ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮਜੀਠੀਆ ਨਾਲ ਜੇਲ੍ਹ ''ਚ ਮੁਲਾਕਾਤ ਨੇ ਛੇੜੀ ਨਵੀਂ ਚਰਚਾ

Thursday, Sep 25, 2025 - 10:52 AM (IST)

ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮਜੀਠੀਆ ਨਾਲ ਜੇਲ੍ਹ ''ਚ ਮੁਲਾਕਾਤ ਨੇ ਛੇੜੀ ਨਵੀਂ ਚਰਚਾ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੀ ਸਿਆਸਤ ਇਕ ਵਾਰ ਫਿਰ ਨਵੀਆਂ ਗਤੀਵਿਧੀਆਂ ਨਾਲ ਗਰਮਾਈ ਹੋਈ ਹੈ। ਨਾਭਾ ਜੇਲ੍ਹ 'ਚ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਨੇ ਸਿਆਸੀ ਹਲਕਿਆਂ ’ਚ ਚਰਚਿਆਂ ਨੂੰ ਜਨਮ ਦੇ ਦਿੱਤਾ ਹੈ। ਇਹ ਮੁਲਾਕਾਤ ਸਿਰਫ਼ ਪਰਿਵਾਰਕ ਸਬੰਧਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਦੇ ਪਿੱਛੇ ਸਿਆਸੀ ਅਸਰ ਤੇ ਸੰਭਾਵਨਾਵਾਂ ’ਤੇ ਵੀ ਵੱਖ-ਵੱਖ ਵਿਸ਼ਲੇਸ਼ਣ ਹੋ ਰਹੇ ਹਨ।
ਜੇਲ੍ਹ ’ਚ 45 ਮਿੰਟ ਤੱਕ ਕੀਤੀ ਗੱਲਬਾਤ
ਨਾਭਾ ਜੇਲ੍ਹ ’ਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮਜੀਠੀਆ ਨਾਲ ਕਰੀਬ 45 ਮਿੰਟ ਤਕ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਇਹ ਮੁਲਾਕਾਤ ਆਮ ਪਰਿਵਾਰਕ ਹਾਲ-ਚਾਲ ਤੋਂ ਅੱਗੇ ਸਿਆਸੀ ਮਾਹੌਲ ’ਚ ਵੀ ਡੂੰਘੇ ਸੰਕੇਤ ਛੱਡ ਗਈ ਹੈ। ਦਿਲਚਸਪੀ ਦੀ ਗੱਲ ਇਹ ਹੈ ਕਿ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਵੀ ਜ਼ਿਆਦਾ ਸਮਾਂ ਨਹੀਂ ਮਿਲਦਾ, ਉੱਥੇ ਬਾਬਾ ਜੀ ਦੀ ਇਹ ਲੰਬੀ ਮੁਲਾਕਾਤ ਕਈ ਸਵਾਲਾਂ ਨੂੰ ਜਨਮ ਦੇ ਰਹੀ ਹੈ।
ਹਰਸਿਮਰਤ ਕੌਰ ਬਾਦਲ ਦੀ ਰੱਖੜੀ ਵਾਲੀ ਫੇਰੀ
ਇਸ ਤੋਂ ਪਹਿਲਾਂ ਅਗਸਤ ਵਿਚ ਰੱਖੜੀ ’ਤੇ ਮਜੀਠੀਆ ਦੀ ਭੈਣ ਤੇ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਨਾਭਾ ਜੇਲ੍ਹ ਗਈ ਸੀ ਪਰ ਉਨ੍ਹਾਂ ਨੇ ਮੀਡੀਆ ਅੱਗੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਚਾਰ ਦਿਨਾਂ ਤੱਕ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਹਰਸਿਮਰਤ ਅਨੁਸਾਰ ਉਹ ਦਿੱਲੀ ਤੋਂ ਸਿੱਧਾ ਨਾਭਾ ਪਹੁੰਚੇ ਪਰ ਜੇਲ੍ਹ ਦੇ ਗੇਟ ’ਤੇ ਹੀ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਸਿਰਫ ਉਸ ਵੇਲੇ ਅੰਦਰ ਜਾਣ ਦੀ ਇਜਾਜ਼ਤ ਮਿਲੀ, ਜਦੋਂ ਉਹ ਡੱਟ ਕੇ ਜੇਲ੍ਹ ਦੇ ਗੇਟ ’ਤੇ ਖੜ੍ਹੀ ਰਹੀ।

ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਰੂਹ ਕੰਬਾਊ ਵਾਰਦਾਤ, ਜਿੰਮ ਮਾਲਕ 'ਤੇ ਤਾਬੜਤੋੜ ਚਲਾਈਆਂ ਗੋਲੀਆਂ
ਡੇਰਾ ਬਿਆਸ ਤੇ ਅਕਾਲੀ ਦਲ ਦੇ ਰਿਸ਼ਤੇ
ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੀ ਪੰਜਾਬ ਦੀ ਸਿਆਸਤ ਵਿਚ ਹਮੇਸ਼ਾ ਵੱਖਰੀ ਮਹੱਤਤਾ ਰਹੀ ਹੈ। ਚੋਣਾਂ ਦੌਰਾਨ ਡੇਰੇ ਦਾ ਝੁਕਾਅ ਕਈ ਵਾਰ ਸਿਆਸੀ ਪਾਰਟੀਆਂ ਲਈ ਫ਼ਾਇਦੇ ਜਾਂ ਨੁਕਸਾਨ ਦਾ ਕਾਰਨ ਬਣਦਾ ਰਿਹਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮਜੀਠੀਆ ਪਰਿਵਾਰ ਨਾਲ ਰਿਸ਼ਤੇਦਾਰੀ ਹੋਣ ਕਰ ਕੇ ਇਹ ਮੁਲਾਕਾਤ ਅਕਾਲੀ ਦਲ ਲਈ ਭਵਿੱਖੀ ਸਿਆਸੀ ਪੈਕੇਜ ਵਿਚ ਖ਼ਾਸ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਰਾਜਨੀਤਿਕ ਗਲਿਆਰਿਆਂ ’ਚ ਅਸਰ
ਮਜੀਠੀਆ ਅਕਾਲੀ ਦਲ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਵਿਚੋਂ ਇਕ ਹਨ। ਜੇਲ੍ਹ 'ਚ ਕੈਦ ਹੋਣ ਦੇ ਬਾਵਜੂਦ ਉਨ੍ਹਾਂ ਦੀ ਹਾਲਤ, ਪਰਿਵਾਰਕ ਹੌਂਸਲਾ-ਅਫ਼ਜ਼ਾਈ ਤੇ ਸਿਆਸੀ ਸੰਕੇਤ ਪਾਰਟੀ ਵਰਕਰਾਂ ਲਈ ਬਹੁਤ ਮਾਇਨੇ ਰੱਖਦੇ ਹਨ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਇਹ ਮੁਲਾਕਾਤ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਅਕਾਲੀ ਦਲ ਅਜੇ ਵੀ ਡੇਰੇ ਨਾਲ ਆਪਣੀ ਨੇੜਤਾ ਬਣਾਈ ਰੱਖਣ ਵਿਚ ਸਫਲ ਹੈ। ਦੂਜੇ ਪਾਸੇ ਜਿੱਥੇ ਹਰਸਿਮਰਤ ਕੌਰ ਬਾਦਲ ਸਰਕਾਰ ’ਤੇ ਰਾਜਨੀਤਿਕ ਪੱਖਪਾਤ ਦੇ ਇਲਜ਼ਾਮ ਲਾ ਰਹੀ ਹੈ, ਉੱਥੇ ਹੀ ਬਾਬਾ ਜੀ ਦੀ ਖ਼ਾਸ ਮੁਲਾਕਾਤ ਅਕਾਲੀ ਵਰਕਰਾਂ ਦਾ ਮਨੋਬਲ ਵਧਾ ਸਕਦੀ ਹੈ।

ਇਹ ਵੀ ਪੜ੍ਹੋ : ਵਿਦਿਆਰਥਣਾਂ ਨਾਲ ਗਲਤ ਹਰਕਤਾਂ ਕਰਨ ਵਾਲਾ ਪ੍ਰੋਫੈਸਰ ਬਰਖ਼ਾਸਤ, Whatsapp 'ਤੇ ਭੇਜਦਾ ਸੀ...
ਰਾਸ਼ਟਰਪਤੀ ਦਾ ਆਉਣ ਵਾਲਾ ਦੌਰਾ
ਸੂਤਰਾਂ ਮੁਤਾਬਕ ਇਸ ਮਾਮਲੇ ਨੂੰ ਹੋਰ ਵੀ ਮਹੱਤਵਪੂਰਨ ਬਣਾ ਰਿਹਾ ਹੈ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 27 ਸਤੰਬਰ ਨੂੰ ਡੇਰਾ ਬਿਆਸ ਦਾ ਦੌਰਾ। ਉਹ ਦੋ ਦਿਨ ਲਈ ਉੱਥੇ ਰਹਿਣਗੇ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਦੋਂ ਦੇਸ਼ ਦੀ ਸਭ ਤੋਂ ਵੱਡੀ ਸੰਵਿਧਾਨਕ ਹਸਤੀ ਕਿਸੇ ਧਾਰਮਿਕ ਅਦਾਰੇ ਦਾ ਦੌਰਾ ਕਰਦੀ ਹੈ ਤਾਂ ਇਸ ਦੇ ਦੂਰਗਾਮੀ ਸਿਆਸੀ ਪ੍ਰਭਾਵ ਵੀ ਪੈਂਦੇ ਹਨ।
ਮਜੀਠੀਆ ਦੀ ਭਾਵਨਾਤਮਕ ਪੋਸਟ
ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਐਕਸ ’ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ ਕਿ ਦਾਸ ਦੀ ਨਾ ਤਾਂ ਇੰਨੀ ਹੈਸੀਅਤ ਹੈ ਨਾ ਔਕਾਤ। ਮੈਂ ਇਕ ਨਿਮਾਣਾ ਭੁੱਲਣਹਾਰ ਜੀਵ ਹਾਂ ਤੇ ਮੇਰੇ ਕੋਲ ਯੋਗ ਸ਼ਬਦ ਵੀ ਨਹੀਂ, ਜਿਨ੍ਹਾਂ ਨਾਲ ਮੈਂ ਬਾਬਾ ਜੀ ਦਾ ਸ਼ੁਕਰਾਨਾ ਅਦਾ ਕਰ ਸਕਾਂ। ਔਖੇ ਸਮਿਆਂ ਵਿਚ ਬਾਬਾ ਜੀ ਹਮੇਸ਼ਾ ਸਹਾਰਾ ਬਣੇ ਹਨ। ਮਜੀਠੀਆ ਨੇ ਸੰਗਤ, ਲੋਕਾਂ ਤੇ ਸੰਤ-ਮਹਾਪੁਰਖਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਗੁਰੂ ਸਾਹਿਬ ਦੀ ਮੇਹਰ ਸਦਕਾ ਉਹ ਚੜ੍ਹਦੀ ਕਲਾ ਵਿਚ ਹਨ ਅਤੇ ਉਨ੍ਹਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News