ਲੁਧਿਆਣਾ ''ਚ ਦਵਾਈਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਰੁਪਏ ਦਾ ਨੁਕਸਾਨ
Sunday, Apr 19, 2026 - 04:54 PM (IST)
ਲੁਧਿਆਣਾ (ਗਣੇਸ਼): ਸ਼ਹਿਰ ਦੇ ਬਲਦੇਵ ਵੇਅਰਹਾਊਸ ਕੰਪਲੈਕਸ ਵਿਚ ਐਤਵਾਰ ਸਵੇਰੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਕ ਦਵਾਈਆਂ ਦੇ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਤਕਰੀਬਨ 2 ਹਜ਼ਾਰ ਵਰਗ ਫੁੱਟ ਵਿਚ ਬਣੇ ਇਸ ਗੋਦਾਮ ਵਿਚ ਰੱਖੀਆਂ ਦਵਾਈਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੁੱਢਲੇ ਅਨੁਮਾਨ ਮੁਤਾਬਕ, ਇਸ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਗੋਦਾਮਮ ਦੀ ਮਾਲਕਣ ਦੀਪਿਕਾ ਜੈਨ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਵੇਖਦੇ ਹੀ ਵੇਖਦੇ ਅੱਗ ਨੇ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿਚ ਲੈ ਲਿਆ। ਗਨੀਮਤ ਇਹ ਰਹੀ ਕਿ ਘਟਨਾ ਵੇਲੇ ਕੋਈ ਵੀ ਮੁਲਾਜ਼ਮ ਅੰਦਰ ਮੌਜੂਦ ਨਹੀਂ ਸੀ, ਜਿਸ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਅਫ਼ਸਰਾਂ ਮੁਤਾਬਕ, ਫ਼ਾਇਰ ਬ੍ਰਿਗੇਡ ਦੀਆਂ 4 ਤੋਂ 5 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਸਕਿਆ, ਹਾਲਾਂਕਿ ਗੋਦਾਮ ਮਾਲਕ ਵੱਲੋਂ ਸ਼ਾਰਟ ਸਰਕਟ ਕਾਰਰਨ ਅੱਗ ਲੱਗਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
