ਕਰੋੜਾਂ ਰੁਪਏ ਲੈ ਕੇ ਪ੍ਰਾਪਰਟੀ ਦਾ ਕੀਤਾ ਇਕਰਾਰਨਾਮਾ; ਨਹੀਂ ਕਰਵਾਈ ਰਜਿਸਟਰੀ, 2 ਭਰਾਵਾਂ ਸਣੇ 3 ’ਤੇ ਕੇਸ ਦਰਜ
Sunday, Jul 27, 2025 - 10:00 AM (IST)

ਲੁਧਿਆਣਾ (ਰਾਜ) : ਹਜ਼ਾਰ ਗਜ਼ ਪ੍ਰਾਪਰਟੀ ਦੇ ਕਰੋੜਾਂ ਰੁਪਏ ਲੈ ਕੇ ਰਜਿਸਟਰੀ ਨਾ ਕਰਵਾਉਣ ਦੇ ਦੋਸ਼ ਵਿਚ ਥਾਣਾ ਸਦਰ ਦੀ ਪੁਲਸ ਨੇ 2 ਸਕੇ ਭਰਾਵਾਂ ਸਮੇਤ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਅਮਨ ਗੋਇਲ ਅਤੇ ਰਾਹੁਲ ਗੋਇਲ ਦੋਵੇਂ ਸਕੇ ਭਰਾ ਹਨ, ਜੋ ਸ਼ਹੀਦ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਹਨ, ਜਦੋਂਕਿ ਉਨ੍ਹਾਂ ਦਾ ਤੀਜਾ ਸਾਥੀ ਨਵੀਨ ਗੋਇਲ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਵਿਸ਼ਵਾਸਘਾਤ ਅਤੇ ਸਾਜਿਸ਼ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ਵਿਚ ਕੁਲਦੀਪ ਕੁਮਾਰ ਬਾਂਸਲ ਨੇ ਦੱਸਿਆ ਹੈ ਕਿ ਉਸਨੇ ਉਕਤ ਮੁਲਜ਼ਮਾਂ ਤੋਂ ਸਾਲ 2012 ਵਿਚ ਮਲੇਰਕੋਟਲਾ ਰੋਡ ’ਤੇ 8,972 ਗਜ਼ ਜ਼ਮੀਨ ਦਾ ਸੌਦਾ ਕੀਤਾ ਸੀ, ਜਿਸ ਦੇ ਇਵਜ ’ਚ ਉਸਨੇ ਮੁਲਜ਼ਮਾਂ ਨੂੰ ਕਰੋੜਾਂ ਰੁਪਏ ਦਿੱਤੇ ਸਨ ਤੇ ਆਪਣੀ ਕੰਪਨੀ ਦੇ ਨਾਮ ’ਤੇ ਇਕਰਾਰਨਾਮਾ ਕਰਵਾ ਲਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਰੇਡ ਕੀਤੀ ਤਾਂ ਉਡ ਗਏ ਹੋਸ਼
ਇਸ ਤੋਂ ਬਾਅਦ ਰਜਿਸਟਰੀ ਦਾ ਸਮਾਂ ਤੈਅ ਹੋ ਗਿਆ ਸੀ। ਮੁਲਜ਼ਮ ਨੇ ਕੁਝ ਹਿੱਸੇ ਦੀ ਰਜਿਸਟਰੀ ਕਰਵਾ ਦਿੱਤੀ ਸੀ ਪਰ ਉਹ ਬਾਕੀ ਜਗ੍ਹਾ ਦੀ ਰਜਿਸਟਰੀ ਕਰਵਾਉਣ ਵਿਚ ਟਾਲ-ਮਟੋਲ ਕਰਨ ਲੱਗੇ। ਫਿਰ ਉਨ੍ਹਾਂ ਨੇ ਰਜਿਸਟਰੀ ਦਾ ਸਮਾਂ ਵੀ ਤੈਅ ਕੀਤਾ ਸੀ ਪਰ ਮੁਲਜ਼ਮ ਰਜਿਸਟਰੀ ਕਰਵਾਉਣ ਵਾਲੇ ਦਿਨ ਨਹੀਂ ਆਏ । ਉਨ੍ਹਾਂ ਨੇ ਰਜਿਸਟਰਾਰ ਦਫ਼ਤਰ ਵਿਚ ਆਪਣੀ ਹਾਜ਼ਰੀ ਲਗਾ ਲਈ ਸੀ। ਉਨ੍ਹਾਂ ਨੇ ਵਾਰ-ਵਾਰ ਮੁਲਜ਼ਮਾਂ ਨੂੰ ਰਜਿਸਟਰੀ ਕਰਨ ਲਈ ਦਬਾਅ ਬਣਾਇਆ ਸੀ ਪਰ ਮੁਲਜ਼ਮ ਰਜਿਸਟਰੀ ਕਰਵਾਉਣ ਤੋਂ ਬਿਲਕੁੱਲ ਹੀ ਮੁਕਰ ਗਏ ਸਨ। ਇਸ ਤੋਂ ਬਾਅਦ ਪਤਾ ਲੱਗਾ ਕਿ ਮੁਲਜ਼ਮ ਉਕਤ ਜਗ੍ਹਾ ਨੂੰ ਕਿਸੇ ਹੋਰ ਨੂੰ ਵੇਚਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਹੁਣ ਆਸਾਨੀ ਨਾਲ ਮਿਲੇਗੀ ਰੇਲ ਟਿਕਟ! IRCTC 'ਚ 2.5 ਕਰੋੜ ਤੋਂ ਜ਼ਿਆਦਾ ਯੂਜ਼ਰ ਆਈਡੀ ਬੰਦ
ਉਨ੍ਹਾਂ ਨੇ ਮੁਲਜ਼ਮਾਂ ਖਿਲਾਫ਼ ਕਈ ਵਾਰ ਪੁਲਸ ਸ਼ਿਕਾਇਤਾਂ ਵੀ ਕੀਤੀਆਂ ਸਨ ਪਰ ਸੱਤਾਧਾਰੀ ਪਾਰਟੀ ਵਿਚ ਆਪਣੇ ਪ੍ਰਭਾਵ ਕਾਰਨ ਮੁਲਜ਼ਮਾਂ ਨੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਫਿਰ ਉਨ੍ਹਾਂ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ। ਅਦਾਲਤ ਨੇ ਦਸਤਾਵੇਜ਼ਾਂ ਦੇ ਆਧਾਰ ’ਤੇ ਉ੍ਹਨ੍ਹਾਂ ਨੂੰ ਸਟੇਅ ਦੇ ਦਿੱਤਾ ਸੀ। ਹੁਣ ਕਈ ਸਾਲਾਂ ਬਾਅਦ ਇਨਸਾਫ਼ ਪ੍ਰਾਪਤ ਕਰਨ ਲਈ ਇਸ ਸਬੰਧ ਵਿਚ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ, ਜੋ ਕਿ ਜਾਂਚ ਲਈ ਏਡੀਸੀਪੀ ਰੈਂਕ ਦੇ ਅਧਿਕਾਰੀ ਨੂੰ ਦਿੱਤੀ ਗਈ ਸੀ। ਜਾਂਚ ਵਿਚ ਉਨ੍ਹਾਂ ਦੁਆਰਾ ਲਗਾਏ ਗਏ ਸਾਰੇ ਦੋਸ਼ ਸਹੀ ਪਾਏ ਗਏ ਸਨ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕਰ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8