ਪਾਰਕ ’ਚ ਪੱਥਰ ਮਾਰ ਕੇ ਨੌਜਵਾਨ ਦਾ ਕਤਲ, ਮੁਲਜ਼ਮ ਫ਼ਰਾਰ

Friday, Jan 23, 2026 - 01:09 PM (IST)

ਪਾਰਕ ’ਚ ਪੱਥਰ ਮਾਰ ਕੇ ਨੌਜਵਾਨ ਦਾ ਕਤਲ, ਮੁਲਜ਼ਮ ਫ਼ਰਾਰ

ਚੰਡੀਗੜ੍ਹ (ਸੁਸ਼ੀਲ) : ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਸੈਕਟਰ-40 ਪਾਰਕ ’ਚ ਬੈਠ ਕੇ ਸ਼ਰਾਬ ਪੀ ਰਹੇ ਨੌਜਵਾਨਾਂ ਦੇ ਵਿਚਕਾਰ ਕੁੱਟਮਾਰ ਹੋਈ। ਨੌਜਵਾਨਾਂ ਨੇ ਪੱਥਰ ਚੁੱਕ ਕੇ ਆਪਣੇ ਸਾਥੀ ਦੇ ਸਿਰ ’ਚ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਫ਼ਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਕਟਰ-40 ਨਿਵਾਸੀ ਸ਼ੈਂਕੀ ਦੇ ਰੂਪ ’ਚ ਹੋਈ। ਫਾਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਖ਼ੂਨ ਦੇ ਸੈਂਪਲ ਲਏ ਤੇ ਪੱਥਰ ਜ਼ਬਤ ਕੀਤਾ। ਸੈਕਟਰ-39 ਥਾਣਾ ਪੁਲਸ ਨੇ ਅਣਪਛਾਤੇ ਲੋਕਾਂ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਪਛਾਣ ਲਈ ਪਾਰਕ ਦੇ ਨੇੜੇ ਲੱਗੇ ਸੀ. ਸੀ. ਟੀ. ਟੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਘਟਨਾ ਸੈਕਟਰ-40ਸੀ ਪਾਰਕ ਦੀ ਹੈ, ਜਿੱਥੇ ਇਕ ਰਾਹਗੀਰ ਨੌਜਵਾਨ ਸੈਰ ਕਰ ਰਿਹਾ ਸੀ। ਉਸ ਨੇ ਇਕ ਨੌਜਵਾਨ ਨੂੰ ਬੇਹੋਸ਼ ਪਿਆ ਦੇਖਿਆ। ਨੇੜੇ ਜਾ ਕੇ ਦੇਖਣ ’ਤੇ ਉਸ ਨੇ ਉਸ ਦੇ ਸਿਰ ’ਚੋਂ ਕਾਫੀ ਖੂਨ ਵਗਦਾ ਦੇਖਿਆ। ਨੌਜਵਾਨ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਐਂਬੂਲੈਂਸ ਮੌਕੇ ’ਤੇ ਪਹੁੰਚੀ ਤੇ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਜ਼ਖਮੀ ਨੂੰ ਸਿੱਧਾ ਜੀ.ਐੱਮ.ਸੀ.ਐੱਚ-16 ਹਸਪਤਾਲ ਦੇ ਐਮਰਜੈਂਸੀ ’ਚ ਲਿਜਾਇਆ ਗਿਆ। ਹਸਪਤਾਲ ’ਚ ਸ਼ਾਮ 7:38 ਵਜੇ ਨੌਜਵਾਨ ਦਾ ਅਣਪਛਾਤਾ ਕਾਰਡ ਬਣਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸ਼ੈਂਕੀ ਵਜੋਂ ਹੋਈ।
ਮਾਂ ਨਾਲ ਨਹੀਂ ਰਹਿੰਦਾ ਸੀ ਸ਼ੈਂਕੀ
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਸ਼ੈਂਕੀ ਨਸ਼ੇ ਦਾ ਆਦੀ ਸੀ। ਹਾਲਾਂਕਿ ਉਸ ਦੀ ਮਾਂ ਸੈਕਟਰ-40 ’ਚ ਰਹਿੰਦੀ ਸੀ ਪਰ ਨਸ਼ੇ ਦੀ ਲਤ ਕਾਰਨ ਸ਼ੈਂਕੀ ਉਸ ਨਾਲ ਨਹੀਂ ਰਹਿੰਦਾ ਸੀ। ਉਹ ਅਕਸਰ ਰਾਤ ਨੂੰ ਸ਼ੋਅਰੂਮਾਂ ਦੇ ਵਰਾਂਡਿਆਂ ’ਚ ਹੀ ਸੌਂ ਜਾਂਦਾ ਸੀ। ਇਸੇ ਕਾਰਨ ਉਸ ਦੀ ਮਾਂ ਇਸ ਸਮੇਂ ਆਪਣੀ ਵਿਆਹੀ ਧੀ ਕੋਲ ਝਾਮਪੁਰ ’ਚ ਰਹਿ ਰਹੀ ਹੈ। ਪੁਲਸ ਨੇ ਸ਼ੈਂਕੀ ਦੇ ਜੀਜਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਫਿਲਹਾਲ ਪੁਲਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਕਾਨੂੰਨ ਵਿਵਸਥਾ ਵਿਗੜੀ, ਸ਼ਹਿਰ ’ਚ ਰੋਜ਼ਾਨਾ ਕਤਲ ਤੇ ਗੋਲੀਆਂ ਚੱਲ ਰਹੀਆਂ
ਚੰਡੀਗੜ੍ਹ ’ਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਜਨਵਰੀ ’ਚ ਤਿੰਨ ਤੋਂ ਵੱਧ ਕਤਲ ਹੋ ਚੁੱਕੇ ਹਨ। ਗੈਂਗਸਟਰ ਆਏ-ਦਿਨ ਕਾਰੋਬਾਰੀਆਂ ’ਤੇ ਗੋਲੀਬਾਰੀ ਕਰਕੇ ਫ਼ਿਰੌਤੀ ਮੰਗ ਰਹੇ ਹਨ। ਪੁਲਸ ਇਨ੍ਹਾਂ ਘਟਨਾਵਾਂ ਨੂੰ ਰੋਕਣ ’ਚ ਅਸਫ਼ਲ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਦਾ ਸੀ. ਆਈ. ਡੀ ਵਿਭਾਗ ਕੁੱਝ ਨਹੀਂ ਕਰ ਰਿਹਾ ਹੈ। ਉਨ੍ਹਾਂ ਕੋਲ ਕੋਈ ਇਨਪੁਟ ਨਹੀਂ ਹੁੰਦਾ।


author

Babita

Content Editor

Related News