ਆਖਰ ਕਿਉਂ ਨਾਰਾਜ਼ ਹਨ ਫਿਰੋਜ਼ਪੁਰ ਸ਼ਹਿਰ ਦੇ ਵੋਟਰ
Friday, May 24, 2019 - 11:00 AM (IST)
ਫਿਰੋਜ਼ਪੁਰ (ਮਲਹੋਤਰਾ) - ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਫਿਰੋਜ਼ਪੁਰ ਸੰਸਦੀ ਸੀਟ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਲੋਕਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਨਕਾਰਦੇ ਹੋਏ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੁਖਬੀਰ ਬਾਦਲ ਨੂੰ ਜਨਸਮਰਥਨ ਦਿੱਤਾ ਹੈ। ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦਾ ਤਖਤਾ ਪਲਟ ਕਰਨ ਵਾਲੀ ਜਨਤਾ ਦਾ 2 ਸਾਲਾਂ 'ਚ ਮੋਹ ਭੰਗ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਕਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰ 'ਤੇ ਨਜ਼ਰ ਮਾਰੀ ਜਾਵੇ ਤਾਂ ਇਥੋਂ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵਿਕਾਸ ਪੱਖੋਂ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ। ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ, ਦਹਾਕਿਆਂ ਤੋਂ ਕੱਚੀਆਂ ਗਲੀਆਂ ਨੂੰ ਪੱਕਾ ਕਰਵਾਉਣਾ, ਸਟਰੀਟ ਲਾਈਟ ਪ੍ਰਣਾਲੀ 'ਚ ਰਿਕਾਰਡ ਬਦਲਾਅ, ਨਵੇਂ ਪਾਰਕਾਂ ਦੀ ਉਸਾਰੀ ਕਰਵਾਉਣ ਦੇ ਨਾਲ-ਨਾਲ ਅਨੇਕਾਂ ਜਨਸੇਵੀ ਕੰਮਾਂ ਨੂੰ ਵਧ ਚੜ੍ਹ ਕੇ ਕਰਵਾਇਆ। ਫਿਰ ਵੀ ਲੋਕਾਂ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਨਕਾਰਨ ਦਾ ਕਾਰਨ ਜਾਣਨ ਲਈ 'ਜਗਬਾਣੀ' ਨੇ ਸ਼ਹਿਰ ਦੇ ਕਈ ਲੋਕਾਂ ਨਾਲ ਗੱਲਬਾਤ ਕੀਤੀ।
ਲੋਕਾਂ ਨੇ ਵਿਧਾਇਕ ਪਿੰਕੀ ਜਾਂ ਕਾਂਗਰਸ ਪਾਰਟੀ ਦੇ ਪ੍ਰਤੀ ਕੋਈ ਰੋਸ ਨਹੀਂ ਜਤਾਇਆ, ਜਦਕਿ ਪਿਛਲੇ 10 ਸਾਲਾਂ ਦੌਰਾਨ ਘੁਬਾਇਆ ਵਲੋਂ ਆਪਣੇ ਸੰਸਦ ਕਾਲ ਦੌਰਾਨ ਫਿਰੋਜ਼ਪੁਰ ਦੀ ਅਣਦੇਖੀ ਕੀਤੇ ਜਾਣ ਦਾ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ 2009 'ਚ ਜਦ ਅਕਾਲੀ ਦਲ ਦੀ ਟਿਕਟ 'ਤੇ ਸ਼ੇਰ ਸਿੰਘ ਘੁਬਾਇਆ ਜਿੱਤੇ ਸਨ ਤਾਂ ਉਨ੍ਹਾਂ ਨੂੰ ਇਲਾਕੇ ਦੀ ਤਰੱਕੀ ਵੱਲ ਧਿਆਨ ਦੇਣਾ ਚਾਹੀਦਾ ਸੀ ਅਤੇ ਇਥੇ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਕੇਂਦਰ ਤੋਂ ਉਦਯੋਗ ਲੈ ਕੇ ਆਉਣੇ ਚਾਹੀਦੇ ਸਨ। ਉਸ ਸਮੇਂ ਕੇਂਦਰ 'ਚ ਐੱਨ. ਡੀ. ਏ. ਦੀ ਸਰਕਾਰ ਨਹੀਂ ਬਣੀ ਪਰ 2014 'ਚ ਇਕ ਵਾਰ ਫਿਰ ਫਿਰੋਜ਼ਪੁਰ ਦੇ ਲੋਕਾਂ ਨੇ ਘੁਬਾਇਆ ਨੂੰ ਸੰਸਦ ਭੇਜਿਆ ਅਤੇ ਕੇਂਦਰ 'ਚ ਐੱਨ.ਡੀ.ਏ. ਦੀ ਸਰਕਾਰ ਗਠਤ ਹੋਈ, ਇਸ ਦੇ ਬਾਵਜੂਦ ਘੁਬਾਇਆ ਇਲਾਕੇ ਲਈ ਕੋਈ ਵੱਡਾ ਪ੍ਰਾਜੈਕਟ ਲੈ ਕੇ ਆਉਣ 'ਚ ਫੇਲ ਸਾਬਤ ਹੋਏ। ਉਨ੍ਹਾਂ ਦੀ ਇਸ ਬੇਰੁਖੀ ਦਾ ਨਤੀਜਾ ਅੱਜ ਜਨਤਾ ਨੇ ਉਨ੍ਹਾਂ ਨੂੰ ਦੇ ਦਿੱਤਾ ਹੈ। ਲੋਕਾਂ ਨੇ ਸਪੱਸ਼ਟ ਕੀਤਾ ਕਿ ਜਨਤਾ ਦੇ ਕੋਲ ਵੋਟਿੰਗ ਤੋਂ ਵੱਡਾ ਕੋਈ ਹਥਿਆਰ ਨਹੀਂ, ਇਸ ਲਈ ਜੋ ਉਮੀਦਵਾਰ ਜਿੱਤਿਆ ਹੈ, ਜੇਕਰ ਉਹ ਵੀ ਇਲਾਕੇ ਦੀ ਅਣਦੇਖੀ ਕਰੇਗਾ ਤਾਂ ਲੋਕ ਅਗਲੀਆਂ ਚੋਣਾਂ 'ਚ ਉਸ ਨੂੰ ਚਲਦਾ ਕਰਨ 'ਚ ਪ੍ਰਹੇਜ਼ ਨਹੀਂ ਕਰਨਗੇ। ਰਾਜਨੀਤਕ ਆਗੂਆਂ ਨੂੰ ਸਿਰਫ ਵੋਟਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਲੋਕਾਂ 'ਚ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਨਾਲ-ਨਾਲ ਇਲਾਕੇ ਲਈ ਨਵੇਂ ਪ੍ਰਾਜੈਕਟ ਲੈ ਕੇ ਆਉਣੇ ਚਾਹੀਦੇ ਹਨ ਤਾਂ ਕਿ ਇਲਾਕੇ ਦਾ ਵਿਕਾਸ ਹੋਵੇ।