ਪੰਜਾਬ ਪੁਲਸ ਦੇ ਜਾਅਲੀ ਮੁਲਾਜ਼ਮ ਗ੍ਰਿਫ਼ਤਾਰ! ਕਾਰਾ ਜਾਣ ਉੱਡਣਗੇ ਹੋਸ਼

Wednesday, Apr 08, 2026 - 11:45 AM (IST)

ਪੰਜਾਬ ਪੁਲਸ ਦੇ ਜਾਅਲੀ ਮੁਲਾਜ਼ਮ ਗ੍ਰਿਫ਼ਤਾਰ! ਕਾਰਾ ਜਾਣ ਉੱਡਣਗੇ ਹੋਸ਼

ਮਾਲੇਰਕੋਟਲਾ (ਸ਼ਹਾਬੂਦੀਨ, ਜ਼ਹੂਰ, ਭੁਪੇਸ਼)- ਮਾਲੇਰਕੋਟਲਾ ਪੁਲਸ ਨੇ ਪੁਲਸ ਵਰਦੀ ਦੀ ਆੜ ’ਚ ਧੌਂਸ ਜਮਾ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਨਕਲੀ ਪੁਲਸ ਮੁਲਾਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ ਪੁਲਸ ਦੀ ਵਰਦੀ, ਅਸਲਾ ਅਤੇ ਆਈ-ਫੋਨ ਸਮੇਤ ਪੁਲਸ ਦੇ ਬੱਸ ਸਫਰ ਕਰਨ ਵਾਲੀਆਂ ਟਿਕਟਾਂ ਬਰਾਮਦ ਕੀਤੀਆਂ।

ਐੱਸ. ਐੱਸ. ਪੀ. ਗਗਨ ਅਜੀਤ ਸਿੰਘ ਨੇ ਜ਼ਿਲ੍ਹਾ ਪੁਲਸ ਹੈੱਡ ਕੁਆਰਟਰ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਸ ਮੁਖਬਰ ਤੋਂ ਮਿਲੀ ਗੁਪਤ ਸੂਚਨਾ ਉਪਰੰਤ ਐੱਸ. ਪੀ. ਰਾਜਵਿੰਦਰ ਸਿੰਘ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਸਤੀਸ਼ ਕੁਮਾਰ ਅਤੇ ਸੀ. ਆਈ. ਏ. ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ।

ਉਕਤ ਗਠਿਤ ਟੀਮ ਦੇ ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਨੇ ਪੁਲਸ ਪਾਰਟੀ ਸਮੇਤ ਅਨਾਜ ਮੰਡੀ ਅਮਰਗੜ੍ਹ ਨੇੜੇ ਰੇਡ ਕਰ ਕੇ ਇਕ ਵਿਅਕਤੀ ਰਣਬੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਹਿੰਦੀਪੁਰ, ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਨੂੰ ਪੁਲਸ ਦੀ ਵਰਦੀ ਪਹਿਣੇ ਹੋਏ ਕਾਬੂ ਕੀਤਾ, ਜੋ ਕਿ ਆਪਣੇ ਆਪ ਨੂੰ ਪੰਜਾਬ ਪੁਲਸ ਵਿਭਾਗ ਦਾ ਮੁਲਾਜ਼ਮ ਦੱਸ ਕੇ ਪਿਸਤੌਲ ਦੀ ਨੋਕ ’ਤੇ ਭੋਲੇ-ਭਾਲੇ ਲੋਕਾਂ ਨੂੰ ਕੰਮ ਕਰਾਉਣ ਦਾ ਲਾਰਾ ਲਗਾ ਕੇ ਪੈਸੇ ਵਸੂਲਦਾ ਸੀ। ਲੰਘੀ ਕੱਲ ਇਹ ਵਿਅਕਤੀ ਬੱਸ ਅੱਡਾ ਬਾਗੜੀਆਂ ਪਾਸ ਆਪਣੇ ਅਸਰ ਰਸੂਖ ਨਾਲ ਪੈਸੇ ਹਾਸਲ ਕਰਨ ਲਈ ਆਇਆ ਹੋਇਆ ਸੀ।

ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਫੜੇ ਗਏ ਵਿਅਕਤੀ ਰਣਬੀਰ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਪੁਲਸ ਦੇ ਸਿਪਾਹੀ ਰੈਂਕ ਦਾ ਆਈ. ਕਾਰਡ ਅਤੇ ਪੰਜਾਬ ਪੁਲਸ ਦੀ ਵਰਦੀ ਬਣਾਈ ਹੋਈ ਸੀ। ਜਿਸ ਦੇ ਕਬਜ਼ੇ ’ਚੋਂ ਇਕ ਪਿਸਤੌਲ 30 ਬੋਰ, 2 ਜ਼ਿੰਦਾ ਰੌਂਦ 30 ਬੋਰ ਸਮੇਤ ਪੰਜਾਬ ਪੁਲਸ ਦਾ ਆਈ-ਕਾਰਡ ਨੰਬਰ 139/2016 ਅਤੇ ਪੰਜਾਬ ਪੁਲਸ ਦੇ ਬੱਸ ਸਫਰ ਕਰਨ ਵਾਲੀਆਂ ਟਿਕਟਾਂ ਸਮੇਤ ਇਕ ਕਾਲੇ ਰੰਗ ਦਾ ਆਈ-ਫੋਨ ਬਰਾਮਦ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਕੀਤੀ ਗਈ ਪੁੱਛ-ਗਿੱਛ ਦੇ ਆਧਾਰ ’ਤੇ ਇਸ ਦੇ ਦੋ ਹੋਰ ਸਾਥੀਆਂ ਹਰਪ੍ਰੀਤ ਸਿੰਘ ਪੁੱਤਰ ਲੇਟ ਚਾਨਣ ਸਿੰਘ ਵਾਸੀ ਪਿੰਡ ਤੇ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਅਤੇ ਗੁਰਲਾਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਮਹਿੰਦੀਪੁਰ ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ।

ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਉਪਰੰਤ ਹਰਪ੍ਰੀਤ ਸਿੰਘ ਦੇ ਕਬਜ਼ੇ ’ਚੋਂ 30 ਬੋਰ ਦੇ ਇਕ ਜ਼ਿੰਦਾ ਰੌਂਦ ਤੋਂ ਇਲਾਵਾ ਗੁਰਲਾਲ ਸਿੰਘ ਪੁੱਤਰ ਸਾਹਿਬ ਸਿੰਘ ਦੇ ਕਬਜ਼ੇ ’ਚੋਂ ਇਕ 30 ਬੋਰ ਤੇ ਦੂਜਾ 32 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ 30 ਬੋਰ ਦੇ 2 ਜ਼ਿੰਦਾ ਤੇ 2 ਖਾਲੀ ਖੋਲ ਤੋਂ ਇਲਾਵਾ 32 ਬੋਰ ਦੇ 2 ਰੌਂਦ ਵੀ ਬਰਾਮਦ ਕੀਤੇ ਗਏ ਹਨ।
 


author

Anmol Tagra

Content Editor

Related News