ਨਿਵੇਸ਼ ਦੇ ਨਾਂ ''ਤੇ ਵੱਡਾ ਫਰਾਡ: ਮਹਿਲਾ ਨੂੰ ਮੋਟਾ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਲਾਇਆ ਕਰੋੜਾਂ ਦਾ ਰਗੜਾ

Wednesday, Apr 08, 2026 - 07:08 AM (IST)

ਨਿਵੇਸ਼ ਦੇ ਨਾਂ ''ਤੇ ਵੱਡਾ ਫਰਾਡ: ਮਹਿਲਾ ਨੂੰ ਮੋਟਾ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਲਾਇਆ ਕਰੋੜਾਂ ਦਾ ਰਗੜਾ

ਲੁਧਿਆਣਾ (ਰਾਜ) : ਬੀ. ਆਰ. ਐੱਸ. ਨਗਰ ਵਿਚ ਇਕ ਔਰਤ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸ਼ਾਤਰ ਠੱਗਾਂ ਨੇ ਨਾ ਸਿਰਫ ਔਰਤ ਦੀ ਕੀਮਤੀ ਪ੍ਰਾਪਰਟੀ ਕਿਰਾਏ ’ਤੇ ਲੈ ਕੇ ਕਿਰਾਇਆ ਡਕਾਰਿਆ, ਸਗੋਂ ਵਪਾਰ ਵਿਚ ਨਿਵੇਸ਼ ਦੇ ਨਾਮ ’ਤੇ ਉਨ੍ਹਾਂ ਤੋਂ 2 ਕਰੋੜ 1 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਵੀ ਹੜੱਪ ਲਈ। ਪੁਲਸ ਨੇ ਨਮਿਤਾ ਸਚਦੇਵਾ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਮੁਲਜ਼ਮਾਂ ਖਿਲਾਫ ਸਾਜ਼ਿਸ਼ ਰਚਣ, ਧੋਖਾਦੇਹੀ ਕਰਨ ਅਤੇ ਅਮਾਨਤ ਵਿਚ ਖਿਆਨਤ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਗੁੜਗਾਂਵ ਦੇ ਨਿਖਿਲ ਸਿਆਲ ਤੇ ਹੁਸ਼ਿਆਰਪੁਰ ਦੀ ਰਮਨਦੀਪ ਕੌਰ ਹੈ। ਸ਼ਿਕਾਇਤਕਰਤਾ ਨਮਿਤਾ ਸਚਦੇਵਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੁਲਜ਼ਮਾਂ ਨੇ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਬੀ.ਆਰ.ਐੱਸ. ਨਗਰ ਦੇ ਐੱਫ-ਬਲਾਕ, ਦੁਰਗਾ ਮਾਤਾ ਮੰਦਰ ਦੇ ਕੋਲ ਸਥਿਤ ਉਨ੍ਹਾਂ ਦੀ ਪ੍ਰਾਪਰਟੀ ਦਾ ਬੇਸਮੈਂਟ ਫਲੌਰ (ਕਰੀਬ 7500 ਵਰਗ ਗਜ ਕਾਰਪੈਟ ਏਰੀਆ) ਕਿਰਾਏ ’ਤੇ ਲਿਆ।

ਇਹ ਵੀ ਪੜ੍ਹੋ : ਫਿਲਮੀ ਅੰਦਾਜ਼ 'ਚ ਲੁੱਟ! ਚਾਂਦੀ ਦਾ ਕੜਾ ਲੈ ਕੇ ਭੱਜਿਆ ਸ਼ਾਤਰ ਠੱਗ, ਜਵੈਲਰ ਨੂੰ ਸੜਕ 'ਤੇ ਘੜੀਸਿਆ

ਪ੍ਰਾਪਰਟੀ ’ਤੇ ਕਬਜਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਕਿਰਾਇਆ ਦੇਣ ਵਿਚ ਟਾਲਮਟੋਲ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਮੁਲਜ਼ਮਾਂ ਨੇ ਪੀੜਤਾ ਨੂੰ ਆਪਣੀਆਂ ਚਿਕਨੀਆਂ ਚੁਪੜੀਆਂ ਗੱਲਾਂ ਵਿਚ ਫਸਾਇਆ ਅਤੇ ਕਾਰੋਬਾਰ ਵਿਚ ਪੈਸਾ ਨਿਵੇਸ਼ ਕਰਕੇ ਭਾਰੀ ਮੁਨਾਫਾ ਕਮਾਉਣ ਦਾ ਲਾਲਚ ਦਿੱਤਾ। ਠੱਗਾਂ ਦੇ ਝਾਂਸੇ ਵਿਚ ਆ ਕੇ ਨਮਿਤਾ ਸਚਦੇਵਾ ਨੇ ਵੱਖ ਵੱਖ ਤਰੀਕਾਂ ’ਤੇ ਕੁਲ ਦੋ ਕਰੋੜ ਇਕ ਲੱਖ ਚਾਲੀ ਰੁਪਏ ਮੁਲਜ਼ਮਾਂ ਦੀਆਂ ਕੰਪਨੀਆਂ ਦੇ ਖਾਤਿਆਂ ਵਿਚ ਟ੍ਰਾਂਸਫਰ ਕਰ ਦਿੱਤੇ। ਦੋਵੇਂ ਧਿਰਾਂ ਦੇ ਵਿਚ ਇਹ ਲਿਖਤੀ ਕਰਾਰ ਹੋਇਆ ਸੀ ਕਿ ਇਹ ਪੂਰੀ ਰਕਮ 24 ਮਹੀਨਿਆਂ ਦੇ ਅੰਦਰ ਵਾਪਸ ਕਰ ਦਿੱਤੀ ਜਾਵੇਗੀ ਪਰ ਤੈਅ ਸਮਾਂ ਹੱਦ ਬੀਤ ਜਾਣ ਤੋਂ ਬਾਅਦ ਵੀ ਜਦੋਂ ਨਾ ਤਾਂ ਮੁਨਾਫਾ ਮਿਲਿਆ ਅਤੇ ਨਾ ਹੀ ਮੂਲ ਰਕਮ ਵਾਪਸ ਆਈ ਤਾਂ ਪੀੜਤਾ ਨੂੰ ਠੱਗੀ ਦਾ ਅਹਿਸਾਸ ਹੋਇਆ। ਹਾਲ ਦੀ ਘੜੀ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News