ਹੜ੍ਹ ''ਚ ਦਿੱਤਾ ਬੱਚੇ ਨੂੰ ਜਨਮ, ਨਾਂ ਮਿਲਿਆ ''ਫਲੱਡ ਬੇਬੀ'' (ਵੀਡੀਓ)
Monday, Aug 26, 2019 - 07:04 PM (IST)
ਜਲੰਧਰ/ਲੋਹੀਆਂ ਖਾਸ (ਸੋਨੂੰ)— ਕੋਈ ਸਮਾਂ ਸੀ ਜਦੋਂ ਖਾਸ ਮੌਕਿਆਂ 'ਤੇ ਪੈਦਾ ਹੋਣ ਵਾਲੇ ਬੱਚਿਆਂ ਦਾ ਨਾਂ ਉਨ੍ਹਾਂ ਦਿਨਾਂ 'ਚ ਤਿਉਹਾਰਾਂ 'ਤੇ ਰੱਖ ਦਿੱਤਾ ਜਾਂਦਾ ਸੀ ਜਾਂ ਫਿਰ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਹੀ ਬੱਚਿਆਂ ਦੇ ਨਾਂ ਸਾਉਣ ਸਿੰਘ ਜਾਂ ਮੱਘਰ ਮੱਲ ਹੋਇਆ ਕਰਦੇ ਸਨ। ਅੱਜ ਫਿਰ ਇਕ ਵਾਰ ਹੜ੍ਹਾਂ 'ਚ ਹੋਣ ਵਾਲੇ ਬੱਚਿਆਂ ਨੂੰ ਫਲੱਡ ਬੇਬੀ ਦਾ ਨਾਂ ਦਿੱਤਾ ਗਿਆ ਹੈ ਅਤੇ ਇਹ ਫਲੱਡ ਬੇਬੀ ਨੇ ਲੋਹੀਆਂ ਖਾਸ ਦੇ ਸਿਹਤ ਕੇਂਦਰ 'ਚ ਜਨਮ ਲਿਆ ਹੈ। ਸਿਹਤ ਕੇਂਦਰ 'ਚ ਪਿੰਡ ਨਸੀਰਪੁਰ ਦੇ ਰਹਿਣ ਵਾਲੇ ਸਵਰਨ ਸਿੰਘ ਦੀ ਪਤਨੀ ਗੀਤਾ ਰਾਣੀ ਨੇ ਹੜ੍ਹ ਸਮੇਂ ਬੱਚੇ ਨੂੰ ਜਨਮ ਦਿੱਤਾ।
ਦਰਅਸਲ ਜਿਸ ਵੇਲੇ ਸਤਲੁਜ ਦਾ ਬੰਨ੍ਹ ਟੁੱਟਿਆ ਸੀ, ਗੀਤਾ ਦੀ ਸਿਹਤ ਵੀ ਖਰਾਬ ਹੋ ਗਈ ਸੀ। ਪਿੰਡ 'ਚ ਪਾਣੀ ਭਰਨ ਤੋਂ ਪਹਿਲਾਂ ਹੀ ਉਸ ਨੂੰ ਡਾਕਟਰ ਕੋਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਬੇਟੇ ਨੂੰ ਜਨਮ ਦਿੱਤਾ। ਪਿੰਡ 'ਚ ਅਜੇ ਵੀ ਪਾਣੀ ਭਰਿਆ ਹੋਣ ਕਰਕੇ ਗੀਤਾ ਆਪਣੇ ਬੱਚੇ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਜਾ ਰਹੀ ਹੈ, ਜਿੱਥੇ ਉਹ ਪਾਣੀ ਦਾ ਪੱਧਰ ਘੱਟਣ ਤੱਕ ਉਥੇ ਹੀ ਰਹੇਗੀ। ਮੌਕੇ 'ਤੇ ਨਰਸ ਦਲਜਿੰਦਰ ਕੌਰ ਨੇ ਕਿਹਾ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੂਸਤ ਹਨ ਅਤੇ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਲੋਹੀਆਂ ਖਾਸ ਅਤੇ ਆਸ-ਪਾਸ ਦੇ ਪਿੰਡਾਂ 'ਚ ਆਏ ਹੜ੍ਹ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਹੈ ਪਰ ਸਭ ਤੋਂ ਵੱਧ ਦਿੱਕਤ ਆ ਰਹੀ ਹੈ ਉਨ੍ਹਾਂ ਗਰਭਵਤੀ ਔਰਤਾਂ ਨੂੰ, ਜਿਨ੍ਹਾਂ ਦਾ ਡਿਲਵਰੀ ਟਾਈਮ ਹੈ। ਪੰਜਾਬ 'ਚ ਆਏ ਹੜ੍ਹਾਂ ਨੂੰ ਲੈ ਕੇ ਜਿੱਥੇ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ ਹਨ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।