ਟਾਇਲਟ ਗਈ ਗਰਭਵਤੀ ਦੀ ਹੋ ਗਈ ਡਿਲਵਰੀ ਤੇ ਫਲਸ਼ ਹੋ ਗਿਆ ਭਰੂਣ, ਕੁੱਤੇ ਰਹੇ ਘਸੀਟਦੇ
Tuesday, Oct 24, 2017 - 08:10 PM (IST)
ਮੋਗਾ (ਸੰਦੀਪ)-ਮੰਗਲਵਾਰ ਦੀ ਸਵੇਰੇ ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਇਕ ਪਾਸੇ ਲਗਭਗ 6 ਮਹੀਨਿਆਂ ਦੇ ਭਰੂਣ ਨੂੰ ਕੁੱਤੇ ਬੇਰਿਹਮੀ ਨਾਲ ਘਸੀਟਦੇ ਹੋਏ ਵੇਖੇ ਗਏ । ਵਾਰਡ 'ਚ ਦਾਖਲ ਔਰਤਾਂ ਦੇ ਕੁਝ ਰਿਸ਼ਤੇਦਾਰਾਂ ਨੇ ਇਸ ਦੀ ਸੂਚਨਾ ਤੁਰੰਤ ਡਿਊਟੀ 'ਤੇ ਤਾਇਨਾਤ ਸਕਿਓਰਿਟੀ ਗਾਰਡ ਗੁਰਸੇਵਕ ਸਿੰਘ ਨੂੰ ਦਿੱਤੀ ਅਤੇ ਫਿਰ ਇਸ ਬਾਰੇ ਐੱਸ. ਐੱਮ. ਓ. ਡਾ. ਗਗਨਦੀਪ ਸਿੰਘ ਅਤੇ ਹੋਰ ਜ਼ਿਲਾ ਪੱਧਰੀ ਅਧਿਕਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਉਕਤ ਭਰੂਣ ਨੂੰ ਕੁੱਤਿਆਂ ਦੇ ਸ਼ਿਕੰਜੇ 'ਚੋਂ ਛੁਡਵਾ ਕੇ ਇਸ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਅਤੇ ਇਸ ਦੀ ਸੂਚਨਾ ਥਾਣਾ ਸਿਟੀ-2 ਦੇ ਇੰਚਾਰਜ ਇੰਸਪੈਕਟਰ ਲਵਦੀਪ ਸਿੰਘ ਨੂੰ ਵੀ ਦਿੱਤੀ ਗਈ।
ਸਿਵਲ ਸਰਜਨ ਨੇ ਤੁਰੰਤ 3 ਮੈਂਬਰੀ ਜਾਂਚ ਕਮੇਟੀ ਗਠਿਤ ਕਰ ਕੇ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤੁਰੰਤ 3 ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ, ਜਿਸ 'ਚ ਸਹਾਇਕ ਸਿਵਲ ਸਰਜਨ ਡਾ. ਅਰੁਣ ਗੁਪਤਾ, ਐੱਸ. ਐੱਮ. ਓ. ਡਾ. ਗਗਨਦੀਪ ਸਿੰਘ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਮੈਡਮ ਰੁਪਿੰਦਰ ਕੌਰ ਸ਼ਾਮਲ ਹਨ, ਨੂੰ ਮਾਮਲੇ ਦੀ ਜਾਂਚ ਕਰ ਕੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ।
ਮਾਮਲੇ ਦੀ ਜਾਂਚ ਤੋਂ ਬਾਅਦ ਸਾਹਮਣੇ ਆਏ ਇਹ ਤੱਥ
ਜਾਂਚ ਕਮੇਟੀ ਦੀ ਜਾਂਚ ਤੋਂ ਬਾਅਦ ਪਤਾ ਲਗਾ ਹੈ ਕਿ ਇਹ ਭਰੂਣ ਪਿੰਡ ਰੌਂਤਾ ਨਿਵਾਸੀ ਇਕ ਔਰਤ ਨਾਲ ਸੰਬੰਧਤ ਹੈ, ਜਿਸ ਨੂੰ ਕਿ ਦੋ ਦਿਨ ਪਹਿਲਾਂ ਮਹਿਲਾ ਡਾਕਟਰ ਵਲੋਂ ਸਕੈਨਿੰਗ ਕਰਵਾਉਣ ਤੋਂ ਬਾਅਦ ਬੱਚੇ ਦੇ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਬਾਰੇ ਦੱਸਿਆ ਗਿਆ ਸੀ ਅਤੇ ਉਸ ਦੀ ਧੜਕਣ ਨਾ ਹੋਣ ਬਾਰੇ ਵੀ ਸ਼ੱਕ ਜਤਾਇਆ ਸੀ, ਜਿਸ ਤੋਂ ਬਾਅਦ 21 ਅਕਤੂਬਰ ਨੂੰ ਉਕਤ ਔਰਤ ਦੇ ਦਰਦਾਂ ਸ਼ੁਰੂ ਹੋਣ ਕਰ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਸ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਹ ਜਦੋਂ ਟਾਇਲਟ ਗਈ ਤਾਂ ਇਸ ਦੌਰਾਨ ਹੀ ਭਰੂਣ ਦੀ ਡਲਿਵਰੀ ਹੋ ਗਈ ਅਤੇ ਭਰੂਣ ਟਾਇਲਟ ਦੀ ਪਾਈਪ 'ਚ ਡਿੱਗਣ ਕਰ ਕੇ ਫਲੱਸ਼ ਹੋ ਗਿਆ।
ਇਸ ਦੀ ਸੂਚਨਾ ਹਸਪਤਾਲ ਸਟਾਫ ਨੂੰ ਤਾਂ ਦਿੱਤੀ ਗਈ ਪਰ ਡਾਕਟਰ ਵੱਲੋਂ ਇਸ ਘਟਨਾ ਨੂੰ ਲੁਕੋ ਲਿਆ ਗਿਆ, ਜਿਸ ਤੋਂ ਬਾਅਦ ਇਹ ਭਰੂਣ ਡਰੇਨਜ਼ ਪਾਈਪਾਂ ਰਾਹੀਂ ਕੁੱਤਿਆਂ ਦੇ ਸ਼ਿਕੰਜੇ 'ਚ ਆ ਗਿਆ, ਜਿਸ ਤੋਂ ਬਾਅਦ ਇਸ ਘਟਨਾ ਦਾ ਖੁਲਾਸਾ ਹੋਇਆ। ਜਾਂਚ ਟੀਮ ਵੱਲੋਂ ਰਿਪੋਰਟ ਤਿਆਰ ਕਰ ਕੇ ਅਗਲੀ ਵਿਭਾਗੀ ਕਾਰਵਾਈ ਲਈ ਸਿਵਲ ਸਰਜਨ ਨੂੰ ਸੌਂਪ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਇਸ ਮਾਮਲੇ 'ਚ ਇਹ ਮਾਮਲਾ ਲੁਕਾਉਣ ਵਾਲੇ ਮੁਲਾਜ਼ਮਾਂ 'ਤੇ ਗਾਜ ਡਿੱਗ ਸਕਦੀ ਹੈ।
ਐੱਸ. ਐੱਸ. ਪੀ. ਦੇ ਹੁਕਮਾਂ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ : ਐੱਸ. ਐੱਚ. ਓ.
ਇਸ ਬਾਰੇ ਜਦੋਂ ਐੱਸ. ਐੱਚ. ਓ. ਸਿਟੀ ਸਾਊਥ ਇੰਸ. ਲਵਦੀਪ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭਰੂਣ ਨੂੰ ਡਾਕਟਰ ਵੱਲੋਂ ਪਹਿਲਾਂ ਹੀ ਅਰਧ-ਵਿਕਸਤ ਐਲਾਨ ਦਿੱਤਾ ਗਿਆ ਸੀ। ਘਟਨਾ ਵੀ ਅਚਾਨਕ ਹੀ ਵਾਪਰੀ ਹੈ ਪਰ ਮਾਮਲਾ ਲੁਕਾਉਣਾ ਸ਼ੱਕ ਪੈਦਾ ਕਰਦਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਐੱਸ. ਐੱਸ. ਪੀ. ਦੇ ਹੁਕਮਾਂ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
