ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ 'ਚ ਸ਼ਾਮਲ

Wednesday, Oct 01, 2025 - 03:01 PM (IST)

ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ 'ਚ ਸ਼ਾਮਲ

ਚੰਡੀਗੜ੍ਹ/ਪਟਿਆਲਾ (ਸੁਖਦੀਪ ਸਿੰਘ ਮਾਨ) : ਪੰਜਾਬ ਦੀ ਸਿਆਸਤ ਵਿਚ ਅੱਜ ਇਕ ਹੋਰ ਧਮਾਕਾ ਹੋਇਆ ਜਦੋਂ ਸੂਬੇ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਰਸਮੀ ਤੌਰ 'ਤੇ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਉਨ੍ਹਾਂ ਦੀ ਸ਼ਮੂਲੀਅਤ ਨੂੰ ਖਾਸ ਤੌਰ 'ਤੇ ਮਾਝਾ ਖੇਤਰ ਵਿਚ ਕਾਂਗਰਸ ਲਈ ਇਕ ਮਹੱਤਵਪੂਰਨ ਹੁਲਾਰਾ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਵਿਚ ਹੋਏ ਇਕ ਸਾਦੇ ਪਰ ਅਹਿਮ ਸਮਾਗਮ ਦੌਰਾਨ ਜੋਸ਼ੀ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਲਈ ਕਾਂਗਰਸ ਦੇ ਵੱਡੇ ਆਗੂ ਮੌਜੂਦ ਰਹੇ। ਇਨ੍ਹਾਂ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ (ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ), ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਓਵਰਡੋਜ਼ ਕਾਰਣ ਇਕੱਠਿਆਂ ਤਿੰਨ ਨੌਜਵਾਨਾਂ ਦੀ ਮੌਤ

ਜੋਸ਼ੀ ਦਾ ਸਿਆਸੀ ਸਫ਼ਰ : ਭਾਜਪਾ ਤੋਂ ਅਕਾਲੀ ਦਲ ਅਤੇ ਹੁਣ ਕਾਂਗਰਸ ਤੱਕ

ਅਨਿਲ ਜੋਸ਼ੀ ਜੋ ਪੰਜਾਬ ਦੀ ਸਿਆਸਤ ਵਿਚ ਇਕ ਪ੍ਰਮੁੱਖ ਹਿੰਦੂ ਚਿਹਰੇ ਵਜੋਂ ਜਾਣੇ ਜਾਂਦੇ ਹਨ ਦਾ ਇਹ ਤੀਜਾ ਵੱਡਾ ਸਿਆਸੀ ਪੜਾਅ ਹੈ। ਉਹ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਸਨ ਅਤੇ ਅੰਮ੍ਰਿਤਸਰ ਉੱਤਰੀ ਤੋਂ ਦੋ ਵਾਰ ਵਿਧਾਇਕ ਬਣੇ। ਉਨ੍ਹਾਂ ਨੇ 2012 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਵਿਚ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਵਰਗੇ ਅਹਿਮ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਭਾਈ। 

ਭਾਜਪਾ ਤੋਂ ਦੂਰੀ

ਜੋਸ਼ੀ ਨੂੰ ਜੁਲਾਈ 2021 ਵਿਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਪਾਰਟੀ ਦੀ ਆਲੋਚਨਾ ਕਰਨ ਕਰਕੇ ਭਾਜਪਾ ਤੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ। 

ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਵੱਡੀ ਖ਼ਬਰ, ਚੁੱਕਿਆ ਗਿਆ ਵੱਡਾ ਕਦਮ

ਅਕਾਲੀ ਦਲ ਛੱਡਣ ਦਾ ਕਾਰਨ

ਭਾਜਪਾ ਤੋਂ ਬਾਅਦ ਉਹ ਅਕਾਲੀ ਦਲ ਵਿਚ ਸ਼ਾਮਲ ਹੋਏ ਪਰ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੇ ਮੂਲ ਮੁੱਦਿਆਂ 'ਤੇ ਸਾਰਥਕ ਚਰਚਾ ਦੀ ਕਮੀ ਦੱਸਦਿਆਂ ਨਵੰਬਰ 2024 ਵਿਚ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ, ਉਹ ਜੂਨ 2025 ਵਿਚ ਅਕਾਲੀ ਦਲ ਵਿਚ ਵਾਪਸ ਆ ਗਏ ਸਨ ਪਰ ਹੁਣ ਉਨ੍ਹਾਂ ਨੇ ਫਿਰ ਇਸ ਨੂੰ ਅਲਵਿਦਾ ਕਹਿ ਦਿੱਤਾ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਕਾਰਵਾਈ, ਚੀਮਾ ਨੂੰ ਪਾਰਟੀ 'ਚੋਂ ਕੱਢਿਆ

ਕਾਂਗਰਸ ਨੂੰ ਮਿਲੇਗਾ ਵੱਡਾ ਫਾਇਦਾ?

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੋਸ਼ੀ ਦਾ ਇਹ ਕਦਮ ਕਾਂਗਰਸ ਨੂੰ ਖਾਸ ਤੌਰ 'ਤੇ ਅੰਮ੍ਰਿਤਸਰ ਅਤੇ ਹੋਰ ਸ਼ਹਿਰੀ ਹਲਕਿਆਂ ਵਿਚ ਮਜ਼ਬੂਤੀ ਦੇਵੇਗਾ। ਉਨ੍ਹਾਂ ਦੇ ਸਿਆਸੀ ਤਜਰਬੇ ਅਤੇ ਜ਼ਮੀਨੀ ਪੱਧਰ 'ਤੇ ਮਜ਼ਬੂਤ ਪਕੜ ਦਾ ਲਾਭ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿਚ ਮਿਲ ਸਕਦਾ ਹੈ। ਸੂਤਰਾਂ ਅਨੁਸਾਰ ਇਸ ਗੱਲ ਦੀਆਂ ਚਰਚਾਵਾਂ ਵੀ ਜ਼ੋਰਾਂ 'ਤੇ ਹਨ ਕਿ ਕਾਂਗਰਸ ਉਨ੍ਹਾਂ ਨੂੰ ਆਉਣ ਵਾਲੀ ਤਰਨਤਾਰਨ ਜ਼ਿਮਨੀ ਚੋਣ ਵਿਚ ਆਪਣਾ ਉਮੀਦਵਾਰ ਬਣਾ ਸਕਦੀ ਹੈ। ਜੋਸ਼ੀ ਦੇ ਇੱਕ ਕਰੀਬੀ ਨੇ ਦੱਸਿਆ ਕਿ ਉਨ੍ਹਾਂ ਨੇ ਬਿਨਾਂ ਕਿਸੇ ਚੋਣ ਲੜਨ ਦੀ ਸ਼ਰਤ ਤੋਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ਕਿਉਂਕਿ ਉਹ ਕਾਂਗਰਸ ਦੀ ਧਰਮ ਨਿਰਪੱਖ ਸੋਚ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਵਿਸ਼ਵਾਸ ਰੱਖਦੇ ਹਨ। ਜੋਸ਼ੀ ਦੀ ਕਾਂਗਰਸ ਵਿਚ ਆਮਦ ਨੇ ਨਿਸ਼ਚਿਤ ਤੌਰ 'ਤੇ ਪੰਜਾਬ ਦੀ ਸਿਆਸਤ ਵਿਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ ਅਤੇ ਸੂਬੇ ਦੇ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

Gurminder Singh

Content Editor

Related News