52 ਸਾਲਾਂ ਬਾਅਦ ਮਿਲੀ ਸਾਬਕਾ ਫੌਜੀ ਨੂੰ ਪੈਨਸ਼ਨ
Saturday, Mar 30, 2019 - 12:34 PM (IST)
ਮੋਹਾਲੀ (ਨਿਆਮੀਆਂ) : ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਮੋਹਾਲੀ ਦੇ ਯਤਨਾਂ ਨਾਲ ਇਕ ਸਾਬਕਾ ਫੌਜੀ ਨੂੰ 52 ਸਾਲਾਂ ਬਾਅਦ ਪੈਨਸ਼ਨ ਮਿਲਣੀ ਸ਼ੁਰੂ ਹੋਈ ਹੈ। ਇਸ ਸਬੰਧੀ ਐਕਸ ਸਰਵਿਸਮੈਨ ਗ੍ਰੀਵੈਸਿਸ ਸੈੱਲ ਮੋਹਾਲੀ ਦੇ ਪ੍ਰਧਾਨ ਲੈਫ. ਕਰਨਲ ਐੱਸ. ਐੱਸ. ਸੋਹੀ ਨੇ ਦੱਸਿਆ ਕਿ ਸਿਪਾਹੀ ਲਕਸ਼ਮਣ ਦਾਸ (64) ਵਸਨੀਕ ਪੰਚਕੂਲਾ 1963 'ਚ ਭਾਰਤੀ ਫੌਜ 'ਚ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਫੌਜ ਵਲੋਂ ਲਕਸ਼ਮਣ ਦਾਸ ਨੂੰ 1967 'ਚ ਮੈਡੀਕਲ ਤੌਰ 'ਤੇ ਅਣਫਿਟ ਕਰਾਰ ਦੇ ਕੇ ਘਰ ਭੇਜ ਦਿੱਤਾ ਗਿਆ ਸੀ ਤੇ ਫੌਜ ਵਲੋਂ ਉਸ ਨੂੰ ਪੈਨਸ਼ਨ ਵੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਅਸਲ 'ਚ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਲਕਸ਼ਮਣ ਦਾਸ ਦੀ ਕਿਡਨੀ 'ਚ ਨੁਕਸ ਪੈ ਗਿਆ ਸੀ, ਜਿਸ ਕਰਕੇ ਉਸ ਨੂੰ ਇਲਾਜ ਲਈ ਪਹਿਲਾਂ ਪੀ. ਜੀ. ਆਈ. ਤੇ ਫਿਰ ਆਰਮੀ ਹਸਪਤਾਲ ਚੰਡੀ ਮੰਦਰ ਦਾਖਲ ਕਰਾਇਆ ਗਿਆ ਸੀ।
ਇਸ ਤੋਂ ਬਾਅਦ ਉਸ ਨੂੰ ਮੈਡੀਕਲ ਤੌਰ 'ਤੇ ਅਣਫਿੱਟ ਕਰਾਰ ਦੇ ਕੇ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਫੌਜ ਕੋਲ ਪੈਨਸ਼ਨ ਲਈ ਅਪਲਾਈ ਕੀਤਾ ਤਾਂ ਉਸ ਨੂੰ ਪੈਨਸ਼ਨ ਦੇਣ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ ਗਿਆ ਕਿ ਉਸ ਦੀ ਬੀਮਾਰੀ ਲਈ ਫੌਜ ਜ਼ਿੰਮੇਵਾਰ ਨਹੀਂ ਹੈ। ਬੀਤੀ 5 ਫਰਵਰੀ ਨੂੰ ਲਕਸ਼ਮਣ ਦਾਸ ਦੇ ਹੱਕ 'ਚ ਫੈਸਲਾ ਦਿੰਦੇ ਹੋਏ ਉਸ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੇ ਪਿਛਲੇ 6 ਸਾਲਾਂ ਦਾ ਬਕਾਇਆ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।