ਪੇਪਰ ਲੀਕ ਮਾਮਲੇ ''ਚ ਸਾਬਕਾ ਹਾਈਕੋਰਟ ਰਜਿਸਟਰਾਰ ਨੂੰ ਪੰਜ ਸਾਲ ਦੀ ਜੇਲ੍ਹ

Friday, Aug 23, 2024 - 05:39 PM (IST)

ਪੇਪਰ ਲੀਕ ਮਾਮਲੇ ''ਚ ਸਾਬਕਾ ਹਾਈਕੋਰਟ ਰਜਿਸਟਰਾਰ ਨੂੰ ਪੰਜ ਸਾਲ ਦੀ ਜੇਲ੍ਹ

ਚੰਡੀਗੜ੍ਹ : ਦਿੱਲੀ ਦੀ ਇੱਕ ਅਦਾਲਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤਤਕਾਲੀ ਰਜਿਸਟਰਾਰ (ਰਿਕਰੂਟਮੈਂਟ) ਬਲਵਿੰਦਰ ਕੁਮਾਰ ਸ਼ਰਮਾ ਅਤੇ ਉਸ ਦੀ ਸਹਿਯੋਗੀ ਸੁਨੀਤਾ ਨੂੰ ਹਰਿਆਣਾ ਸਿਵਲ ਸਰਵਿਸ (ਜੁਡੀਸ਼ੀਅਲ ਬ੍ਰਾਂਚ) 2017 ਦੀ ਮੁੱਢਲੀ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਵਿੱਚ ਪੰਜ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸੁਨੀਤਾ ਨੇ ਜਨਰਲ ਕੈਟਾਗਰੀ ਦੀ ਪ੍ਰੀਖਿਆ ਵਿੱਚ ਟਾਪ ਕੀਤਾ ਸੀ। ਅਦਾਲਤ ਨੇ ਬਲਵਿੰਦਰ 'ਤੇ 1.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਜਦਕਿ ਸੁਨੀਤਾ ਨੂੰ 60 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਇੱਕ ਹੋਰ ਉਮੀਦਵਾਰ ਸੁਸ਼ੀਲਾ, ਜਿਸ ਨੇ ਰਾਖਵੀਂ ਸ਼੍ਰੇਣੀ ਵਿਚ ਪ੍ਰੀਖਿਆ ਵਿੱਚ ਟਾਪ ਕੀਤਾ ਸੀ, ਨੂੰ ਵੀ ਪੇਪਰ ਪ੍ਰਾਪਤ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜੋ ਕਿ ਮੁਕੱਦਮੇ ਦੌਰਾਨ (ਨੌਂ ਮਹੀਨੇ) ਹੀ ਲੰਘ ਚੁੱਕੀ ਸੀ ਤੇ 10,000 ਰੁਪਏ ਜੁਰਮਾਨਾ ਕੀਤਾ ਗਿਆ ਸੀ। ਬਾਕੀ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। ਐੱਚਸੀਐੱਸ (ਜੁਡੀਸ਼ੀਅਲ ਬ੍ਰਾਂਚ) ਦੀਆਂ 109 ਅਸਾਮੀਆਂ ਲਈ ਮੁਢਲੀ ਪ੍ਰੀਖਿਆ 16 ਜੁਲਾਈ, 2017 ਨੂੰ ਹੋਈ ਸੀ।

ਅਗਸਤ 2017 ਵਿਚ ਇੱਕ ਉਮੀਦਵਾਰ, ਸੁਮਨ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਪੇਪਰ ਲੀਕ ਹੋਣ ਦਾ ਦੋਸ਼ ਲਗਾਇਆ ਸੀ। ਉਸਨੇ ਪੰਚਕੂਲਾ ਦੀ ਰਹਿਣ ਵਾਲੀ ਸੁਸ਼ੀਲਾ ਅਤੇ ਦਿੱਲੀ ਦੀ ਰਹਿਣ ਵਾਲੀ ਸੁਨੀਤਾ ਨਾਲ ਆਡੀਓ ਰਿਕਾਰਡਿੰਗ ਤਿਆਰ ਕੀਤੀ, ਜਿਸ ਵਿੱਚ ਉਨ੍ਹਾਂ ਨੇ 1.5 ਕਰੋੜ ਰੁਪਏ ਵਿੱਚ ਪੇਪਰ ਵੇਚਣ ਦੀ ਪੇਸ਼ਕਸ਼ ਕੀਤੀ। ਗੱਲਬਾਤ ਤੋਂ ਬਾਅਦ 10 ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਤਿੰਨਾਂ ਦੀ ਮੁਲਾਕਾਤ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ 15 ਜੁਲਾਈ 2017 ਨੂੰ ਸਿੰਧੀ ਸਵੀਟਸ, ਸੈਕਟਰ 17, ਚੰਡੀਗੜ੍ਹ ਵਿਖੇ ਹੋਈ ਸੀ।

ਹਾਈ ਕੋਰਟ ਦੇ ਤਤਕਾਲੀ ਰਜਿਸਟਰਾਰ (ਵਿਜੀਲੈਂਸ) ਅਰੁਣ ਕੁਮਾਰ ਤਿਆਗੀ ਨੇ 29 ਅਗਸਤ, 2017 ਦੀ ਆਪਣੀ ਜਾਂਚ ਰਿਪੋਰਟ ਰਾਹੀਂ ਪੁਸ਼ਟੀ ਕੀਤੀ ਸੀ ਕਿ ਬਲਵਿੰਦਰ ਕੋਲ ਪ੍ਰਸ਼ਨ ਪੱਤਰ ਸੈੱਟ ਹੋਣ ਤੋਂ ਲੈ ਕੇ ਪ੍ਰੀਖਿਆ ਹੋਣ ਤੱਕ ਸਨ। ਇਹ ਵੀ ਪਤਾ ਲੱਗਾ ਹੈ ਕਿ ਸੁਨੀਤਾ ਅਤੇ ਸੁਸ਼ੀਲਾ ਕੋਲ ਪ੍ਰੀਖਿਆ ਤੋਂ ਪਹਿਲਾਂ ਪੇਪਰ ਦੀ ਕਾਪੀ ਸੀ।

ਉਸ ਨੇ ਇਹ ਵੀ ਪਾਇਆ ਕਿ ਸੁਨੀਤਾ, ਜੋ ਕਿ ਬਲਵਿੰਦਰ ਨੂੰ ਜਾਣਦੀ ਸੀ, ਨੇ ਪੇਪਰ ਪ੍ਰਾਪਤ ਕਰਕੇ ਸੁਸ਼ੀਲਾ ਨੂੰ ਸਪਲਾਈ ਕੀਤਾ। ਸੁਸ਼ੀਲਾ ਸੁਮਨ ਨੂੰ ਜਾਣਦੀ ਸੀ। 10 ਸਤੰਬਰ 2017 ਨੂੰ ਹਾਈ ਕੋਰਟ ਨੇ ਪੇਪਰ ਰੱਦ ਕਰਨ ਦੇ ਹੁਕਮ ਦਿੱਤੇ ਸਨ। 15 ਸਤੰਬਰ, 2017 ਨੂੰ ਹਾਈ ਕੋਰਟ ਦੇ ਫੁੱਲ ਬੈਂਚ ਨੇ ਐੱਫਆਈਆਰ ਦਰਜ ਕਰਨ ਅਤੇ ਬਲਵਿੰਦਰ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਸਨ।

ਚੰਡੀਗੜ੍ਹ ਪੁਲਸ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਨੀਤਾ ਨੇ ਔਸਤ ਵਿਦਿਆਰਥੀ ਹੋਣ ਦੇ ਬਾਵਜੂਦ ਜਨਰਲ ਵਰਗ ਵਿੱਚ ਟਾਪ ਕੀਤਾ ਸੀ। ਉਸਨੇ ਪਹਿਲਾਂ ਕਦੇ ਵੀ ਕੋਈ ਪ੍ਰਤੀਯੋਗੀ ਪ੍ਰੀਖਿਆ ਪਾਸ ਨਹੀਂ ਕੀਤੀ ਸੀ।

