ਅਮਰੀਕਾ ਦੀ ਡੌਂਕੀ ਲਾਉਂਦੇ ਪੰਜਾਬੀ ਮੁੰਡੇ ਦੀ ਮੈਕਸੀਕੋ ''ਚ ਮੌਤ, ਪਿਛਲੇ ਸਾਲ ਗਿਆ ਸੀ ਘਰੋਂ
Tuesday, Sep 30, 2025 - 05:27 PM (IST)

ਡੇਰਾਬਸੀ, (ਗੁਰਜੀਤ) : ਡੇਰਾਬਸੀ ਬਲਾਕ ਦੇ ਪਿੰਡ ਸਮਗੌਲੀ ਦੇ ਨੌਜਵਾਨ ਹਰਦੀਪ ਸਿੰਘ ਦੀ ਮੈਕਸੀਕੋ ਵਿੱਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ, ਜਦਕਿ ਪਰਿਵਾਰ ਤੋਂ ਏਜੈਂਟਾਂ ਨੇ ਅਮਰੀਕਾ ਭੇਜਣ ਦੇ ਨਾਂ ’ਤੇ 37 ਲੱਖ ਰੁਪਏ ਹੜਪ ਲਏ।
ਮ੍ਰਿਤਕ ਦੇ ਭਰਾ ਮਲਕੀਤ ਸਿੰਘ ਅਨੁਸਾਰ, ਉਸਦਾ ਭਰਾ ਹਰਦੀਪ ਸਿੰਘ ਜੁਲਾਈ 2024 ਵਿੱਚ ਘਰੋਂ ਨਿਕਲਿਆ ਸੀ। ਏਜੰਟਾਂ ਨੇ ਭਰੋਸਾ ਦਿਵਾਇਆ ਸੀ ਕਿ ਉਸਨੂੰ ਡੌਂਕੀ ਰਾਹੀਂ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਜਾਵੇਗਾ ਪਰ ਮੈਕਸੀਕੋ ਪਹੁੰਚਣ ਤੋਂ ਬਾਅਦ ਡੋਂਕਰਾਂ ਨੇ ਉਸਨੂੰ ਇਕ ਕਮਰੇ ਵਿੱਚ ਭੁੱਖਾ ਪਿਆਸਾ ਬੰਦੀ ਬਣਾਈ ਰੱਖਿਆ। ਪਰਿਵਾਰ ਵੱਲੋਂ 37 ਲੱਖ ਦੇਣ ਦੇ ਬਾਵਜੂਦ ਉੱਥੇ ਖਰਚਾ ਨਾ ਭੇਜਿਆ ਗਿਆ, ਜਿਸ ਕਾਰਨ ਮਜਬੂਰੀ ਵਿੱਚ 4 ਲੱਖ ਰੁਪਏ ਹੋਰ ਭੇਜਣੇ ਪਏ।
ਸ਼ਨੀਵਾਰ ਰਾਤ ਪਰਿਵਾਰ ਨੂੰ ਖ਼ਬਰ ਮਿਲੀ ਕਿ ਹਰਦੀਪ ਸਿੰਘ ਦੀ ਮੌਤ ਹੋ ਗਈ ਹੈ। ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ, ਜਿਸ ਵਿੱਚ ਉਸ ਨੇ ਏਜੈਂਟਾਂ ਉੱਤੇ ਠੱਗੀ ਦੇ ਗੰਭੀਰ ਦੋਸ਼ ਲਗਾਏ ਸਨ। ਪਰਿਵਾਰ ਵਿੱਚ ਗ਼ਮ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਹਰਦੀਪ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ, ਜਦਕਿ ਉਸਦਾ ਦੂਜਾ ਭਰਾ ਪੁਰਤਗਾਲ ਵਿੱਚ ਵੱਸਦਾ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਵਾਸੀ ਭਾਂਖਰਪੁਰ ਖ਼ਿਲਾਫ਼ ਧਾਰਾਵਾਂ ਬੀ.ਐੱਨ.ਐੱਸ. ਅਤੇ 24 ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਦੋਵੇਂ ਦੋਸ਼ੀ ਇਸ ਵੇਲੇ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।