ਇਲਾਜ ਲਈ 10 ਘੰਟੇ ਤੜਫਦੀ ਰਹੀ ਗਰਭਵਤੀ

04/26/2018 5:31:41 AM

ਅੰਮ੍ਰਿਤਸਰ,   (ਦਲਜੀਤ)-  ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ 'ਚ ਇਕ ਗਰਭਵਤੀ ਇਲਾਜ ਲਈ 10 ਘੰਟੇ ਤੜਫਦੀ ਰਹੀ ਪਰ ਕਿਸੇ ਵੀ ਡਾਕਟਰ ਨੇ ਉਸ ਦੀ ਹਾਲਤ 'ਤੇ ਤਰਸ ਖਾ ਕੇ ਉਸ ਨੂੰ ਦਾਖਲ ਨਹੀਂ ਕੀਤਾ। ਡਾਕਟਰ ਮਰੀਜ਼ ਦਾ ਇਲਾਜ ਕਰਨ ਦੀ ਬਜਾਏ ਇਕ ਦੂਸਰੇ 'ਤੇ ਜ਼ਿੰਮੇਵਾਰੀ ਪਾਉਂਦਿਆਂ ਪੱਲਾ ਝਾੜਦੇ ਰਹੇ।
ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਪਤੀ ਬੂਟਾ ਸਿੰਘ ਵਾਸੀ ਠੱਠੀਆ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਆਪਣੇ ਗਰਭ 'ਚ ਪਲ ਰਹੇ ਬੱਚੇ ਦਾ ਇਲਾਜ ਕਰਵਾ ਰਹੀ ਸੀ। ਮਾਨਾਂਵਾਲਾ ਹਸਪਤਾਲ ਦੇ ਡਾਕਟਰ ਵੱਲੋਂ ਹਰਪ੍ਰੀਤ ਕੌਰ ਨੂੰ ਗਰਭ ਵਿਚ ਬੱਚੇ ਦਾ ਪਾਣੀ ਘਟਣ ਕਾਰਨ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਹਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰ ਉਸ ਨੂੰ ਲੈ ਕੇ ਸਵੇਰੇ 10 ਵਜੇ ਹਸਪਤਾਲ ਪੁੱਜ ਗਏ ਪਰ ਸ਼ਾਮ 7 ਵਜੇ ਤੱਕ ਉਸ ਨੂੰ ਦਾਖਲ ਨਹੀਂ ਕੀਤਾ ਗਿਆ।
ਮਰੀਜ਼ ਨਾਲ ਆਏ ਸਮਾਜ ਸੇਵਕ ਜੈ ਗੋਪਾਲ ਲਾਲੀ ਤੇ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਡਾਕਟਰਾਂ ਨੂੰ ਮਰੀਜ਼ ਦੀ ਹਾਲਤ ਖਰਾਬ ਹੋਣ ਦਾ ਹਵਾਲਾ ਦੇ ਕੇ ਦਾਖਲ ਕਰਵਾਉਣ ਲਈ ਕਈ ਮਿੰਨਤਾਂ ਕੀਤੀਆਂ ਗਈਆਂ ਪਰ ਕਿਸੇ ਵੀ ਡਾਕਟਰ ਨੇ ਮਰੀਜ਼ ਦੀ ਹਾਲਤ 'ਤੇ ਤਰਸ ਨਹੀਂ ਖਾਧਾ। ਪੰਜਾਬ ਸਰਕਾਰ ਉਂਝ ਤਾਂ ਸਰਕਾਰੀ ਹਸਪਤਾਲਾਂ 'ਚ ਜੱਚਾ-ਬੱਚਾ ਦੀ ਸੁਰੱਖਿਆ ਤੇ ਇਲਾਜ ਲਈ ਕਈ ਦਾਅਵੇ ਕਰ ਕੇ ਕਰੋੜਾਂ ਰੁਪਏ ਖਰਚਦੀ ਹੈ ਪਰ ਅਫਸੋਸ ਕਿ ਉਕਤ ਮਰੀਜ਼ ਵਾਂਗ ਸੁਵਿਧਾ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਸੁਜਾਤਾ ਉਕਤ ਹਸਪਤਾਲ ਦੇ ਇੰਚਾਰਜ ਵੀ ਹਨ ਪਰ ਉਹ ਵੀ ਇਥੇ ਮਰੀਜ਼ਾਂ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਗੰਭੀਰ ਹੁੰਦੇ ਦਿਖਾਈ ਨਹੀਂ ਦੇ ਰਹੇ।
ਡਾ. ਸੁਜਾਤਾ ਨੇ ਨਹੀਂ ਚੁੱਕਿਆ ਫੋਨ : ਇਸ ਸਬੰਧੀ ਜਦੋਂ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।


Related News