ਪੁਲਸ ਨੇ ਪਾਇਆ ਕਿ ਉਹ ਬਲਵਿੰਦਰ ਨਾਲ ਨੇੜੇ ਸਬੰਧ ਅਤੇ ਲਗਾਤਾਰ ਸੰਪਰਕ ਵਿੱਚ ਸੀ। ਇਸ ਦੌਰਾਨ ਇਹ ਪੇਸ਼ ਕੀਤਾ ਗਿਆ ਸੀ ਕਿ ਦੋਵਾਂ ਵਿਚਕਾਰ 726 ਵਾਇਸ ਕਾਲਾਂ/ਐੱਸਐੱਮਐੱਸ ਦਾ ਆਦਾਨ-ਪ੍ਰਦਾਨ ਕੀਤਾ ਗਿਆ ਸੀ ਅਤੇ ਕੁਝ ਕਾਲਾਂ ਦੀ ਮਿਆਦ ਲਗਭਗ 1,800 ਸਕਿੰਟ ਜਾਂ ਇਸ ਤੋਂ ਵੱਧ ਸੀ। ਬਾਅਦ ਵਿੱਚ, ਉਨ੍ਹਾਂ ਨੇ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਗੁਪਤ ਨੰਬਰ ਖਰੀਦੇ ਸਨ।

ਇਸਤਗਾਸਾ ਪੱਖ ਨੇ ਕਿਹਾ ਕਿ ਨੀਲਕੰਠ ਯਾਤਰੀ ਨਿਵਾਸ, ਕੁਰੂਕਸ਼ੇਤਰ ਵਿਖੇ ਬਲਵਿੰਦਰ ਦੇ ਨਾਮ ਦੀਆਂ ਐਂਟਰੀਆਂ ਪਾਈਆਂ ਗਈਆਂ ਸਨ ਤੇ ਕੁਝ ਐਂਟਰੀਆਂ ਵਿੱਚ ਦੋ ਬਾਲਗਾਂ ਦਾ ਜ਼ਿਕਰ ਕੀਤਾ ਗਿਆ ਸੀ। ਸਕੂਲ ਦੇ ਰਿਕਾਰਡ ਅਨੁਸਾਰ ਉਸ ਦੀ ਪਤਨੀ ਜੋ ਕਿ ਸਕੂਲ ਅਧਿਆਪਕ ਸੀ, ਉਸ ਸਮੇਂ ਸਕੂਲ ਵਿੱਚ ਮੌਜੂਦ ਸੀ। ਇਸ ਤੋਂ ਇਲਾਵਾ, ਰਿਕਾਰਡ ਅਨੁਸਾਰ ਪੰਜ ਵਾਰ ਯਾਤਰੀ ਨਿਵਾਸ ਵਿਖੇ ਸੁਨੀਤਾ ਅਤੇ ਬਲਵਿੰਦਰ ਦੋਵਾਂ ਦੇ ਮੋਬਾਈਲ ਨੰਬਰਾਂ ਦੀ ਟਾਵਰ ਲੋਕੇਸ਼ਨ ਪਾਈ ਗਈ।

ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੌਜ਼ ਐਵੇਨਿਊ ਕੋਰਟ ਅੰਜੂ ਬਜਾਜ ਚੰਦਨਾ ਨੇ ਫੈਸਲਾ ਸੁਣਾਇਆ ਕਿ ਮੁਕੱਦਮਾ ਮੋਬਾਈਲ ਕਾਲਾਂ, ਸਥਾਨਾਂ ਤੇ ਯਾਤਰੀ ਨਿਵਾਸ ਦੇ ਰਿਕਾਰਡ ਰਾਹੀਂ, ਸੁਨੀਤਾ ਅਤੇ ਬਲਵਿੰਦਰ ਦੀ ਨੇੜਤਾ ਨੂੰ ਸਾਬਤ ਕਰਨ ਵਿੱਚ ਕਾਮਯਾਬ ਰਿਹਾ ਹੈ ਅਤੇ ਇਹ ਆਪਣੇ ਆਪ ਵਿੱਚ, ਮੁਲਜ਼ਮਾਂ ਵਿਰੁੱਧ ਅਪਰਾਧਿਕ ਹੈ। 


author

Baljit Singh

Content Editor

Related News