ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ''ਚ ਕਰੋੜਾਂ ਰੁਪਏ ਦਾ ਘਪਲਾ! ਹੈਰਾਨ ਕਰ ਦੇਵੇਗੀ ਇਹ ਰਿਪੋਰਟ

Thursday, Apr 09, 2026 - 11:34 AM (IST)

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ''ਚ ਕਰੋੜਾਂ ਰੁਪਏ ਦਾ ਘਪਲਾ! ਹੈਰਾਨ ਕਰ ਦੇਵੇਗੀ ਇਹ ਰਿਪੋਰਟ

ਲੁਧਿਆਣਾ (ਰਾਜ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਅੰਦਰ ਇਕ ਵੱਡੇ ਵਿੱਤੀ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ, ਜਿੱਥੇ ਸਰਕਾਰੀ ਜਾਇਦਾਦ ਦੀ ਰਾਖੀ ਕਰਨ ਵਾਲੇ ਨੇ ਹੀ ਕਰੋੜਾਂ ਦੇ ਸਾਮਾਨ 'ਤੇ ਹੱਥ ਸਾਫ਼ ਕਰ ਦਿੱਤਾ। ਮਾਮਲਾ ਉਪ-ਮੰਡਲ ਸਰੀਂਹ (ਆਲਮਗੀਰ) ਨਾਲ ਜੁੜਿਆ ਹੈ, ਜਿੱਥੇ ਇਕ ਜੂਨੀਅਰ ਇੰਜੀਨੀਅਰ (ਜੇ.ਈ.) 'ਤੇ ਸਟੋਰ ਦੇ ਸਾਮਾਨ ਵਿਚ 2 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਸਬੰਧੀ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਕਮਲਜੀਤ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਜੇ.ਈ. ਤਨੁਜ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਾਲਾਂ ਤੱਕ ਚੱਲਦਾ ਰਿਹਾ ਹੇਰ-ਫੇਰ ਦਾ ਖੇਡ, ਆਡਿਟ ਵਿਚ ਖੁੱਲ੍ਹੀ ਪੋਲ

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਰਮਚਾਰੀ ਸਰੀਂਹ ਦਫ਼ਤਰ ਵਿਚ ਬਤੌਰ ਜੇ.ਈ. ਤਾਇਨਾਤ ਸੀ। ਵਿਭਾਗ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਦੇ ਆਧਾਰ 'ਤੇ ਇਹ ਸਾਹਮਣੇ ਆਇਆ ਕਿ ਸਾਲ 2021-22 ਤੋਂ ਲੈ ਕੇ 2024-25 ਦੌਰਾਨ ਸਟੋਰ ਤੋਂ ਭਾਰੀ ਮਾਤਰਾ ਵਿਚ ਸਾਮਾਨ ਕਢਵਾਇਆ ਗਿਆ ਸੀ। ਜਦੋਂ ਇਨ੍ਹਾਂ ਕਢਵਾਏ ਗਏ ਸਾਮਾਨ ਦੇ ਰਿਕਾਰਡ ਦਾ ਮਿਲਾਨ ਕੀਤਾ ਗਿਆ, ਤਾਂ ਵਿਭਾਗ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁੱਲ 2,07,57,200 ਰੁਪਏ (ਦੋ ਕਰੋੜ ਸੱਤ ਲੱਖ ਸਤਵੰਜਾ ਹਜ਼ਾਰ ਦੋ ਸੌ ਰੁਪਏ) ਦੇ ਸਾਮਾਨ ਦੀ ਕਮੀ ਪਾਈ ਗਈ, ਜਿਸ ਦਾ ਕੋਈ ਹਿਸਾਬ-ਕਿਤਾਬ ਮੁਲਜ਼ਮ ਕਰਮਚਾਰੀ ਕੋਲ ਨਹੀਂ ਸੀ।

ਕਰੋੜਾਂ ਦੀ 'ਸ਼ਾਰਟੇਜ' ਨੇ ਉਡਾਏ ਵਿਭਾਗ ਦੇ ਹੋਸ਼:

ਸਹਾਇਕ ਕਾਰਜਕਾਰੀ ਇੰਜੀਨੀਅਰ ਕਮਲਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਪੱਸ਼ਟ ਕੀਤਾ ਹੈ ਕਿ ਉਕਤ ਜੇ.ਈ. ਨੇ ਪਿਛਲੇ ਚਾਰ ਸਾਲਾਂ ਦੌਰਾਨ ਸਟੋਰ ਤੋਂ ਜੋ ਸਾਮਾਨ ਜਾਰੀ ਕਰਵਾਇਆ, ਉਸ ਦੀ ਪੈਂਡਿੰਗ ਰਿਕਵਰੀ ਜਾਂ ਕਲੀਅਰੈਂਸ ਹੁਣ ਤੱਕ ਨਹੀਂ ਦਿੱਤੀ ਗਈ। ਇਹ ਮਹਿਜ਼ ਕੋਈ ਛੋਟੀ-ਮੋਟੀ ਲਾਪਰਵਾਹੀ ਨਹੀਂ ਬਲਕਿ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਦੀ ਚਪਤ ਲਗਾਉਣ ਦਾ ਸੋਚਿਆ-ਸਮਝਿਆ ਮਾਮਲਾ ਨਜ਼ਰ ਆ ਰਿਹਾ ਹੈ। ਵਿਭਾਗ ਵੱਲੋਂ ਵਾਰ-ਵਾਰ ਮੌਕਾ ਦਿੱਤੇ ਜਾਣ ਦੇ ਬਾਵਜੂਦ ਜਦੋਂ ਇਹ ਭਾਰੀ-ਭਰਕਮ ਰਾਸ਼ੀ ਕਲੀਅਰ ਨਹੀਂ ਕੀਤੀ ਗਈ, ਤਾਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਕਾਨੂੰਨੀ ਕਾਰਵਾਈ ਦਾ ਰਾਹ ਅਪਣਾਇਆ ਗਿਆ।

ਪੁਲਸ ਨੇ ਦਰਜ ਕੀਤਾ ਮੁਕੱਦਮਾ, ਹੁਣ ਹੋਵੇਗੀ ਰਿਕਵਰੀ ਦੀ ਤਿਆਰੀ:

ਸਹਾਇਕ ਕਾਰਜਕਾਰੀ ਇੰਜੀਨੀਅਰ ਦੇ ਬਿਆਨਾਂ ਅਤੇ ਵਿਭਾਗੀ ਜਾਂਚ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਜੇ.ਈ. ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਅਪ੍ਰੈਲ ਨੂੰ ਮਿਲੀ ਇਸ ਸ਼ਿਕਾਇਤ 'ਤੇ ਗੰਭੀਰਤਾ ਨਾਲ ਕਾਰਵਾਈ ਕਰਦੇ ਹੋਏ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦਾ ਮੁੱਖ ਕੇਂਦਰ ਇਹ ਹੈ ਕਿ ਕੀ ਇਸ ਘਪਲੇ ਵਿਚ ਵਿਭਾਗ ਦੇ ਕੁਝ ਹੋਰ ਵੱਡੇ ਖਿਡਾਰੀ ਵੀ ਸ਼ਾਮਲ ਹਨ। ਫਿਲਹਾਲ, ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਇਸ ਕਰੋੜਾਂ ਦੀ ਸ਼ਾਰਟੇਜ ਦੀ ਤਹਿ ਤੱਕ ਜਾਣ ਲਈ ਛਾਪੇਮਾਰੀ ਅਤੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਖੁਲਾਸੇ ਤੋਂ ਬਾਅਦ ਪਾਵਰਕਾਮ ਮਹਿਕਮੇ ਵਿਚ ਹੜਕੰਪ ਮਚ ਗਿਆ ਹੈ।


author

Anmol Tagra

Content Editor

Related News