ਗੁਆਂਢੀ ਸੂਬਿਆਂ ਤੋਂ ਕਣਕ ਦੀ ਆਮਦ ’ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ
Tuesday, Apr 02, 2024 - 11:18 AM (IST)
ਮੋਹਾਲੀ (ਨਿਆਮੀਆਂ) : ਜ਼ਿਲ੍ਹੇ ਦੀਆਂ ਮੰਡੀਆਂ 'ਚ ਗੁਆਂਢੀ ਸੂਬਿਆਂ ਤੋਂ ਕਣਕ ਦੀ ਗੈਰ-ਕਾਨੂੰਨੀ ਆਮਦ ਨੂੰ ਰੋਕਣ ਲਈ ਸਖ਼ਤੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਪੁਲਸ ਨੂੰ ਸਖ਼ਤ ਚੌਕਸੀ ਰੱਖਣ ਅਤੇ ਝਰਮੜੀ ਬੈਰੀਅਰ ਅਤੇ ਬਨੂੜ ਤੇਪਲਾ ਰੋਡ ’ਤੇ ਵਿਸ਼ੇਸ਼ ਅੰਤਰਰਾਜੀ ਸਰਹੱਦੀ ਨਾਕੇ ਲਗਾਉਣ ਲਈ ਆਖਿਆ ਹੈ। ਉਨ੍ਹਾਂ ਜ਼ਿਲ੍ਹਾ ਮੰਡੀ ਅਧਿਕਾਰੀਆਂ ਅਤੇ ਮਾਰਕਿਟ ਕਮੇਟੀ ਦੇ ਸਕੱਤਰਾਂ ਨੂੰ ਸਥਾਨਕ ਮੰਡੀਆਂ 'ਚ ਹੋਰ ਸੂਬਿਆਂ ਤੋਂ ਕਣਕ ਦੀ ਆਮਦ ’ਤੇ ਨਜ਼ਰ ਰੱਖਣ ਦੇ ਹੁਕਮ ਵੀ ਦਿੱਤੇ।
ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਹਰਿਆਣਾ ਦੀ ਸਰਹੱਦ ਨਾਲ ਲੱਗਦੀਆਂ ਮੰਡੀਆਂ 'ਚ ਬਾਹਰੋਂ ਵੱਡੀ ਮਾਤਰਾ ’ਚ ਫ਼ਸਲ ਆਉਣ ਕਾਰਨ ਥਾਂ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਥਾਨਕ ਕਮਿਸ਼ਨ ਏਜੰਟਾਂ ਜਾਂ ਹੋਰ ਪ੍ਰਬੰਧਾਂ ਰਾਹੀਂ ਦੂਜੇ ਸੂਬਿਆਂ ਤੋਂ ਫ਼ਸਲ ਦੀ ਆਮਦ ਕਾਰਨ ਖ਼ਰੀਦ ਪ੍ਰਕਿਰਿਆ ਵਿਚ ਰੁਕਾਵਟ ਬਣਦੀ ਹੈ, ਜਦ ਕਿ ਕਿ ਸਥਾਨਕ ਸਿਵਲ ਪ੍ਰਸ਼ਾਸਨ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਤੋਂ ਕਣਕ ਦੀ ਅਨੁਮਾਨਤ ਆਮਦ ਲਈ ਪ੍ਰਬੰਧ ਕਰਦਾ ਹੈ, ਪਰ ਇਨ੍ਹਾਂ ਮੰਡੀਆਂ ਵਿਚ ਗੁਆਂਢੀ ਸੂਬਿਆਂ ਤੋਂ ਕਣਕ ਦੀ ਗੈਰ-ਕਾਨੂੰਨੀ ਵਿਕਰੀ ਕਾਰਨ ਪ੍ਰਬੰਧਾਂ ਵਿਚ ਮੁਸ਼ਕਲ ਆਉਂਦੀ ਹੈ।
ਇਸ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਪੁਲਸ ਅਧਿਕਾਰੀਆਂ ਨੂੰ ਵਿਸ਼ੇਸ਼ ਅੰਤਰਰਾਜੀ ਸਰਹੱਦੀ ਚੌਕੀਆਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ‘ਹੋਰ ਰਾਜ ਦੀ ਕਣਕ’ ਜ਼ਿਲ੍ਹ ਵਿਚ ਨਾ ਆ ਸਕੇ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਪੁਲਸ ਨੂੰ ਹਾੜੀ ਦੇ ਮੰਡੀਕਰਨ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਵਿਚ ਪੁਲਸ ਮੁਲਾਜ਼ਮ ਤਾਇਨਾਤ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਜ਼ਿਲ੍ਹੇ ਵਿਚ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਖ਼ਰੀਦ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਕੁੱਲ 17 ਖਰੀਦ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ ਖਰੜ, ਰੁੜਕੀ, ਦਾਊਂ ਮਾਜਰਾ, ਭਾਗੋ ਮਾਜਰਾ, ਸਨੇਟਾ, ਕੁਰਾਲੀ, ਕੱਚਾ ਮੰਡੀ ਯਾਰਡ ਕੁਰਾਲੀ, ਖਿਜ਼ਰਾਬਾਦ, ਕੱਚਾ ਮੰਡੀ ਯਾਰਡ ਖਿਜਰਾਬਾਦ, ਡੇਰਾਬੱਸੀ, ਅਮਲਾਲਾ, ਸਮਗੌਲੀ, ਲਾਲੜੂ, ਟਿਵਾਣਾ, ਤਸੰਬਲੀ, ਜਰੋਟ ਅਤੇ ਬਨੂੜ ਸ਼ਾਮਲ ਹਨ। ਪਿਛਲੇ ਸਾਲ ਜ਼ਿਲੇ ਦੀਆਂ ਮੰਡੀਆਂ ਵਿਚ 1,30,208 ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਸੀ।