ਧੁੰਦ ਤੇ ਠੰਡ ਕਣਕ ਦੀ ਫਸਲ ਲਈ ਘਿਓ ਵਾਂਗ

01/07/2018 6:51:47 AM

ਸੁਲਤਾਨਪੁਰ ਲੋਧੀ, (ਧੀਰ)- ਧੁੰਦ ਤੇ ਭਰਵੀਂ ਠੰਡ ਦੇ ਅਨੁਕੂਲ ਤਾਪਮਾਨ ਰਹਿਣ ਨਾਲ ਕਣਕ ਦੀ ਫਸਲ ਲਈ ਇਹ ਘਿਓ ਵਾਂਗ ਹੈ ਤੇ ਕਣਕ ਦੀ ਭਰਪੂਰ ਫਸਲ ਦੀ ਉਮੀਦ ਕੀਤੀ ਜਾਂਦੀ ਹੈ। ਖੇਤੀਬਾੜੀ ਵਿਭਾਗ ਮੰਡਲ ਸੁਲਤਾਨਪੁਰ ਲੋਧੀ ਦੇ ਵਿਸਥਾਰ ਅਧਿਕਾਰੀ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਇਸ ਵਾਰ ਹਲਕਾ ਸੁਲਤਾਨਪੁਰ ਲੋਧੀ 'ਚ 31 ਹਜ਼ਾਰ ਹੈਕਟੇਅਰ ਕਣਕ ਦੀ ਬਿਜਾਈ ਹੋਈ ਹੈ, ਜਿਸ 'ਚ ਕਰੀਬ 2000 ਏਕੜ ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕੀਤੀ ਗਈ ਹੈ। 
ਇਸ ਸਮੇਂ ਕਣਕ ਤੇ ਬਾਕੀ ਹਾੜ੍ਹੀ ਦੀ ਫਸਲ ਦੀ ਹਾਲਤ ਬਿਲਕੁਲ ਠੀਕ ਹੈ ਤੇ ਜੋ ਧੁੰਦ ਵਾਲਾ ਮੌਸਮ ਚੱਲ ਰਿਹਾ ਹੈ, ਉਹ ਕਣਕ ਲਈ ਬਹੁਤ ਲਾਹੇਵੰਦ ਹੈ। ਕਣਕ ਦੀ ਚੰਗੀ ਫਸਲ ਨੂੰ ਇਸੇ ਤਰ੍ਹਾਂ ਬਣਾਈ ਰੱਖਣ ਲਈ ਖੇਤੀਬਾੜੀ ਮਹਿਕਮੇ ਦੀਆਂ ਟੀਮਾਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ ਤੇ ਕਿਸਾਨਾਂ ਨਾਲ ਲਗਾਤਾਰ  ਰਾਬਤਾ ਕਾਇਮ ਰੱਖਿਆ ਜਾ ਰਿਹਾ ਹੈ। ਖੇਤਾਂ ਦਾ ਜਾਇਜ਼ਾ ਲੈ ਰਹੀਆਂ ਟੀਮਾਂ ਪਿੰਡ 'ਚ ਜਾ ਕੇ ਕਿਸਾਨਾਂ ਨੂੰ ਲੋੜੀਂਦੇ ਤੱਤ ਦੀ ਘਾਟ ਬਾਰੇ ਵੀ ਜਾਣੂ ਕਰਵਾ ਰਹੀਆਂ ਹਨ। ਖੇਤੀਬਾੜੀ ਅਧਿਕਾਰੀ ਡਾ. ਪਰਮਿੰਦਰ ਕੁਮਾਰ ਨੇ ਦਸਿਆ ਕਿ ਕੁਝ ਥਾਵਾਂ 'ਤੇ ਖੇਤਾਂ 'ਚ ਕਿਤੇ-ਕਿਤੇ ਮੈਗਨੀਜ਼ ਤੱਤ ਦੀ ਘਾਟ ਦੇਖੀ ਗਈ ਹੈ। ਇਹ ਘਾਟ ਆਮ ਤੌਰ 'ਤੇ ਹਲਕੀਆਂ ਜ਼ਮੀਨਾਂ ਤੇ ਜਿਥੇ ਬਹੁਤ ਫਸਲਾਂ ਬੀਜੀਆਂ ਜਾਂਦੀਆਂ ਹਨ, ਉਥੇ ਦੇਖਣ ਨੂੰ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ ਤੇ ਨਦੀਨ ਨਾਸ਼ਕ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ ਹੀ ਕਰਨ ਤੇ ਆਉਣ ਵਾਲੇ ਸਮੇਂ 'ਚ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਆਪਣੀ ਕਣਕ ਦੀ ਫਸਲ ਦੇ ਪੱਤੇ 'ਤੇ ਪੀਲੀ ਕੁੰਗੀ ਦੀ ਕੋਈ ਵੀ ਨਿਸ਼ਾਨੀ ਨਜ਼ਰ ਆਵੇ ਤਾਂ ਉਹ ਤੁਰੰਤ ਖੇਤੀਬੜੀ ਵਿਭਾਗ ਨਾਲ ਸੰਪਰਕ ਕਰਨ ਤਾਂ ਕਿ ਸਮੇਂ ਸਿਰ ਉਸਦਾ ਇਲਾਜ ਕੀਤਾ ਜਾ ਸਕੇ।


Related News