ਕਜਹੇੜੀ ’ਚ ਗੋਲੀਬਾਰੀ ਮਾਮਲੇ ’ਚ ਆਸਿਫ਼ ਦੀ ਭਾਲ ਕਰ ਰਹੀ ਪੁਲਸ
Monday, Oct 06, 2025 - 03:15 PM (IST)

ਚੰਡੀਗੜ੍ਹ (ਸੁਸ਼ੀਲ) : ਮੋਹਾਲੀ ’ਚ ਵਿੱਕੀ ਨੂੰ ਗੋਲੀ ਮਾਰਨ ਤੋਂ ਬਾਅਦ ਕਜਹੇੜੀ ਹੋਟਲ ’ਚ ਗੋਲੀਬਾਰੀ ਮਾਮਲੇ ’ਚ ਪੁਲਸ ਆਸਿਫ਼ ਦੀ ਭਾਲ ਕਰ ਰਹੀ ਹੈ, ਜਿਸ ਦੀ ਮਾਮਲੇ ’ਚ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ। ਇਸ ਲਈ ਪੁਲਸ ਬੁੜੈਲ ਜੇਲ੍ਹ ’ਚ ਬੰਦ ਸੂਰਜ ਉਰਫ਼ ਭੋਲੂ ਤੇ ਵਿਕਾਸ ਲਈ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰ ਰਹੀ ਹੈ ਤਾਂ ਜੋ ਉਹ ਉਨ੍ਹਾਂ ਨੂੰ ਰਿਮਾਂਡ ’ਤੇ ਲੈ ਕੇ ਗੋਲੀਬਾਰੀ ਦੀ ਪੂਰੀ ਜਾਂਚ ਕਰ ਸਕਣ। ਸੈਕਟਰ-36 ਪੁਲਸ ਗੋਲੀਬਾਰੀ ਤੋਂ ਬਾਅਦ ਅਮਨ ਚੌਹਾਨ ਤੇ ਰਿਤਵਿਕ ਭਾਰਦਵਾਜ ਉਰਫ਼ ਬਿੱਲਾ ਨੂੰ ਪਿੰਜੌਰ ਲੈ ਕੇ ਜਾਣ ਵਾਲੀਆਂ ਗੱਡੀਆਂ ਦੀ ਭਾਲ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਘਟਨਾ ਸਮੇਂ ਤਿੰਨਾਂ ਗੱਡੀਆਂ ’ਚ ਕੌਣ-ਕੌਣ ਮੌਜੂਦ ਸਨ।
ਬੁੜੈਲ ਜੇਲ੍ਹ ’ਚ ਬੰਦ ਸੂਰਜ ਉਰਫ਼ ਭੋਲੂ ਦੇ ਹੁਕਮਾਂ ’ਤੇ ਅਮਨ ਚੌਹਾਨ ਅਤੇ ਰਿਤਵਿਕ ਭਾਰਦਵਾਜ ਉਰਫ਼ ਬਿੱਲਾ ਮੋਹਾਲੀ ’ਚ ਵਿੱਕੀ ਨੂੰ ਗੋਲੀ ਮਾਰਨ ਅਤੇ ਕਜਹੇੜੀ ’ਚ ਗੋਲੀਬਾਰੀ ਕਰਨ ਤੋਂ ਬਾਅਦ ਫ਼ਰਾਰ ਹੋ ਗਏ ਸਨ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਪਿੰਜੌਰ ਚਲੇ ਗਏ ਸਨ। ਉੱਥੋਂ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਨੇ ਉਨ੍ਹਾਂ ਤੋਂ ਦੋ ਪਿਸਤੌਲ ਬਰਾਮਦ ਕੀਤੇ ਸਨ। ਬਾਅਦ ’ਚ ਜਾਂਚ ਸੈਕਟਰ-36 ਥਾਣੇ ’ਚ ਤਬਦੀਲ ਕਰ ਦਿੱਤੀ ਗਈ ਸੀ। ਪੁਲਸ ਨੇ ਗੋਲੀਬਾਰੀ ’ਚ ਵਰਤੀ ਅਸਲ ਪਿਸਤੌਲ ਬਰਾਮਦ ਕਰਨੀ ਹੈ। ਇਸ ਤੋਂ ਇਲਾਵਾ ਆਸਿਫ਼ ਨੂੰ ਗ੍ਰਿਫ਼ਤਾਰ ਕਰਨਾ ਹੈ। ਗੋਲੀਬਾਰੀ ਤੋਂ ਪਹਿਲਾਂ ਅਮਨ ਚੌਹਾਨ ਅਤੇ ਰਿਤਵਿਕ ਭਾਰਦਵਾਜ ਸਾਰੀ ਰਾਤ ਸੂਰਜ ਦੇ ਸੈਕਟਰ-20 ਸਥਿਤ ਹੋਟਲ ’ਚ ਰੁਕੇ ਸਨ।