ਜਾਅਲੀ ਕਾਗਜ਼ਾਤ ਲਾਉਣ ਵਾਲੇ ''ਤੇ ਜੱਜ ਦੀ ਸ਼ਿਕਾਇਤ ''ਤੇ ਕੇਸ ਦਰਜ

Sunday, Feb 04, 2018 - 01:38 PM (IST)


ਮੋਹਾਲੀ (ਰਾਣਾ) - ਮੁਲਜ਼ਮਾਂ ਨੂੰ ਜ਼ਮਾਨਤ ਦੇਣ ਲਈ ਜਾਅਲੀ ਕਾਗਜ਼ਾਤ ਲਾਉਣ ਵਾਲੇ ਇਕ ਵਿਅਕਤੀ ਖਿਲਾਫ ਪੁਲਸ ਨੇ ਠੱਗੀ ਦੀਆਂ ਧਾਰਾਵਾਂ ਤਹਿਤ ਜੱਜ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਥੋਂ ਮੁਲਜ਼ਮ ਨੂੰ 5 ਫਰਵਰੀ ਤਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ । ਮੁਲਜ਼ਮ ਦੀ ਪਛਾਣ ਰਾਜਪੁਰਾ ਦੇ ਪਿੰਡ ਖਰਾਜਪੁਰ ਨਿਵਾਸੀ ਬਲਕਾਰ ਸਿੰਘ ਦੇ ਰੂਪ ਵਿਚ ਹੋਈ ਹੈ ।  

ਇਸ ਤਰ੍ਹਾਂ ਦਬੋਚਿਆ ਮੁਲਜ਼ਮ 
ਸੋਹਾਣਾ ਥਾਣਾ ਪੁਲਸ ਨੇ ਦੱਸਿਆ ਕਿ ਕੋਰਟ ਵਿਚ ਇਕ ਕੇਸ ਕਾਰਨ ਸਬੰਧਤ ਮੁਲਜ਼ਮ ਨੂੰ ਪੇਸ਼ ਕੀਤਾ ਗਿਆ, ਨਾਲ ਹੀ ਉਸ ਦੀ ਜ਼ਮਾਨਤ ਦੇਣ ਲਈ ਬਲਕਾਰ ਨਾਮ ਦਾ ਸ਼ਖਸ ਪਹੁੰਚਿਆ ਹੋਇਆ ਸੀ । ਬਲਕਾਰ ਨੇ ਜ਼ਮਾਨਤ ਦੇਣ ਲਈ ਆਪਣੇ ਨਾਲ ਲਿਆਂਦੇ ਡਾਕੂਮੈਂਟਸ ਦਿੱਤੇ, ਜਿਸ ਨੂੰ ਕੋਰਟ ਰੂਮ ਵਿਚ ਚੈੱਕ ਕੀਤਾ ਤਾਂ ਬਲਕਾਰ ਵਲੋਂ ਦਿੱਤੇ ਗਏ ਡਾਕੂਮੈਂਟਸ ਜਾਅਲੀ ਨਿਕਲਣ 'ਤੇ ਜੱਜ ਵਿਪਨਦੀਪ ਕੌਰ ਵਲੋਂ ਮਾਮਲੇ ਵਿਚ ਸਖਤ ਐਕਸ਼ਨ ਲੈਂਦੇ ਹੋਏ ਤੁਰੰਤ ਬਲਕਾਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ । ਉਥੇ ਹੀ ਮੌਜੂਦ ਪੁਲਸ ਕਰਮਚਾਰੀਆਂ ਨੇ ਬਲਕਾਰ ਨੂੰ ਗ੍ਰਿਫਤਾਰ ਕਰਕੇ ਏਰੀਆ ਪੁਲਸ ਨੂੰ ਸੂਚਿਤ ਕਰਕੇ ਮੌਕੇ 'ਤੇ ਬੁਲਾਇਆ ਅਤੇ ਮੁਲਜ਼ਮ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ।  

ਹੋਵੇਗਾ ਹੋਰ ਖੁਲਾਸਾ 
ਪੁਲਸ ਨੇ ਕਿਹਾ ਕਿ ਮੁਲਜ਼ਮ ਬਲਕਾਰ ਤੋਂ ਰਿਮਾਂਡ ਦੌਰਾਨ ਅਜੇ ਹੋਰ ਕਈ ਖੁਲਾਸੇ ਹੋਣਗੇ ਕਿਉਂਕਿ ਮੁਲਜ਼ਮ ਕੋਰਟ ਵਿਚ ਕਾਫੀ ਸਮੇਂ ਤੋਂ ਐਕਟਿਵ ਸੀ ਅਤੇ ਉਹ ਕੋਰਟ ਵਿਚ ਸਾਰੇ ਮੁਲਜ਼ਮਾਂ 'ਤੇ ਵੀ ਨਜ਼ਰ ਰੱਖਦਾ ਸੀ, ਜਦੋਂ ਵੀ ਕਿਸੇ ਮੁਲਜ਼ਮ ਵੱਲੋਂ ਜ਼ਮਾਨਤ ਲਈ ਕੋਰਟ ਵਿਚ ਅਰਜ਼ੀ ਦਿੱਤੀ ਜਾਂਦੀ ਤਾਂ ਮੁਲਜ਼ਮ ਬਲਕਾਰ ਉਸ ਨਾਲ ਸੰਪਰਕ ਕਰਨ ਵਿਚ ਲੱਗ ਜਾਂਦਾ । ਪੁਲਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮ ਨੇ ਇਸ ਤੋਂ ਪਹਿਲਾਂ ਵੀ ਕਈ ਮੁਲਜ਼ਮਾਂ ਦੀ ਜ਼ਮਾਨਤ ਦਿੱਤੀ ਹੈ, ਉਨ੍ਹਾਂ ਸਾਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।  


Related News