀਰ ਸਿੰਘ ਅਤੇ ਦੋ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।


Related News