ਉੱਦਮੀਆਂ ਨੂੰ ਜਾਅਲੀ ਬੈਂਕ ਗਾਰੰਟੀ ਦਿਵਾ ਕੇ ਕਰੋੜਾਂ ਰੁਪਏ ਹੜੱਪ ਰਿਹੈ ਸ਼ਾਤਿਰ ਬੈਂਕ ਮੈਨੇਜਰ

Sunday, Nov 05, 2017 - 03:54 AM (IST)

ਉੱਦਮੀਆਂ ਨੂੰ ਜਾਅਲੀ ਬੈਂਕ ਗਾਰੰਟੀ ਦਿਵਾ ਕੇ ਕਰੋੜਾਂ ਰੁਪਏ ਹੜੱਪ ਰਿਹੈ ਸ਼ਾਤਿਰ ਬੈਂਕ ਮੈਨੇਜਰ

ਲੁਧਿਆਣਾ(ਪੰਕਜ)-ਮਹਾਨਗਰ ਦੇ ਉੱਦਮੀਆਂ ਨੂੰ ਮਹਾਰਾਸ਼ਟਰ ਜਾਂ ਦੂਜੇ ਸੂਬਿਆਂ ਤੋਂ ਵਪਾਰ ਲਈ ਬੈਂਕ ਗਾਰੰਟੀ ਦਿਵਾਉਣ ਦੇ ਨਾਂ 'ਤੇ ਕਰੋੜਾਂ ਰੁਪਏ ਹੜੱਪਣ ਵਾਲੇ ਜਲੰਧਰ ਨਿਵਾਸੀ ਬੈਂਕ ਮੈਨੇਜਰ ਦੇ ਸ਼ਿਕਾਰ ਉੱਦਮੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੋਟੀ ਕਮਿਸ਼ਨ ਵਸੂਲ ਕੇ ਉੱਦਮੀਆਂ ਨੂੰ ਜਾਅਲੀ ਬੈਂਕ ਗਾਰੰਟੀ ਦਿਵਾਉਣ ਵਾਲੇ ਸ਼ਾਤਿਰ ਮੈਨੇਜਰ ਖਿਲਾਫ ਪਹਿਲਾਂ ਵੀ ਮਾਡਲ ਟਾਊਨ ਥਾਣੇ ਵਿਚ 2 ਪਰਚੇ ਦਰਜ ਹਨ ਜਿਨ੍ਹਾਂ ਵਿਚ ਮੁਲਜ਼ਮ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਚੁੱਕਾ ਹੈ। 'ਜਗ ਬਾਣੀ' ਦਫਤਰ ਵਿਚ ਪੁੱਜੇ ਸ਼ਹਿਰ ਦੇ ਨਾਮੀ ਅੱਧਾ ਦਰਜਨ ਉੱਦਮੀਆਂ ਨੇ ਆਪਣੀ ਆਪ-ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਕਤ ਵਿਅਕਤੀ ਜਲੰਧਰ ਦੇ ਇਕ ਪ੍ਰਾਈਵੇਟ ਬੈਂਕ ਵਿਚ ਬਤੌਰ ਮੈਨੇਜਰ ਕੰਮ ਕਰਦਾ ਹੈ। ਉਸ ਨੇ ਪਿਛਲੇ 2 ਸਾਲਾਂ ਤੋਂ ਲੁਧਿਆਣਾ ਵਿਚ ਆਪਣੀ ਸਰਗਰਮੀ ਵਧਾਉਂਦੇ ਹੋਏ ਪਹਿਲਾਂ ਤਾਂ ਉੱਦਮੀਆਂ ਨਾਲ ਸੰਪਰਕ ਸਥਾਪਤ ਕੀਤੇ ਤੇ ਫਿਰ ਭਰੋਸੇ ਵਿਚ ਲੈ ਕੇ ਉਨ੍ਹਾਂ ਨੂੰ ਬਿਜ਼ਨੈੱਸ ਵਿਚ ਆਏ ਮੰਦੇ ਤੋਂ ਉਭਾਰਨ ਲਈ ਦੂਜੇ ਸੂਬਿਆਂ ਤੋਂ ਬੈਂਕ ਗਾਰੰਟੀ ਦਿਵਾਉਣ ਦਾ ਝਾਂਸਾ ਦੇਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਇੰਨਾ ਸ਼ਾਤਿਰ ਹੈ ਕਿ ਉੱਦਮੀ ਨੂੰ ਆਪਣੇ ਵਿਸ਼ਵਾਸ ਵਿਚ ਲੈ ਕੇ ਬੈਂਕ ਗਾਰੰਟੀ ਦਿਵਾਉਣ ਲਈ ਕਦੇ ਮਹਾਰਾਸ਼ਟਰ ਤਾਂ ਕਦੇ ਪੱਛਮੀ ਬੰਗਾਲ ਦੇ ਵੱਖ-ਵੱਖ ਸ਼ਹਿਰਾਂ ਵਿਚ ਅਰਜ਼ੀਕਰਤਾ ਫਰਮ ਦੇ ਝੂਠੇ ਦਫਤਰ ਖੁੱਲ੍ਹਵਾ ਕੇ ਬਕਾਇਦਾ ਆਪਣੇ ਗੈਂਗ ਵਿਚ ਸ਼ਾਮਲ ਸਾਥੀਆਂ ਨੂੰ ਬੈਂਕ ਕਰਮਚਾਰੀ ਦੱਸ ਕੇ ਮਿਲਵਾਉਂਦਾ ਹੈ। ਇਸੇ ਬਹਾਨੇ ਉੱਦਮੀਆਂ ਤੋਂ ਲੱਖਾਂ ਰੁਪਏ ਦੀ ਨਕਦੀ ਕਮਿਸ਼ਨ ਵਜੋਂ ਵਸੂਲ ਕੇ ਉਨ੍ਹਾਂ ਨੂੰ ਬਕਾਇਦਾ ਬੈਂਕ ਵੱਲੋਂ ਜਾਰੀ ਬੈਂਕ ਗਾਰੰਟੀ ਦਾ ਲੈਟਰ ਵੀ ਜਾਰੀ ਕਰਵਾ ਦਿੰਦਾ ਹੈ। ਲੋਹੇ ਦਾ ਕਾਰੋਬਾਰ ਕਰਨ ਵਾਲੇ ਉੱਦਮੀਆਂ ਵੱਲੋਂ ਮਾਲ ਖਰੀਦਣ ਲਈ ਮੁਲਜ਼ਮ ਵੱਲੋਂ ਜਾਰੀ ਕੀਤੀ ਬੈਂਕ ਗਾਰੰਟੀ ਨੂੰ ਸਟੀਲ ਅਥਾਰਟੀ ਆਫ ਇੰਡੀਆ ਨੂੰ ਭੇਜਣ 'ਤੇ ਉਲਟਾ ਦੇਣੇ ਪੈ ਗਏ। ਇਸ ਨੇ ਅਥਾਰਟੀ ਵੱਲੋਂ ਬੈਂਕ ਗਾਰੰਟੀ ਦੀ ਰੀਵੈਰੀਫਿਕੇਸ਼ਨ ਕਰਵਾਉਣ ਦੌਰਾਨ ਉਸ ਦੇ ਜਾਅਲੀ ਹੋਣ ਦੀ ਰਿਪੋਰਟ ਆਉਣ 'ਤੇ ਉਲਟਾ ਉਨ੍ਹਾਂ ਖਿਲਾਫ ਹੀ ਧੋਖਾਦੇਹੀ ਦਾ ਪਰਚਾ ਦਰਜ ਕਰਵਾਉਣ ਦੀ ਸਥਾਨਕ ਪੁਲਸ ਨੂੰ ਸ਼ਿਕਾਇਤ ਭੇਜ ਦਿੱਤੀ। ਪੀੜਤਾਂ ਨੇ ਦੱਸਿਆ ਕਿ ਬੈਂਕ ਗਾਰੰਟੀ ਜਾਅਲੀ ਨਿਕਲਣ 'ਤੇ ਤੇ ਪੁਲਸ ਵਿਚ ਸ਼ਿਕਾਇਤ ਹੋਣ 'ਤੇ ਜਦੋਂ ਉਨ੍ਹਾਂ ਨੇ ਮੁਲਜ਼ਮ ਨਾਲ ਸੰਪਰਕ ਸਥਾਪਤ ਕਰਨ ਦਾ ਯਤਨ ਕੀਤਾ ਤਾਂ ਉਸ ਨੇ ਮੋਬਾਇਲ ਚੁੱਕਣਾ ਹੀ ਬੰਦ ਕਰ ਦਿੱਤਾ। ਸ਼ਾਤਿਰ ਮੁਲਜ਼ਮ ਦੇ ਹੱਥੋਂ ਲੁੱਟ ਦਾ ਸ਼ਿਕਾਰ ਹੋਏ ਉੱਦਮੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਮੁਲਜ਼ਮ ਖਿਲਾਫ ਮਾਡਲ ਟਾਊਨ ਥਾਣੇ ਵਿਚ ਧੋਖਾਦੇਹੀ ਦੇ 2 ਪਰਚੇ ਵੀ ਦਰਜ ਹਨ, ਜਿਨ੍ਹਾਂ ਵਿਚ ਉਸ ਨੇ ਹਾਈਕੋਰਟ ਤੋਂ ਜ਼ਮਾਨਤ ਲਈ ਹੈ। ਉਧਰ, ਮੁਲਜ਼ਮ ਦੀ ਲੁੱਟ ਦਾ ਸ਼ਿਕਾਰ ਅੱਧੀ ਦਰਜਨ ਹੋਰ ਉੱਦਮੀਆਂ ਨੇ ਸੋਮਵਾਰ ਨੂੰ ਪੁਲਸ ਕਮਿਸ਼ਨਰ ਨੂੰ ਮਿਲਣ ਅਤੇ ਮੁਲਜ਼ਮ ਖਿਲਾਫ ਕਾਰਵਾਈ ਕਰਵਾਉਣ ਦਾ ਫੈਸਲਾ ਕੀਤਾ ਹੈ।
 


Related News