ਭਰਾ ਵਲੋਂ ਭੈਣ ਨਾਲ ਧੋਖਾਧੜੀ, ਭਰਾ ਅਤੇ ਨਾਮਲੂਮ ਵਿਅਕਤੀ ਖਿਲਾਫ ਮਾਮਲਾ ਦਰਜ

05/03/2018 2:57:14 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਭਰਾ ਵਲੋਂ ਆਪਣੀ ਭੈਣ ਨਾਲ ਧੋਖਾਧੜੀ ਕਰਨ 'ਤੇ ਭਰਾ ਅਤੇ ਨਾਮਲੂਮ ਵਿਅਕਤੀ ਖਿਲਾਫ ਕਈ ਧਾਰਾਵਾਂ ਹੇਠ ਥਾਣਾ ਸਿਟੀ ਧੂਰੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਸੁਖਪਾਲ ਕੌਰ ਪੁੱਤਰੀ ਸਵ. ਜਰਨੈਲ ਸਿੰਘ ਹਾਲ ਆਬਾਦ ਪਤਨੀ ਪਰਮਜੀਤ ਸਿੰਘ ਵਾਸੀ ਸੰਗਰੂਰ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ ਦੋਸ਼ੀ ਗੁਰਜੰਟ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਦੌਲਤਪੁਰ ਰੋਡ ਧੂਰੀ ਉਸ ਦਾ ਭਰਾ ਹੈ। ਮੁਦਈ 6 ਭੈਣ-ਭਰਾ ਹਨ। 
ਉਸ ਦੇ ਮਾਤਾ-ਪਿਤਾ ਦੇ ਨਾਮ 'ਤੇ 60 ਵਿੱਘੇ ਜ਼ਮੀਨ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਨਾਮ 'ਤੇ 10 ਵਿੱਘੇ ਜ਼ਮੀਨ ਹੋ ਗਈ। ਦੋਸ਼ੀ ਭਰਾ ਗੁਰਜੰਟ ਸਿੰਘ ਨੇ ਮੁਦਈ ਸੁਖਪਾਲ ਕੌਰ ਨੂੰ ਬਿਨਾਂ ਦੱਸੇ ਮਾਲ ਮਹਿਕਮੇ ਨਾਲ ਮਿਲ ਕੇ ਉਸ ਦੀ ਗੈਰ ਹਾਜ਼ਰੀ 'ਚ ਤਕਸੀਮ ਦਰਖਾਸਤ 'ਤੇ ਉਸ ਦੇ ਜਾਅਲੀ ਦਸਤਖਤ ਕਰਕੇ ਜ਼ਮੀਨ ਦੀ ਵੰਡ ਕਰ ਦਿੱਤੀ ਅਤੇ ਦੌਲਤਪੁਰ ਰੋਡ 'ਤੇ ਵਧੀਆ ਕਿਸਮ ਦੀ ਪਲਾਟਾਂ ਵਾਲੀ ਜ਼ਮੀਨ ਅਤੇ ਫਰੰਟ ਵਾਲਾ ਹਿੱਸਾ ਆਪਣੇ ਹਿੱਸੇ 'ਚ ਪੁਆ ਲਿਆ। ਪੁਲਸ ਨੇ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਉਕਤ ਦੋਸ਼ੀਆਂ ਵਿਰੁੱਧ ਧੋਖਾਧੜੀ ਕਰਨ ਅਤੇ ਹੋਰ ਕਈ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਹੈ।


Related News